ਆਵਾਰਾ ਕੁੱਤੇ ਨੂੰ ਬਚਾਉਂਦਿਆਂ ਕਾਰ ਨਹਿਰ ’ਚ ਡਿੱਗੀ, ਪਤਨੀ ਲਾਪਤਾ

Monday, Jul 30, 2018 - 01:14 AM (IST)

ਆਵਾਰਾ ਕੁੱਤੇ ਨੂੰ ਬਚਾਉਂਦਿਆਂ ਕਾਰ ਨਹਿਰ ’ਚ ਡਿੱਗੀ, ਪਤਨੀ ਲਾਪਤਾ

ਗਿੱਦਡ਼ਬਾਹਾ, (ਕੁਲਭੂਸ਼ਨ)- ਫਰੀਦਕੋਟ ਦੀ ਰਹਿਣ ਵਾਲੀ ਚਰਨਜੀਤ ਕੌਰ ਪਤਨੀ ਸਵ. ਸੁਰਜੀਤ ਸਿੰਘ ਨੇ ਗਿੱਦਡ਼ਬਾਹਾ ਕੋਰਟ ਵਿਖੇ ਬਤੌਰ ਅਰਦਲੀ ਕੰਮ ਕਰਦੇ ਸੰਦੀਪ ਸਿੰਘ ’ਤੇ ਉਸ ਦੀ ਪੁੱਤਰੀ ਪੂਨਮ ਰਾਣੀ ਪਤਨੀ ਸੰਦੀਪ ਸਿੰਘ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਦੇ ਗੰਭੀਰ ਦੋਸ਼ ਲਾਏ ਹਨ। 
ਜਾਣਕਾਰੀ ਦਿੰਦਿਆਂ ਪੂਨਮ ਰਾਣੀ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ 5 ਲਡ਼ਕੀਆਂ ਅਤੇ ਇਕ ਲਡ਼ਕਾ ਹੈ, ਜਦਕਿ ਉਸਦੀ ਸਭ ਤੋਂ ਛੋਟੀ ਲਡ਼ਕੀ ਪੂਨਮ ਰਾਣੀ ਦਾ ਪ੍ਰੇਮ ਵਿਆਹ ਉਕਤ ਸੰਦੀਪ ਸਿੰਘ ਪੁੱਤਰ ਸਵ. ਮਲਕੀਤ ਸਿੰਘ ਵਾਸੀ ਫਰੀਦਕੋਟ ਨਾਲ ਕਰੀਬ 3 ਸਾਲ ਪਹਿਲਾਂ ਹੋਇਆ ਸੀ। ਸੰਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਅਕਸਰ ਉਸ ਦੀ ਲੜਕੀ ਨੂੰ  ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਦੇ ਸਨ।  ਇਸ ਸਬੰਧੀ ਸਾਡੇ ਵੱਲੋਂ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਹੋਈਆਂ ਸਨ। 
ਉਸ ਨੇ ਦੱਸਿਆ ਕਿ ਬੀਤੇ ਸਾਲ ਪੂਨਮ ਨੇ ਇਕ ਲਡ਼ਕੀ ਅਰਸ਼ਦੀਪ ਕੌਰ ਨੂੰ ਜਨਮ ਦਿੱਤਾ, ਜਿਸ ਦਾ ਅੱਜ ਉਕਤ ਸੰਦੀਪ ਸਿੰਘ ਵੱਲੋਂ 29 ਜੁਲਾਈ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਸੀ ਅਤੇ ਉਹ ਵੀ ਜਨਮ ਦਿਨ ਸਮਾਗਮ ਵਿਚ ਸ਼ਿਰਕਤ ਕਰਨ ਲਈ ਗਿੱਦਡ਼ਬਾਹਾ ਆ ਰਹੀ ਸੀ ਤਾਂ ਉਨ੍ਹਾਂ ਨੂੰ ਗਿੱਦਡ਼ਬਾਹਾ ਆ ਕੇ ਪਤਾ ਲੱਗਾ ਕਿ ਸੰਦੀਪ ਸਿੰਘ ਬੀਤੀ ਰਾਤ ਆਪਣੀ ਇਕ ਸਾਲ ਦੀ ਲਡ਼ਕੀ ਨੂੰ ਗੁਆਂਢ ’ਚ ਛੱਡ ਕੇ ਅਤੇ ਪੂਨਮ ਨੂੰ ਆਪਣੇ ਨਾਲ ਲੈ ਕੇ ਇਹ ਕਹਿ ਕੇ ਚਲਾ ਗਿਆ ਕਿ ਉਹ ਕੁਝ ਸਮੇਂ ਬਾਅਦ ਵਾਪਸ ਆ ਜਾਂਦੇ ਹਨ ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੇ ਪੂਨਮ ਨੂੰ ਕਾਰ ਸਮੇਤ ਨਹਿਰ ਵਿਚ ਸੁੱਟ ਦਿੱਤਾ ਹੈ। ਚਰਨਜੀਤ ਕੌਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਆਪਣੀ ਪੁੱਤਰੀ ਪੂਨਮ ਰਾਣੀ ਲਈ ਇਨਸਾਫ ਦੀ ਮੰਗ 
ਕੀਤੀ ਹੈ। 
ਕੀ ਹੈ ਮਾਮਲਾ 
 ਗਿੱਦਡ਼ਬਾਹਾ ਕੋਰਟ ਵਿਖੇ ਬਤੌਰ ਅਰਦਲੀ ਕੰਮ ਕਰਦੇ ਸੰਦੀਪ ਸਿੰਘ ਦਾ ਪੂਨਮ ਰਾਣੀ ਨਾਲ ਕਰੀਬ 3 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਵਿਆਹ ਤੋਂ 10 ਦਿਨ ਬਾਅਦ ਹੀ ਸੰਦੀਪ ਆਪਣੀ ਪਤਨੀ ਨਾਲ ਗਿੱਦਡ਼ਬਾਹਾ ਵਿਖੇ ਰਹਿਣ ਲੱਗ ਪਿਆ ਸੀ। ਅੱਜ ਉਨ੍ਹਾਂ ਦੀ ਇਕ ਸਾਲ ਦੀ ਲਡ਼ਕੀ ਅਰਸ਼ਦੀਪ ਕੌਰ ਦਾ ਜਨਮ ਦਿਨ ਸੀ, ਜਿਸ ਸਬੰਧੀ ਘਰ ਵਿਚ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਜਾਣਾ ਸੀ। ਜਨਮ ਦਿਨ ਸਮਾਗਮ ਲਈ ਰਿਸ਼ਤੇਦਾਰ ਵੀ ਗਿੱਦਡ਼ਬਾਹਾ ਵੱਲ ਚੱਲ ਚੁੱਕੇ ਸਨ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਗੁਰੂਸਰ ਵਿਖੇ ਇਕ ਮਿੱਤਰ ਨੂੰ ਸਮਾਗਮ ਲਈ ਸੱਦਾ ਦੇਣ ਗਿਆ, ਇਹ ਜੋਡ਼ਾ ਕਾਰ ਸਮੇਤ ਨਹਿਰ ’ਚ ਜਾ ਡਿੱਗਾ। ਸੰਦੀਪ ਸਿੰਘ ਅਨੁਸਾਰ ਉਹ ਨਹਿਰ ’ਚੋਂ ਤੈਰ ਕੇ ਬਾਹਰ ਆਇਆ ਅਤੇ ਇਸ ਸਬੰਧੀ ਉਸ ਨੇ ਥਾਣਾ ਗਿੱਦਡ਼ਬਾਹਾ ਪੁਲਸ ਨੂੰ 
ਸੂਚਿਤ ਕੀਤਾ। 
ਉੱਧਰ, ਮਾਮਲੇ ਦੀ ਗੰਭੀਰਤਾ ਨੂੰ ਦੇਖਦਿਅਾਂ ਐੱਸ. ਪੀ. (ਡੀ.) ਬਲਜੀਤ ਸਿੰਘ ਸਿੱਧੂ ਅਤੇ ਐੱਸ. ਐੱਚ. ਓ. ਕੇਵਲ ਸਿੰਘ ਮੌਕੇ ’ਤੇ ਪੁੱਜੇ ਅਤੇ ਸੰਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ ਨਹਿਰ ’ਚੋਂ ਕਾਰ ਤੇ ਪੂਨਮ ਰਾਣੀ ਦੀ ਭਾਲ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਨਾ ਹੀ ਕਾਰ ਅਤੇ ਪੂਨਮ ਰਾਣੀ ਸਬੰਧੀ ਕੁਝ ਪਤਾ ਲੱਗਾ ਸੀ ਅਤੇ ਨਾ ਹੀ ਉਕਤ ਦੁਰਘਟਨਾ ਦੇ ਕਾਰਨ ਹੀ ਸਪੱਸ਼ਟ ਹੋ ਸਕੇ ਸਨ। 
ਸੰਦੀਪ ਦੀ ਮਾਤਾ ਨੇ ਦੱਸਿਆ ਦੋਸ਼ਾਂ ਨੂੰ ਬੇ-ਬੁਨਿਆਦ 
ਇਸ ਸਬੰਧੀ ਸੰਦੀਪ ਸਿੰਘ ਦੀ ਮਾਤਾ ਹਰਮੀਤ ਕੌਰ ਨੇ ਦੱਸਿਆ ਕਿ ਵਿਆਹ ਤੋਂ 10 ਦਿਨ ਬਾਅਦ ਹੀ ਸੰਦੀਪ ਅਤੇ ਪੂਨਮ ਫਰੀਦਕੋਟ ਤੋਂ ਗਿੱਦਡ਼ਬਾਹਾ ਵਿਖੇ ਰਹਿਣ ਆ ਗਏ ਅਤੇ ਜਿੱਥੋਂ ਤੱਕ ਪੂਨਮ ਦੀ ਮਾਤਾ ਵੱਲੋਂ ਸੰਦੀਪ ਸਿੰਘ ਅਤੇ ਸਾਡੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਕੁੱਟ-ਮਾਰ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ, ਇਹ ਸਰਾਸਰ ਬੇ-ਬੁਨਿਆਦ ਹਨ ਅਤੇ ਨਾ ਹੀ ਪੂਨਮ ਦੇ ਪੇਕਾ ਪਰਿਵਾਰ ਵੱਲੋਂ ਕੋਈ ਦਰਖਾਸਤ ਹੀ ਸਾਡੇ ਵਿਰੁੱਧ ਦਿੱਤੀ ਗਈ ਹੈ। 
ਕੀ ਕਹਿੰਦੇ ਨੇ ਐੱਸ. ਐੱਚ. ਓ. ਕੇਵਲ ਸਿੰਘ 
ਇਸ ਸੰਬੰਧੀ ਐੱਸ. ਐੱਚ. ਓ. ਕੇਵਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਆਪਣੀ ਲਡ਼ਕੀ ਦਾ ਜਨਮ ਦਿਨ ਮਨਾਉਣਾ ਸੀ। ਇਸ ਸਬੰਧੀ ਉਹ ਪਿੰਡ ਗੁਰੂਸਰ ਵਿਖੇ ਆਪਣੇ ਇਕ ਮਿੱਤਰ ਨੂੰ ਜਨਮ ਦਿਨ ਪਾਰਟੀ ਦਾ ਸੱਦਾ ਦੇਣ ਲਈ ਆਪਣੀ ਪਤਨੀ ਪੂਨਮ ਰਾਣੀ ਨਾਲ ਗਿਆ ਸੀ ਅਤੇ ਵਾਪਸੀ ’ਤੇ ਜੌਡ਼ੀਅਾਂ ਨਹਿਰਾਂ ਕੋਲ ਪੁੱਜਣ ’ਤੇ ਕਾਰ ਅੱਗੇ ਅਚਾਨਕ ਆਏ ਇਕ ਆਵਾਰਾ ਕੁੱਤੇ ਨੂੰ ਬਚਾਉਣ ਦੇ ਚੱਕਰ ’ਚ ਪੂਨਮ ਰਾਣੀ ਨੇ ਕਾਰ ਦਾ ਸਟੇਰਿੰਗ ਖੱਬੇ ਪਾਸੇ ਮੋਡ਼ ਦਿੱਤਾ, ਜਿਸ ਕਾਰਨ ਕਾਰ ਉਸ ਦੇ ਕੰਟਰੋਲ ’ਚੋਂ ਬਾਹਰ ਹੋ ਕੇ ਸਰਹਿੰਦ ਫੀਡਰ ਨਹਿਰ ਵਿਚ ਜਾ ਡਿੱਗੀ ਅਤੇ ਸੰਦੀਪ ਸਿੰਘ ਕਾਰ ਦੇ ਸ਼ੀਸ਼ੇ ਰਾਹੀਂ ਨਹਿਰ ’ਚੋਂ ਤੈਰਨਾ ਜਾਣਦਾ ਹੋਣ ਕਾਰਨ ਬਾਹਰ ਆ ਗਿਆ।  ਉਕਤ ਮਾਮਲੇ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 
 


Related News