ਕਾਲੀ ਵੇਈਂ ''ਤੇ ਬਣੇ ਪੁਲਾਂ ਦੀ ਹਾਲਤ ਖਸਤਾ

11/18/2017 4:49:38 AM

ਟਾਂਡਾ ਉੜਮੁੜ, (ਪੰਡਿਤ)- ਇਲਾਕੇ 'ਚ ਕਾਲੀ ਵੇਈਂ 'ਤੇ ਬਣੇ ਖਸਤਾ ਹਾਲਤ ਪੁਲ ਅਤੇ ਉਨ੍ਹਾਂ ਦੀਆਂ ਟੁੱਟੀਆਂ ਹੋਈਆਂ ਰੇਲਿੰਗਸ ਪਿਛਲੇ ਲੰਮੇ ਸਮੇਂ ਤੋਂ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ। ਇਸ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਇਨ੍ਹਾਂ ਦੀ ਹਾਲਤ ਸੁਧਾਰਨ ਲਈ ਕੋਈ ਸੰਜੀਦਾ ਕਦਮ ਨਹੀਂ ਉਠਾਇਆ, ਜਿਸ ਕਰ ਕੇ ਲੋਕਾਂ ਵਿਚ ਰੋਹ ਹੈ। ਇਲਾਕੇ ਦੇ ਪਿੰਡ ਭੂਸ਼ਾ ਦੇ ਪੁਲ ਦੀ ਖਸਤਾ ਹਾਲਤ ਅਤੇ ਕਮਜ਼ੋਰ ਰੇਲਿੰਗ ਤੋੜ ਕੇ ਬੀਤੇ ਦਿਨੀਂ ਇਕ ਵਾਹਨ ਕਾਲੀ ਵੇਈਂ ਵਿਚ ਡਿੱਗ ਚੁੱਕਾ ਹੈ। ਇਸ ਦੇ ਬਾਵਜੂਦ ਪੁਲ ਦੀ ਮੁਰੰਮਤ ਨਹੀਂ ਕੀਤੀ ਗਈ, ਜਦਕਿ ਮਹਿਕਮਾ ਫੰਡਾਂ ਦੀ ਕਮੀ ਦੀ ਦੁਹਾਈ ਦੇ ਰਿਹਾ ਹੈ।
ਕਿੱਥੇ-ਕਿੱਥੇ ਹਨ ਇਹ ਖਸਤਾ ਹਾਲਤ ਪੁਲ : ਇਲਾਕੇ 'ਚ ਫਿਰੋਜ਼ ਰੌਲੀਆਂ, ਮੀਰਾਂਪੁਰ, ਪ੍ਰੇਮਪੁਰ, ਕੋਟਲਾ ਤੇ ਭੂਸ਼ਾ ਪਿੰਡਾਂ ਵਿਚ ਕਾਲੀ ਵੇਈਂ 'ਤੇ ਬਣੇ ਇਨ੍ਹਾਂ ਪੁਲਾਂ ਤੇ ਰੇਲਿੰਗਸ ਦੀ ਹਾਲਤ ਬੇਹੱਦ ਖਸਤਾ ਹੈ। ਲਗਭਗ ਤਿੰਨ ਦਹਾਕੇ ਪਹਿਲਾਂ ਬਣੇ ਇਨ੍ਹਾਂ ਪੁਲਾਂ ਦੀ ਬਨਾਵਟ ਅਜਿਹੀ ਹੈ ਕਿ ਕਾਲੀ ਵੇਈਂ 'ਚ ਪਾਣੀ ਵਧਣ 'ਤੇ ਪਾਣੀ ਇਨ੍ਹਾਂ ਉੱਤੋਂ ਲੰਘ ਸਕਦਾ ਹੈ। ਇਸੇ ਲਈ ਪੁਲਾਂ ਉੱਤੇ ਸੁਰੱਖਿਆ ਲਈ ਛੋਟੇ ਪਿੱਲਰਾਂ ਦੀ ਰੇਲਿੰਗ ਬਣਾਈ ਗਈ ਹੈ ਅਤੇ ਹੁਣ ਆਲਮ ਇਹ ਹੈ ਕਿ ਉਕਤ ਲਗਭਗ ਸਭ ਪੁਲਾਂ ਦੀ ਰੇਲਿੰਗ ਜਗ੍ਹਾ-ਜਗ੍ਹਾ ਤੋਂ ਟੁੱਟ ਚੁੱਕੀ ਹੈ ਅਤੇ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੀ ਹੈ। ਮਿਆਣੀ-ਦਸੂਹਾ ਮਾਰਗ 'ਤੇ ਪਿੰਡ ਭੂਸ਼ਾ ਦਾ ਪੁਲ, ਸ਼ਾਹਬਾਜ਼ਪੁਰ-ਨੱਥੂਪੁਰ ਸੰਪਰਕ ਸੜਕ ਅਤੇ ਫਿਰੋਜ਼ ਰੌਲੀਆਂ ਪੁਲ ਦੇ ਨਾਲ-ਨਾਲ ਸਭ ਪੁਲਾਂ 'ਤੇ ਕਾਫੀ ਟ੍ਰੈਫਿਕ ਹੋਣ 'ਤੇ ਇਹ ਖਸਤਾ ਹਾਲਤ ਰੇਲਿੰਗ ਵਾਲੇ ਪੁਲ ਖਾਸਕਰ ਰਾਤ ਸਮੇਂ ਅਤੇ ਧੁੰਦਾਂ ਦੇ ਦਿਨਾਂ 'ਚ ਜ਼ਿਆਦਾ ਖਤਰਨਾਕ ਹੋ ਜਾਂਦੇ ਹਨ। ਇਨ੍ਹਾਂ ਪੁਲਾਂ ਉੱਤੋਂ ਰੋਜ਼ਾਨਾ ਯਾਤਰੀ ਬੱਸਾਂ ਅਤੇ ਸਕੂਲ ਬੱਸਾਂ ਲੰਘਦੀਆਂ ਹਨ। ਇਸ ਲਈ ਇਨ੍ਹਾਂ ਖਸਤਾ ਹਾਲਤ ਪੁਲਾਂ ਦੀ ਫੌਰੀ ਮੁਰੰਮਤ ਕਰਨ ਦੀ ਲੋੜ ਹੈ।
ਇਸ ਸਬੰਧੀ ਲੋਕ ਇਨਕਲਾਬ ਮੰਚ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ, ਹਰਦੀਪ ਖੁੱਡਾ, ਅਮਰਜੀਤ ਸਿੰਘ ਸੰਧੂ ਅਤੇ ਸਮਾਜ-ਸੇਵਕ ਰਾਮ ਮੂਰਤੀ ਵੈਦ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਪੁਰਾਣੇ ਪੁਲਾਂ ਦੀ ਬਜਾਏ ਨਵੇਂ ਪੁਲਾਂ ਦੇ ਨਿਰਮਾਣ ਦੀ ਕੋਈ ਯੋਜਨਾ ਵੀ ਉਲੀਕੀ ਜਾਵੇ, ਫਿਲਹਾਲ ਇਨ੍ਹਾਂ ਪੁਲਾਂ ਦੀ ਫੌਰੀ ਮੁਰੰਮਤ ਕਰਵਾ ਕੇ ਰੇਲਿੰਗਸ ਠੀਕ ਕਰਵਾਈਆਂ ਜਾਣ। 
ਕੀ ਕਹਿਣਾ ਹੈ ਐੱਸ. ਡੀ. ਈ. ਦਾ : ਇਸ ਬਾਰੇ ਲੋਕ ਨਿਰਮਾਣ ਮਹਿਕਮੇ ਦੇ ਐੱਸ. ਡੀ. ਈ. ਦਵਿੰਦਰ ਸਿੰਘ ਨੇ ਦੱਸਿਆ ਕਿ ਮਹਿਕਮੇ ਕੋਲ ਫੰਡ ਦੀ ਕਮੀ ਹੈ। ਉਕਤ ਪੁਲਾਂ ਦੀ ਰੇਲਿੰਗ ਸਬੰਧੀ ਮਹਿਕਮੇ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਫੰਡ ਆਉਣ 'ਤੇ ਪਹਿਲ ਦੇ ਆਧਾਰ 'ਤੇ ਇਹ ਕੰਮ ਕਰਵਾਇਆ ਜਾਵੇਗਾ।


Related News