ਗਾਇਕ ਰਣਜੀਤ ਬਾਵਾ ਬਣੇ ਹੱਡੀਆਂ ਦੀ ਪੰਡ, ਹੈਰਾਨ ਹੋਏ ਲੋਕਾਂ ਨੇ ਕਿਹਾ- ਗਾਣਾ ਤੇ ਖਾਣਾ ਦੋਵੇਂ ਬਹੁਤ ਜ਼ਰੂਰੀ ਨੇ
Tuesday, Apr 23, 2024 - 01:36 PM (IST)
ਐਂਟਰਟੇਨਮੈਂਟ ਡੈਸਕ (ਬਿਊਰੋ) - ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖ਼ੂਬ ਪਸੰਦ ਵੀ ਕੀਤਾ ਜਾਂਦਾ ਹੈ ਅਤੇ ਕਈ ਵਾਰ ਇਨ੍ਹਾਂ ਤਸਵੀਰਾਂ ਕਾਰਨ ਉਨ੍ਹਾਂ ਨੂੰ ਟਰੋਲਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹਾਲ ਹੀ 'ਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ-ਪਰੇਸ਼ਾਨ ਹੋ ਗਏ।
ਹੱਡੀਆਂ ਦੀ ਪੰਡ ਬਣੇ ਰਣਜੀਤ ਬਾਵਾ
ਦਰਅਸਲ, ਰਣਜੀਤ ਬਾਵਾ ਇਨ੍ਹਾਂ ਤਸਵੀਰਾਂ 'ਚ ਬਹੁਤ ਪਤਲੇ ਅਤੇ ਕਮਜ਼ੋਰ ਨਜ਼ਰ ਆ ਰਹੇ ਹਨ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਯੂਜ਼ਰਸ ਕੁਮੈਂਟ ਕਰਕੇ ਆਖ ਰਹੇ ਹਨ। ਉਥੇ ਹੀ ਰਣਜੀਤ ਬਾਵਾ ਦੀ ਅਜਿਹੀ ਹਾਲਤ ਵੇਖ ਹਰ ਕੋਈ ਹੈਰਾਨ ਹੈ। ਇੱਕ ਯੂਜ਼ਰ ਨੇ ਰਣਜੀਤ ਬਾਵਾ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦਿਆਂ ਲਿਖਿਆ, ''ਗਾਣਾ ਵੀ ਤੇ ਖਾਣਾ ਵੀ ਦੋਵੇਂ ਬਹੁਤ ਜ਼ਰੂਰੀ ਹੈ।'' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ''ਵੀਰੇ ਦਿਨੋਂ ਦਿਨ ਮਾਸ਼ੂਕ ਦਾ ਗਮ ਖਾਈ ਜਾ ਰਿਹਾ ਤੁਹਾਨੂੰ ਤਾਂ।'' ਇੱਕ ਹੋਰ ਯੂਜ਼ਰਸ ਨੇ ਕੁਮੈਟ 'ਚ ਲਿਖਿਆ, ''ਵੀਰੇ ਬਾਕੀ ਓਕੇ ਰਿਪੋਟਾਂ ਨੇ, ਬੱਸ ਥੋੜ੍ਹਾ ਖਾ ਪੀ ਲਿਆ ਕਰੋ।''
ਕੀ ਕਿਸੇ ਪ੍ਰੋਜੈਕਟ ਲਈ ਬਾਵਾ ਨੇ ਘਟਾਇਆ ਭਾਰ?
ਦੱਸ ਦੇਈਏ ਕਿ ਰਣਜੀਤ ਬਾਵਾ ਦੀ ਹਾਲਤ ਵੇਖ ਕੇ ਹਰ ਕੋਈ ਹੈਰਾਨ ਹੈ। ਹਾਲਾਂਕਿ ਇਹ ਵੀ ਆਖਿਆ ਜਾ ਸਕਦਾ ਹੈ ਕਿ ਰਣਜੀਤ ਬਾਵਾ ਆਪਣੇ ਕਿਸੇ ਆਉਣ ਵਾਲੇ ਪ੍ਰੋਜੈਕਟ ਲਈ ਆਪਣਾ ਭਾਰ ਘਟਾਇਆ ਹੋਵੇ। ਫ਼ਿਲਹਾਲ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਰਣਜੀਤ ਬਾਵਾ ਆਪ ਦੱਸ ਸਕਦੇ ਨੇ। ਹਾਲ ਹੀ 'ਚ ਰਣਜੀਤ ਬਾਵਾ ਗੀਤ #SMUG ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ।
15 ਸਾਲ ਦਾ ਲੰਬਾ ਸੰਘਰਸ਼
ਦੱਸ ਦਈਏ ਕਿ 15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ। ਉਨ੍ਹਾਂ ਦੇ ਸੰਘਰਸ਼ ਦਾ ਸਫ਼ਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਮਾਸਟਰ ਮੰਗਲ ਸਿੰਘ ਨੇ ਦਿੱਤਾ ਸੀ। ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਣਾਉਣ 'ਚ ਉਨ੍ਹਾਂ ਦਾ ਵੱਡਾ ਕਿਰਦਾਰ ਰਿਹਾ ਹੈ।
ਰਣਜੀਤ ਬਾਜਵਾ ਤੋਂ ਇੰਝ ਬਣੇ ਰਣਜੀਤ ਬਾਵਾ
ਮਾਸਟਰ ਮੰਗਲ ਸਿੰਘ ਰਣਜੀਤ ਬਾਵਾ ਦੇ ਪ੍ਰਿੰਸੀਪਲ ਰਹੇ ਹਨ। ਪੜਾਈ ਦੌਰਾਨ ਹੀ ਰਣਜੀਤ ਬਾਵਾ ਨੂੰ ਗਾਉਣ ਦਾ ਸੌਂਕ ਸੀ ਅਤੇ ਰਣਜੀਤ ਬਾਵਾ ਵਿਚਲੇ ਕਲਾਕਾਰ ਨੂੰ ਪਛਾਣਨ ਵਾਲੇ ਮਾਸਟਰ ਮੰਗਲ ਸਿੰਘ ਹੀ ਸਨ। ਇਸ ਦਾ ਖੁਲਾਸਾ ਰਣਜੀਤ ਬਾਵਾ ਨੇ ਇਕ ਇੰਟਰਵਿਊ ਦੌਰਾਨ ਕੀਤਾ। ਰਣਜੀਤ ਬਾਵਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ 'ਮਾਸਟਰ ਮੰਗਲ ਸਿੰਘ ਮੈਨੂੰ ਸਕੂਲ 'ਚ ਬਿਠਾ ਕੇ 4-4 ਘੰਟੇ ਰਿਆਜ਼ ਕਰਵਾਉਂਦੇ ਸਨ ਅਤੇ ਉਨ੍ਹਾਂ ਵਿਚਲੀਆਂ ਕਮੀਆਂ ਨੂੰ ਦੱਸਦੇ ਸਨ।' ਹਾਲਾਂਕਿ ਮਾਸਟਰ ਮੰਗਲ ਸਿੰਘ ਦਾ ਗਾਇਕੀ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ ਸੀ। ਗਾਇਕੀ 'ਚ ਜਦੋਂ ਥੋੜੀ ਨਿਪੁੰਨਤਾ ਬਾਵਾ ਨੇ ਹਾਸਲ ਕਰ ਲਈ ਸੀ ਪਰ ਬਾਵਾ ਦੇ ਇਸ ਹੁਨਰ ਦੀ ਕਦੇ ਵੀ ਉਨ੍ਹਾਂ ਦੇ ਉਸਤਾਦ ਨੇ ਤਾਰੀਫ ਨਹੀਂ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਉਹ ਆਪਣੀ ਤਾਰੀਫ ਸੁਣ ਕੇ ਮਿਹਨਤ ਕਰਨਾ ਛੱਡ ਦੇਣਗੇ।
ਰਣਜੀਤ ਬਾਵਾ ਹਮੇਸ਼ਾ ਹੈ ਇਸ ਗੱਲ ਦਾ ਅਫਸੋਸ
ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ 'ਚ ਨਹੀਂ ਹਨ। ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ।