ਨਵਾਂਗਰਾਓਂ ’ਚ ਇਮਾਰਤ ਡਿੱਗੀ, ਬਜ਼ੁਰਗ ਦੀ ਮੌਤ

Friday, Jan 30, 2026 - 11:51 AM (IST)

ਨਵਾਂਗਰਾਓਂ ’ਚ ਇਮਾਰਤ ਡਿੱਗੀ, ਬਜ਼ੁਰਗ ਦੀ ਮੌਤ

ਨਵਾਂਗਰਾਓਂ (ਜ. ਬ.) : ਮੁੱਖ ਬਾਜ਼ਾਰ ’ਚ ਵੀਰਵਾਰ ਸਵੇਰੇ ਕਰੀਬ 11 ਵਜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਪੁਰਾਣੀ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਦੌਰਾਨ ਪੰਜ ਜਣੇ ਦੀਵਾਰ ਦੇ ਮਲਬੇ ਹੇਠਾਂ ਦੱਬ ਗਏ। ਘਟਨਾ ਤੋਂ ਤੁਰੰਤ ਬਾਅਦ ਬਾਜ਼ਾਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਇਧਰ-ਉਧਰ ਭੱਜਦੇ ਨਜ਼ਰ ਆਏ। ਸਥਾਨਕ ਵਾਸੀਆਂ ਤੇ ਦੁਕਾਨਦਾਰਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਮਲਬੇ ਹੇਠਾਂ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਮਦਦ ਨਾਲ ਚਾਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਪਰ ਇਕ ਬਜ਼ੁਰਗ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਸ਼ਮੀਰ ਦੇ ਰਹਿਣ ਵਾਲੇ ਬਜ਼ੁਰਗ ਵਿਅਕਤੀ ਵਜੋਂ ਹੋਈ ਹੈ, ਜੋ ਕੁਝ ਦਿਨ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ’ਚ ਨਵਾਂਗਰਾਓਂ ਆਇਆ ਸੀ।

ਉਹ ਹਾਦਸੇ ਵੇਲੇ ਇਮਾਰਤ ਬਾਹਰ ਅਖਰੋਟ ਵੇਚ ਰਿਹਾ ਸੀ ਜਦੋਂ ਅਚਾਨਕ ਦੀਵਾਰ ਉਸ ’ਤੇ ਡਿੱਗ ਪਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਸ਼ੀਨਰੀ ਦੀ ਮਦਦ ਨਾਲ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਕੰਮ ਸ਼ੁਰੂ ਹੋਣ ਤੋਂ ਪਹਿਲਾਂ ਇਲਾਕੇ ’ਚ ਮੌਜੂਦ ਦੁਕਾਨਦਾਰਾਂ ਤੇ ਫੜੀ ਵਾਲਿਆਂ ਨੂੰ ਸੁਰੱਖਿਅਤ ਥਾਂ ’ਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਕੁਝ ਲੋਕਾਂ ਵੱਲੋਂ ਚੇਤਾਵਨੀ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ ਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਸੁਰੱਖਿਅਤ ਕੀਤਾ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਮਾਰਤ ਢਾਹੁਣ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਇਸ ਹਾਦਸੇ ਨੇ ਇਕ ਵਾਰ ਫਿਰ ਭੀੜਭਾੜ ਵਾਲੇ ਇਲਾਕਿਆਂ ’ਚ ਬਿਨਾਂ ਪੂਰੀ ਸੁਰੱਖਿਆ ਤਿਆਰੀਆਂ ਦੇ ਇਮਾਰਤਾਂ ਢਾਹੁਣ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।


author

Babita

Content Editor

Related News