ਬੇਜ਼ੁਬਾਨ ਪਾਲਤੂ ਕੁੱਤੇ ਨੂੰ ਕਾਰ ਚਾਲਕ ਨੇ ਰੌਂਦਿਆ, ਇਲਾਜ ਦੌਰਾਨ ਮੌਤ!
Thursday, Jan 29, 2026 - 04:34 PM (IST)
ਲੁਧਿਆਣਾ (ਅਨਿਲ)- ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਵਰਿੰਦਰ ਨਗਰ ਵਿਚ ਇਕ ਬੇਜ਼ੁਬਾਨ ਪਾਲਤੂ ਕੁੱਤੇ ਨੂੰ ਕਾਰ ਚਾਲਕ ਵੱਲੋਂ ਰੌਂਦ ਦਿੱਤਾ ਗਿਆ ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਦਿੰਦੇ ਪੀੜਤ ਹਰਬੰਸ ਲਾਲ ਨੇ ਦੱਸਿਆ ਕਿ 23 ਜਨਵਰੀ ਦੀ ਸ਼ਾਮ ਨੂੰ ਉਨ੍ਹਾਂ ਦੇ ਘਰ ਵਿਚ ਕੋਈ ਰਿਸ਼ਤੇਦਾਰ ਆਇਆ ਸੀ ਜੋ ਉਨ੍ਹਾਂ ਨੂੰ ਵਿਆਹ ਦਾ ਕਾਰਡ ਦੇਣ ਲਈ ਆਇਆ ਸੀ ਅਤੇ ਇਸ ਦੌਰਾਨ ਜਦੋਂ ਰਿਸ਼ਤੇਦਾਰ ਉਨ੍ਹਾਂ ਦੇ ਘਰ ਦੇ ਅੰਦਰ ਆਇਆ ਤਾਂ ਗੇਟ ਖੁੱਲਾ ਛੱਡ ਆਇਆ ਜਿਸ ਤੋਂ ਬਾਅਦ ਉਸ ਦਾ ਪਾਲਤੂ ਕੁੱਤਾ ਘਰੋਂ ਬਾਹਰ ਗਲੀ ਵਿਚ ਚਲਾ ਗਿਆ ਤੇ ਇਸੇ ਦੌਰਾਨ ਇਕ ਕਾਰ ਚਾਲਕ ਵੱਲੋਂ ਉਸ ਦੇ ਪਾਲਤੂ ਕੁੱਤੇ ਨੂੰ ਕਾਰ ਦੇ ਥੱਲੇ ਰੌਂਦ ਦਿੱਤਾ ਅਤੇ ਕਰੀਬ 40 ਫੁੱਟ ਤੱਕ ਕੁੱਤੇ ਨੂੰ ਘੜੀਸਦਾ ਲੈ ਗਿਆ।
ਕਾਰ ਚਾਲਕ ਵੱਲੋਂ ਪਾਲਤੂ ਕੁੱਤੇ ਨੂੂੰ ਰੌਂਦਣ ਦੀ ਸਾਰੀ ਵਾਰਦਾਤ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਹਰਬੰਸ ਲਾਲ ਨੇ ਦੱਸਿਆ ਕਿ ਜਿਸ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖਮੀ ਪਾਲਤੂ ਕੁੱਤੇ ਨੂੰ ਇਲਾਜ ਲਈ ਡਾਕਟਰ ਦੇ ਕੋਲ ਲੈ ਕੇ ਗਏ ਪਰ ਉਥੇ ਉਨ੍ਹਾਂ ਦੇ ਪਾਲਤੂ ਕੁੱਤੇ ਦੀ ਮੌਤ ਹੋ ਗਈ। ਉਨ੍ਹਾਂ ਨੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਉਕਤ ਕਾਰ ਚਾਲਕ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਹੈ ਜਿਸ ਨੇ ਜਾਣਬੁੱਝ ਕੇ ਰੰਜ਼ਿਸ਼ ਕਾਰਨ ਉਨ੍ਹਾਂ ਦੇ ਪਾਲਤੂ ਕੁੱਤੇ ਨੂੰ ਕਾਰ ਦੇ ਥੱਲੇ ਦਰੜਿਆ ਹੈ। ਜਦੋਂ ਉਕਤ ਮਾਮਲੇ ਸਬੰਧੀ ਜਾਂਚ ਅਧਿਕਾਰੀ ਥਾਣੇਦਾਰ ਹਰਮੇਸ਼ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਦੇ ਕੋਲ ਉਕਤ ਮਾਮਲੇ ਦੀ ਸ਼ਿਕਾਇਤ ਪੁੱਜੀ ਹੈ। ਹਾਲ ਦੀ ਘੜੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
