ਸੰਵਿਧਾਨ ਨੇ ਦੇਸ਼ ਨੂੰ ਇਕ ਸੂਤਰ ’ਚ ਪਰੋਇਆ : ਸੋਨੀ
Thursday, Jan 28, 2021 - 12:26 AM (IST)
ਕਪੂਰਥਲਾ, (ਮਹਾਜਨ)- ਪੰਜਾਬ ਦੇ ਲੋਕ ਧਰਮਾਂ, ਜਾਤਾਂ ਤੋਂ ਉਪਰ ਉੱਠ ਕੇ ਆਪਸੀ ਨਫਰਤ ਨੂੰ ਭੁੱਲ ਕੇ ਦੇਸ਼ ਦੀ ਏਕਤਾ, ਅਖੰਡਤਾ, ਭਾਈਚਾਰਕ ਸਾਂਝ ਅਤੇ ਸੰਵਿਧਾਨ ਦੀ ਰਾਖੀ ਲਈ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ। ਇਹ ਪ੍ਰਗਟਾਵਾ ਗਣਤੰਤਰ ਦਿਵਸ ਸਬੰਧੀ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ, ਧਰਮਾਂ, ਨਸਲਾਂ ਹੋਣ ਦੇ ਬਾਵਜੂਦ ਸੰਵਿਧਾਨ ਨੇ ਸਾਰੇ ਦੇਸ਼ ਨੂੰ ਇਕ ਸੂਤਰ ’ਚ ਪਰੋਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਵੀ ਪੰਜਾਬ ਸਰਕਾਰ ਵੱਲੋਂ ਸਮਾਰਟ ਵਿਲੇਜ਼ ਯੋਜਨਾ ਦੇ ਪਹਿਲੇ ਪਡ਼ਾਅ ਤਹਿਤ 38.6 ਕਰੋਡ਼ ਰੁਪਏ ਦੀ ਲਾਗਤ ਨਾਲ 1018 ਪ੍ਰਾਜੈਕਟ ਮੁਕੰਮਲ ਕੀਤੇ ਗਏ ਹਨ। ਇਸੇ ਯੋਜਨਾ ਦੇ ਦੂਜੇ ਪਡ਼ਾਅ ਤਹਿਤ 93.50 ਕਰੋਡ਼ ਦੀ ਲਾਗਤ ਨਾਲ 2297 ਪ੍ਰਾਜੈਕਟਾਂ ’ਤੇ ਕੰਮ ਚਲ ਰਿਹਾ ਹੈ। ਸਿੱਖਿਆ ਦੇ ਖੇਤਰ ਵਿਚ ਜ਼ਿਲੇ ਦੇ ਕੁੱਲ 782 ਸਰਕਾਰੀ ਸਕੂਲਾਂ ’ਚੋਂ 727 ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਹਨ, ਜਿਸ ਨਾਲ ਕਾਫੀ ਹੱਦ ਤਕ ਮਹਾਮਾਰੀ ’ਤੇ ਕਾਬੂ ਪਾਉਣ ’ਚ ਸਫਲਤਾ ਮਿਲੀ ਹੈ।