ਬਟਾਲਾ : ਜਲਾਲਵਾਲਾ ਨਹਿਰ ਕੋਲ ਪੁਲਸ ਐਨਕਾਊਂਟਰ, ਨਸ਼ਾ ਤਸਕਰ ਜ਼ਖ਼ਮੀ

Wednesday, Jan 21, 2026 - 09:40 PM (IST)

ਬਟਾਲਾ : ਜਲਾਲਵਾਲਾ ਨਹਿਰ ਕੋਲ ਪੁਲਸ ਐਨਕਾਊਂਟਰ, ਨਸ਼ਾ ਤਸਕਰ ਜ਼ਖ਼ਮੀ

ਬਟਾਲਾ (ਗੁਰਪ੍ਰੀਤ ਚਾਵਲਾ) : ਬੁੱਧਵਾਰ ਦੇਰ ਸ਼ਾਮ ਬਟਾਲਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਜਲਾਲਵਾਲਾ ਨਹਿਰ ਦੇ ਨੇੜੇ ਹੋਏ ਇੱਕ ਮੁਕਾਬਲੇ ਦੌਰਾਨ ਇੱਕ ਖ਼ਤਰਨਾਕ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ, ਪੁਲਸ ਪਾਰਟੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਸਕਰਨ ਸਿੰਘ ਉਰਫ਼ ਜੱਸ (ਵਾਸੀ ਗ੍ਰੰਥਗੜ੍ਹ) ਨੂੰ ਨਾਜਾਇਜ਼ ਹਥਿਆਰਾਂ ਅਤੇ ਬਰਾਮਦਗੀ ਲਈ ਜਲਾਲਵਾਲਾ ਕਸਬੇ ਨੇੜੇ ਨਹਿਰ ਦੇ ਕਿਨਾਰੇ ਲੈ ਕੇ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉੱਥੇ ਛੁਪਾ ਕੇ ਰੱਖੇ ਪਿਸਤੌਲ ਨਾਲ ਪੁਲਸ ਪਾਰਟੀ 'ਤੇ ਗੋਲੀ ਚਲਾ ਦਿੱਤੀ। ਪੁਲਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਇੱਕ ਗੋਲੀ ਮੁਲਜ਼ਮ ਜਸਕਰਨ ਦੇ ਪੈਰ ਵਿੱਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਅਤੇ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਮੌਕੇ 'ਤੇ ਪਹੁੰਚੇ।

ਪੁਰਾਣਾ ਅਪਰਾਧਿਕ ਪਿਛੋਕੜ
ਡੀਆਈਜੀ ਸੰਦੀਪ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਸਕਰਨ ਸਿੰਘ ਦਾ ਸਬੰਧ ਹੈਰੋਇਨ ਤਸਕਰੀ ਅਤੇ ਪਿਛਲੇ ਸਾਲ ਹੋਏ ਇੱਕ ਗੋਲੀਕਾਂਡ ਨਾਲ ਹੈ। ਜ਼ਿਕਰਯੋਗ ਹੈ ਕਿ 6 ਦਸੰਬਰ ਨੂੰ ਬਟਾਲਾ ਦੇ ਸਟਾਫ ਰੋਡ 'ਤੇ ਗੱਡੀ ਚਲਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਚੱਲੀ ਸੀ, ਜਿਸ ਵਿੱਚ ਦੋ ਨੌਜਵਾਨ ਜ਼ਖ਼ਮੀ ਹੋਏ ਸਨ। ਇਸ ਮਾਮਲੇ ਵਿੱਚ ਜਸਕਰਨ ਸਿੰਘ ਅਤੇ ਉਸ ਦੇ ਸਾਥੀ ਗੁਰਭੂਮੇਸ਼ ਸਿੰਘ ਉਰਫ਼ ਵਿਸ਼ਾਲ (ਵਾਸੀ ਘਸੀਟਪੁਰਾ) ਨੂੰ ਨਾਮਜ਼ਦ ਕੀਤਾ ਗਿਆ ਸੀ।

ਬਰਾਮਦਗੀ ਅਤੇ ਗ੍ਰਿਫ਼ਤਾਰੀ
ਪੁਲਸ ਅਨੁਸਾਰ, ਜਸਕਰਨ ਦਾ ਸਾਥੀ ਗੁਰਭੂਮੇਸ਼ ਸਿੰਘ ਪਹਿਲਾਂ ਹੀ 3 ਕਿੱਲੋ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ, ਜਦਕਿ ਜਸਕਰਨ ਫ਼ਰਾਰ ਸੀ। ਪੁਲਸ ਨੇ 19 ਜਨਵਰੀ ਨੂੰ ਜਸਕਰਨ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੀ ਨਿਸ਼ਾਨਦੇਹੀ 'ਤੇ 1 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਬੁੱਧਵਾਰ ਨੂੰ ਹੋਰ ਬਰਾਮਦਗੀ ਦੌਰਾਨ ਉਸ ਨੇ ਪੁਲਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਬਦਮਾਸ਼ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News