ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਕਤਲ ਕੀਤੇ ਨੌਜਵਾਨ ਦੀ ਲਾਸ਼, 7 ਦਿਨ ਬਾਅਦ ਰਾਜਸਥਾਨ ਫੀਡਰ ’ਚੋਂ ਬਰਾਮਦ
Wednesday, Dec 28, 2022 - 02:16 PM (IST)
ਮੋਗਾ (ਅਜ਼ਾਦ, ਸੁਰਿੰਦਰ) : ਥਾਣਾ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਨਿਵਾਸੀ ਜਤਿੰਦਰ ਸਿੰਘ ਉਰਫ ਜੋਸ਼ੀ ਜਿਸਦਾ ਉਸਦੇ ਗੁਆਂਢੀ ਵਲੋਂ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਆਪਣੇ ਸਾਥੀ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਬਾਘਾ ਪੁਰਾਣਾ ਪੁਲਸ ਨੇ ਉਸ ਦੀ ਲਾਸ਼ 7 ਦਿਨ ਬਾਅਦ ਰਾਜਸਥਾਨ ਫੀਡਰ ਤੋਂ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਪੁਲਸ ਨੇ ਜਸਵਿੰਦਰ ਸਿੰਘ ਉਰਫ ਰਾਜੂ ਨਿਵਾਸੀ ਪਿੰਡ ਮਾੜੀ ਮੁਸਤਫ਼ਾ ਦੀ ਸ਼ਿਕਾਇਤ ’ਤੇ ਭੁਪਿੰਦਰ ਸਿੰਘ ਉਰਫ ਭਿੰਦਾ ਨਿਵਾਸੀ ਪਿੰਡ ਮਾੜੀ ਮੁਸਤਫ਼ਾ ਅਤੇ ਉਸਦੇ ਸਾਥੀ ਰੇਸ਼ਮ ਸਿੰਘ ਗੋਰਾ ਨਿਵਾਸੀ ਪਿੰਡ ਸੰਗਤਪੁਰਾ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ।
ਜਸਵਿੰਦਰ ਸਿੰਘ ਰਾਜੂ ਨੇ ਪੁਲਸ ਨੂੰ ਦੱਸਿਆ ਸੀ ਕਿ ਉਸਦਾ ਭਰਾ ਜਤਿੰਦਰ ਸਿੰਘ ਜੋਤੀ 20 ਦਸੰਬਰ ਨੂੰ ਦੁਪਹਿਰ ਨੂੰ ਘਰ ਤੋਂ ਗਿਆ ਸੀ, ਵਾਪਸ ਨਹੀਂ ਆਇਆ। ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੁਲਸ ਨੇ ਭੁਪਿੰਦਰ ਸਿੰਘ ਭਿੰਦਾ ਅਤੇ ਰੇਸ਼ਮ ਸਿੰਘ ਨੂੰ ਹੱਤਿਆ ਦੇ ਮਾਮਲੇ ਵਿਚ ਕਾਬੂ ਕਰ ਲਿਆ ਸੀ। ਭੁਪਿੰਦਰ ਸਿੰਘ ਭਿੰਦਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਨਾਲ ਜਤਿੰਦਰ ਸਿੰਘ ਜੋਤੀ ਦੇ ਬੀਤੇ ਦੋ ਸਾਲ ਤੋਂ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਸਨੇ ਉਸਨੂੰ ਆਪਣੇ ਘਰ ਵਿਚ ਬੁਲਾ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਕਿਤੇ ਸੁੱਟ ਦਿੱਤਾ। ਬਾਘਾ ਪੁਰਾਣਾ ਪੁਲਸ ਨੇ 7 ਦਿਨ ਬਾਅਦ ਜਤਿੰਦਰ ਸਿੰਘ ਜੋਤੀ ਦੀ ਲਾਸ਼ ਨੂੰ ਰਾਜਸਥਾਨ ਫੀਡਰ ਤੋਂ ਬਰਾਮਦ ਕਰ ਲਿਆ ਹੈ। ਦੋਵਾਂ ਕਥਿਤ ਦੋਸ਼ੀਆਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ। ਬਾਘਾ ਪੁਰਾਣਾ ਪੁਲਸ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।