PGI ''ਚ ਔਰਤ ਨੂੰ ਟੀਕਾ ਲਾਉਣ ਦਾ ਮਾਮਲਾ : ਭੈਣ ਨੂੰ ਇਨਫੈਕਸ਼ਨ ਨਾਲ ਮਰਵਾਉਣਾ ਚਾਹੁੰਦਾ ਸੀ ਭਰਾ
Friday, Nov 24, 2023 - 04:11 PM (IST)
ਚੰਡੀਗੜ੍ਹ (ਸੁਸ਼ੀਲ) : ਪੀ. ਜੀ. ਆਈ. 'ਚ ਦਾਖ਼ਲ ਹਰਮੀਤ ਕੌਰ ਨੂੰ ਜ਼ਹਿਰੀਲਾ ਟੀਕਾ ਲਾਉਣ ਦੇ ਮਾਮਲੇ 'ਚ ਪੁਲਸ ਨੇ ਰਿਮਾਂਡ ’ਤੇ ਚੱਲ ਰਹੇ ਮੁਲਜ਼ਮ ਮਨਦੀਪ ਸਿੰਘ ਅਤੇ ਬੂਟਾ ਸਿੰਘ ਦੀ ਨਿਸ਼ਾਨਦੇਹੀ ’ਤੇ ਪਟਿਆਲਾ ਤੋਂ ਦੂਜਾ ਜ਼ਹਿਰੀਲਾ ਟੀਕਾ ਬਰਾਮਦ ਕੀਤਾ ਹੈ। ਪੁਲਸ ਨੇ ਕੈਮਿਸਟ ਦੀ ਦੁਕਾਨ ਮਾਲਕ ਦੇ ਬਿਆਨ ਵੀ ਦਰਜ ਕੀਤੇ ਹਨ, ਜਿੱਥੋਂ ਮੁਲਜ਼ਮਾਂ ਨੇ ਨੀਂਦ ਦੀਆਂ ਗੋਲੀਆਂ, ਹਿੱਟ ਸਪ੍ਰੇਅ ਅਤੇ ਸੈਨੀਟਾਈਜ਼ਰ ਲਿਆ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪਟਿਆਲਾ ਤੋਂ ਪੀ. ਜੀ. ਆਈ. ਆਉਣ ਲਈ ਵਰਤੀ ਗਈ ਆਰਟਿਕਾ ਗੱਡੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ : ਦੋਹਰੀ ਮੁਸੀਬਤ 'ਚ ਫਸੇ ਪੰਜਾਬੀਆਂ ਨੂੰ ਅੱਜ ਮਿਲ ਸਕਦੀ ਹੈ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ
ਸੂਤਰਾਂ ਦੀ ਮੰਨੀਏ ਤਾਂ ਮਨਦੀਪ ’ਤੇ ਕਾਫੀ ਕਰਜ਼ਾ ਹੈ, ਜਿਸ ਨੂੰ ਉਤਾਰਨ ਲਈ ਹੀ ਉਸ ਨੇ ਹਰਮੀਤ ਕੌਰ ਦਾ ਕਤਲ ਕਰਨ ਦੀ ਸੁਪਾਰੀ ਲਈ ਸੀ। ਉੱਥੇ ਹੀ ਹਰਮੀਤ ਨੂੰ ਟੀਕਾ ਲਾਉਣ ਵਾਲੀ ਜਸਪ੍ਰੀਤ ਕੌਰ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲਸ ਰਿਮਾਂਡ ’ਤੇ ਚੱਲ ਰਹੇ ਤਿੰਨਾਂ ਮੁਲਜ਼ਮਾਂ ਹਰਮੀਤ ਦੇ ਭਰਾ ਜਸਮੀਤ ਸਿੰਘ, ਜੀਜਾ ਬੂਟਾ ਸਿੰਘ ਅਤੇ ਮਨਦੀਪ ਸਿੰਘ ਦਾ ਪੁਲਸ ਰਿਮਾਂਡ 24 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਪੁਲਸ ਸ਼ੁੱਕਰਵਾਰ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਟਰੱਕ ਨੂੰ ਪੈਂਚਰ ਲਾਉਦੇਂ ਸਮੇਂ 21 ਸਾਲਾ ਮੁੰਡੇ ਦੀ ਮੌਤ, ਟੈਂਕੀ ਫਟਣ ਕਾਰਨ ਵਾਪਰਿਆ ਹਾਦਸਾ
ਵਿਆਹ ਤੋਂ ਬਾਅਦ ਤੋਂ ਹੀ ਕਤਲ ਕਰਨਾ ਚਾਹੁੰਦਾ ਸੀ ਭਰਾ
ਹਰਮੀਤ ਕੌਰ ਦੇ ਇੰਟਰਕਾਸਟ ਵਿਆਹ ਤੋਂ ਨਾਰਾਜ਼ ਭਰਾ ਜਸਮੀਤ ਵਿਆਹ ਤੋਂ ਬਾਅਦ ਹੀ ਉਸ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਵਿਆਹ ਤੋਂ ਬਾਅਦ ਹਰਮੀਤ ਅਤੇ ਗੁਰਵਿੰਦਰ ਪਿੰਡ ਛੱਡ ਕੇ ਲੁਕ-ਛਿਪ ਕੇ ਰਹਿਣ ਲੱਗ ਪਏ ਸਨ। ਮਾਪੇ ਆਪਣੀ ਧੀ ਵਲੋਂ ਕੀਤੇ ਇੰਟਰਕਾਸਟ ਵਿਆਹ ਨੂੰ ਬੇਇੱਜ਼ਤੀ ਸਮਝਦੇ ਸਨ ਅਤੇ ਘਰੋਂ ਬਾਹਰ ਨਹੀਂ ਨਿਕਲਦੇ ਸਨ। ਜਸਮੀਤ ਨੇ ਵਿਆਹ ਤੋਂ ਬਾਅਦ ਪਿੰਡ 'ਚ ਹੀ ਗੁਰਵਿੰਦਰ ਦੀ ਚਾਰ ਵਾਰ ਕੁੱਟਮਾਰ ਕੀਤੀ ਸੀ। ਗੁਰਵਿੰਦਰ ਨੇ ਦੱਸਿਆ ਕਿ ਹਰ ਵਾਰ ਜਸਮੀਤ ਦੇ ਇਹੋ ਬੋਲ ਹੁੰਦੇ ਸਨ ਕਿ ਇਕ ਵਾਰ ਹਰਮੀਤ ਨੂੰ ਉਸ ਦੇ ਹਵਾਲੇ ਕਰ ਦੇ, ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਹੁਣ ਜਦੋਂ ਹਰਮੀਤ ਗਰਭਵਤੀ ਹੋ ਗਈ ਤਾਂ ਭਰਾ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਹਰਮੀਤ ਨੂੰ ਬਨੂੜ ਤੋਂ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਜਸਮੀਤ ਨੇ ਬੂਟਾ ਸਿੰਘ ਅਤੇ ਮਨਦੀਪ ਸਿੰਘ ਨਾਲ ਮਿਲ ਕੇ ਕੇਅਰਟੇਕਰ ਕੁੜੀ ਜਸਪ੍ਰੀਤ ਕੌਰ ਤੋਂ ਹਰਮੀਤ ਨੂੰ ਜ਼ਹਿਰੀਲਾ ਟੀਕਾ ਲਵਾ ਦਿੱਤਾ।
ਭੈਣ ਨੂੰ ਇਨਫੈਕਸ਼ਨ ਨਾਲ ਮਰਵਾਉਣਾ ਚਾਹੁੰਦਾ ਸੀ ਭਰਾ
ਹਰਮੀਤ ਦਾ ਭਰਾ ਜਸਮੀਤ ਇਨਫੈਕਸ਼ਨ ਨਾਲ ਉਸ ਦਾ ਕਤਲ ਕਰਵਾਉਣਾ ਚਾਹੁੰਦਾ ਸੀ। ਇਨਫੈਕਸ਼ਨ ਵਧਾਉਣ ਲਈ ਹੀ ਉਸ ਨੇ ਮਨਦੀਪ ਨਾਲ ਮਿਲ ਕੇ ਕਈ ਵਾਰ ਯੂ-ਟਿਊਬ ’ਤੇ ਜ਼ਹਿਰੀਲਾ ਟੀਕਾ ਬਣਾਇਆ ਸੀ। ਜੀਜਾ ਬੂਟਾ ਸਿੰਘ ਨੇ ਹਰਮੀਤ ਰਾਹੀਂ ਪਟਿਆਲਾ ’ਚ ਕੇਅਰਟੇਕਰ ਦਾ ਕੰਮ ਕਰਨ ਵਾਲੇ ਮਨਦੀਪ ਨਾਲ ਸੰਪਰਕ ਕੀਤਾ ਸੀ। ਬੂਟਾ ਸਿੰਘ ਨੇ ਮਨਦੀਪ ਨੂੰ ਕੰਮ ਹੋਣ ਤੋਂ ਬਾਅਦ ਸਾਢੇ 9 ਲੱਖ ਰੁਪਏ ਦੇਣੇ ਸਨ। ਉਸ ਨੇ ਮਨਦੀਪ ਨੂੰ 50 ਹਜ਼ਾਰ ਰੁਪਏ ਐਡਵਾਂਸ ਦਿੱਤੇ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8