ਲਾਪਤਾ ਜਿਊਲਰੀ ਸ਼ਾਪ ਪਾਰਟਨਰ ਦੀ ਕਰਨਾਲ ਦੀ ਨਹਿਰ ’ਚੋਂ ਮਿਲੀ ਲਾਸ਼
Saturday, Jan 31, 2026 - 01:40 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-37 ਸਥਿਤ ਸ੍ਰੀ ਸ਼ਿਆਮ ਜੇ.ਈ.ਐੱਮ.ਐੱਸ. ਐਂਡ ਜਿਊਲਰੀ ਸ਼ਾਪ ਦੇ ਪਾਰਟਨਰ ਸ਼ਿਆਮ ਸੁੰਦਰ ਦੀ ਲਾਸ਼ ਕਰੀਬ 8-9 ਦਿਨ ਬਾਅਦ ਕਰਨਾਲ ਜ਼ਿਲ੍ਹੇ ਦੀ ਨਹਿਰ ’ਚੋਂ ਬਰਾਮਦ ਹੋਈ ਹੈ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ’ਚੋਂ ਕੱਢਿਆ ਗਿਆ। ਮੁੱਢਲੀ ਜਾਂਚ ’ਚ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ ਅਤੇ ਲਾਸ਼ ਕਰੀਬ 8 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਕਰਨਾਲ ਪੁਲਸ ਨੇ ਲਾਸ਼ ਮਿਲਣ ਦੀ ਸੂਚਨਾ ਚੰਡੀਗੜ੍ਹ ਸੈਕਟਰ-39 ਥਾਣਾ ਪੁਲਸ ਨੂੰ ਵੀ ਦੇ ਦਿੱਤੀ ਹੈ। ਕਰਨਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨ ਸਪੱਸ਼ਟ ਹੋ ਸਕਣਗੇ।
ਕਰਨਾਲ ਪੁਲਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਸ਼ਿਆਮ ਸ਼ੁੰਦਰ ਦਾ ਕਤਲ ਕਰਕੇ ਲਾਸ਼ ਨਹਿਰ ’ਚ ਸੁੱਟੀ ਗਈ। ਸ਼ਿਆਮ ਸੁੰਦਰ ਦਾ ਕਈ ਲੋਕਾਂ ਨਾਲ ਲੈਣ-ਦੇਣ ਸੀ ਤੇ ਕਰੀਬ ਦੋ ਹਫ਼ਤੇ ਤੋਂ ਲਾਪਤਾ ਸੀ। ਪਰਿਵਾਰ ਨੇ ਸੈਕਟਰ-39 ਥਾਣਾ ’ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਹੀ ਪੁਲਸ ਤੇ ਪਰਿਵਾਰ ਭਾਲ ’ਚ ਲੱਗ ਗਏ ਸਨ। ਸ਼ਿਆਮ ਸੁੰਦਰ ਦੇ ਅਚਾਨਕ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੀ ਜਿਊਲਰੀ ਸ਼ਾਪ ’ਤੇ ਲਗਾਤਾਰ ਲੋਕਾਂ ਦਾ ਆਉਣਾ-ਜਾਣਾ ਲੱਗਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਕਈ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਉਨ੍ਹਾਂ ਕੋਲ ਲੱਗੇ ਹੋਏ ਸਨ। ਉਨ੍ਹਾਂ ਦੇ ਪਾਰਟਨਰ ਵਲੋਂ ਨਿਵੇਸ਼ਕਾਂ ਨੂੰ ਭੁਗਤਾਨ ਦਾ ਭਰੋਸਾ ਦਿੱਤਾ ਜਾ ਰਿਹਾ ਸੀ ਤੇ ਬਲੈਂਕ ਚੈੱਕ ਸਣੇ ਆਪਸੀ ਸਹਿਮਤੀ ਨਾਲ ਮਾਮਲਿਆਂ ਨੂੰ ਸ਼ਾਂਤ ਕਰਵਾਇਆ ਜਾ ਰਿਹਾ ਸੀ।
ਲਾਪਤਾ ਹੋਣ ਤੋਂ ਬਾਅਦ ਅੰਬਾਲਾ ਦੀ ਮਿਲੀ ਲੋਕੇਸ਼ਨ
ਸ਼ਿਆਮ ਸੁੰਦਰ ਦੇ ਲਾਪਤਾ ਹੋਣ ਤੋਂ ਬਾਅਦ ਤਲਾਸ਼ ’ਚ ਲੱਗੀ ਸੈਕਟਰ-39 ਥਾਣਾ ਪੁਲਸ ਕਾਲ ਡਿਟੇਲ ਸਣੇ ਲਗਾਤਾਰ ਟਾਵਰ ਲੋਕੇਸ਼ਨ ਟਰੇਸ ਕੀਤੀ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਚੰਡੀਗੜ੍ਹ ਤੋਂ ਜਾਣਕਾਰ ਟੈਕਸੀ ਚਾਲਕ ਦੇ ਨਾਲ ਅੰਬਾਲਾ ਗਿਆ ਸੀ। ਉੱਥੇ ਉਸ ਨੇ ਬੱਸ ਸਟੈਂਡ ਤੋਂ ਅੱਗੇ ਦੀ ਬੱਸ ਲਈ। ਇਸ ਦੌਰਾਨ ਸ਼ਿਆਮ ਸੁੰਦਰ ਬੱਸ ਸਟੈਂਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਵੀ ਬੱਸ ’ਚ ਸਵਾਰ ਹੁੰਦਾ ਨਜ਼ਰ ਆਇਆ ਸੀ।
