ਕਰੰਟ ਲੱਗਣ ਕਾਰਨ ਮੀਟਰ ਰੀਡਰ ਦੀ ਮੌਤ, 2 ਹੋਰ ਮੁਲਾਜ਼ਮ ਜ਼ੇਰੇ ਇਲਾਜ
Saturday, Jan 24, 2026 - 01:51 PM (IST)
ਮਹਿਲ ਕਲਾਂ (ਹਮੀਦੀ): ਕਰੰਟ ਲੱਗਣ ਕਾਰਨ ਇਕ ਬਿਜਲੀ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਦੋ ਹੋਰ ਕਰਮਚਾਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਹ ਹਾਦਸਾ ਲੰਘੀ ਰਾਤ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਠੁੱਲੀਵਾਲ ਵਿਖੇ ਉਸ ਵੇਲੇ ਵਾਪਰਿਆ, ਜਦੋਂ ਪਿੰਡ ਹਮੀਦੀ ਅਤੇ ਗੁਰਮ ਦੇ ਫੀਡਰ ਨੂੰ ਚਲਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਫੀਡਰ ਚਾਲੂ ਕਰਨ ਦੌਰਾਨ ਅਚਾਨਕ ਕਰੰਟ ਆ ਜਾਣ ਕਾਰਨ ਬਿਜਲੀ ਵਿਭਾਗ ਦੇ ਤਿੰਨ ਕਰਮਚਾਰੀ ਕਰੰਟ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਮੀਟਰ ਰੀਡਰ ਮਲਕੀਤ ਸਿੰਘ ਛੀਨੀਵਾਲ (56 ਸਾਲ) ਵਾਸੀ ਪਿੰਡ ਛੀਨੀਵਾਲ ਕਲਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਚਮਕੋਰ ਸਿੰਘ (ਸੀਐਚਵੀ, ਪਿੰਡ ਕੁਰੜ) ਅਤੇ ਬੇਅੰਤ ਸਿੰਘ (ਡਰਾਈਵਰ), ਵਾਸੀ ਮਾਂਗੇਵਾਲ ਵੀ ਗੰਭੀਰ ਤੌਰ ’ਤੇ ਝੁਲਸ ਗਏ। ਦੋਹਾਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਪਹਿਲਾਂ ਨੇੜਲੇ ਸਿਹਤ ਕੇਂਦਰ ਅਤੇ ਬਾਅਦ ਵਿੱਚ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਹਨਾਂ ਦੀ ਹਾਲਤ ਨਾਜੁਕ ਪਰ ਸਥਿਰ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਅਤੇ ਇਲਾਕੇ ਦੇ ਲੋਕ ਮੌਕੇ ’ਤੇ ਪੁੱਜ ਗਏ। ਮੀਟਰ ਰੀਡਰ ਮਲਕੀਤ ਸਿੰਘ ਛੀਨੀਵਾਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਾਵਰਕਾਮ ਸਬ ਡਿਵੀਜ਼ਨ ਠੁੱਲੀਵਾਲ ਵਿਖੇ ਮੀਟਰ ਰੀਡਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਸੀ। ਮਲਕੀਤ ਸਿੰਘ ਛੀਨੀਵਾਲ ਦੀ ਕਰੰਟ ਲੱਗਣ ਨਾਲ ਅਚਾਨਕ ਮੌਤ ਹੋ ਜਾਣ ਨਾਲ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ।
ਮਲਕੀਤ ਸਿੰਘ ਛੀਨੀਵਾਲ ਆਪਣੇ ਪਿੱਛੇ ਪਤਨੀ ਅਤੇ ਦੋ ਬੇਟਿਆਂ ਨੂੰ ਰੋਂਦਿਆਂ ਛੱਡ ਗਏ ਹਨ। ਉਨ੍ਹਾਂ ਦੇ ਦੋਵੇਂ ਬੇਟੇ ਵਿਦੇਸ਼ਾਂ ਵਿਚ ਵਸਦੇ ਹਨ—ਇਕ ਕੈਨੇਡਾ ਅਤੇ ਦੂਜਾ ਨਿਊਜ਼ੀਲੈਂਡ ਵਿਚ। ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਰਕਲ ਬਰਨਾਲਾ ਵੱਲੋਂ ਪ੍ਰਧਾਨ ਸਤਿੰਦਰ ਪਾਲ ਸਿੰਘ ਜੱਸੜ, ਸਕੱਤਰ ਕੁਲਵੀਰ ਸਿੰਘ ਔਲਖ, ਪਾਵਰਕੌਮ ਸਬ ਡਵੀਜ਼ਨ ਠੁੱਲੀਵਾਲ ਦੇ ਐਸਡੀਓ ਇੰਜੀਨੀਅਰ ਰਵੀ ਪ੍ਰਕਾਸ ਬਰਨਾਲਾ, ਜੇ.ਈ. ਬਲਰਾਜ ਸਿੰਘ ਅਤੇ ਹਰਦੇਵ ਸਿੰਘ, ਸੇਵਾ ਮੁਕਤ ਜਈ ਜਰਨੈਲ ਸਿੰਘ ਠੁੱਲੀਵਾਲ, ਭੋਲਾ ਸਿੰਘ ਗੁੰਮਟੀ, ਦਰਸ਼ਨ ਸਿੰਘ ਦਸੁੰਦਾ ਸਿੰਘ ਵਾਲਾ, ਰੁਲਦੂ ਸਿੰਘ ਗੁੰਮਟੀ ਅਤੇ ਰਾਣੀ ਕੌਰ ਮਹਿਲ ਕਲਾਂ ਵੱਲੋਂ ਮਰਹੂਮ ਸਾਥੀ ਮਲਕੀਤ ਸਿੰਘ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਾਵਰਕੌਮ ਲਈ ਉਨ੍ਹਾਂ ਦੀਆਂ ਸੇਵਾਵਾਂ ਅਤੇ ਜਥੇਬੰਦੀ ਵਿਚ ਨਿਭਾਇਆ ਗਿਆ ਚੇਤੰਨ ਆਗੂ ਰੋਲ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ ਠੁੱਲੀਵਾਲ, ਸਰਪੰਚ ਓਮਨਦੀਪ ਸਿੰਘ ਸੋਹੀ ਹਮੀਦੀ, ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਐੱਨ.ਆਰ.ਆਈ. ਕਬੱਡੀ ਕਲੱਬ ਹਮੀਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਣੂ, ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ, ਬਲਵੀਰ ਸਿੰਘ ਧਾਲੀਵਾਲ ਠੁੱਲੀਵਾਲ, ਕਿਸਾਨ ਆਗੂ ਨਾਜਰ ਸਿੰਘ ਧਾਲੀਵਾਲ, ਮੇਵਾ ਸਿੰਘ ਭੱਟੀ ਠੁੱਲੀਵਾਲ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੋਲਾ, ਨੰਬਰਦਾਰ ਸੁਖਵਿੰਦਰ ਸਿੰਘ ਠੁੱਲੀਵਾਲ ਅਤੇ ਹਰਜਿੰਦਰ ਸਿੰਘ ਸੋਹੀ ਨੇ ਮੀਟਰ ਰੀਡਰ ਮਲਕੀਤ ਸਿੰਘ ਛੀਨੀਵਾਲ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
