ਮੋਬਾਇਲ ਖੋਹਣ ਦੀਆਂ 90 ਵਾਰਦਾਤਾਂ ਕਰਨ ਵਾਲਾ ਗਿਰੋਹ ਬੇਨਕਾਬ

Monday, Sep 04, 2017 - 04:35 AM (IST)

ਲੁਧਿਆਣਾ,   (ਪੰਕਜ)- ਡਾਬਾ, ਸ਼ਿਮਲਾਪੁਰੀ ਸਮੇਤ ਵੱਖ-ਵੱਖ ਇਲਾਕਿਆਂ 'ਚ ਪਿਛਲੇ ਲੰਮੇ ਸਮੇਂ ਤੋਂ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾ ਕੇ 90 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਡਾਬਾ ਪੁਲਸ ਨੇ ਦੋਸ਼ੀਆਂ ਤੋਂ ਚੋਰੀ ਦਾ ਮਾਲ ਸਸਤੇ ਮੁੱਲ 'ਤੇ ਖਰੀਦਣ ਵਾਲੇ 2 ਦੁਕਾਨਦਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। 
ਇਸ ਸਬੰਧੀ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਏ. ਡੀ. ਸੀ. ਪੀ. ਸੰਦੀਪ ਗਰਗ ਤੇ ਏ. ਸੀ. ਪੀ. ਅਮਨਦੀਪ ਬਰਾੜ ਨੇ ਦੱਸਿਆ ਕਿ ਡਾਬਾ ਪੁਲਸ ਵੱਲੋਂ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਗਏ ਦੀਪਕ ਕੁਮਾਰ ਵਰਮਾ ਪੁੱਤਰ ਕਮਲ ਵਰਮਾ, ਹਰਪ੍ਰੀਤ ਹੈਪੀ ਪੁੱਤਰ ਸੁਖਚੈਨ, ਦੀਪਕ ਡਰਾਈਵਰ ਪੁੱਤਰ ਵਿਜੇ ਕੁਮਾਰ ਤੋਂ ਜਦ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦਾ ਗਿਰੋਹ ਵੱਖ-ਵੱਖ ਇਲਾਕਿਆਂ 'ਚ ਮੋਬਾਲਿ ਝਪਟਣ ਦੀਆਂ ਵਾਰਦਾਤਾਂ ਕਰਦਾ ਹੈ।  ਦੋਸ਼ੀਆਂ ਨੇ ਦੱਸਿਆ ਕਿ ਲੁੱਟੇ ਹੋਏ ਮੋਬਾਇਲ ਫੋਨ ਉਹ ਸਸਤੇ ਮੁੱਲ 'ਤੇ ਗੁੜ ਮੰਡੀ 'ਚ ਮੋਬਾਇਲ ਸ਼ਾਪ ਚਲਾਉਣ ਵਾਲੇ ਅਰਪਣ ਮਲਿਕ ਪੁੱਤਰ ਅਨੁਪ ਮਲਿਕ ਤੇ ਲਾਡੀ ਵਰਮਾ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਜਨਕਪੁਰੀ ਨੂੰ ਵੇਚਦੇ ਸਨ, ਜੋ ਕਿ ਸਾਫਟਵੇਅਰ ਦੀ ਮਦਦ ਨਾਲ ਮੋਬਾਇਲ ਦਾ ਆਈ. ਐੱਮ. ਈ. ਨੰਬਰ ਵਾਸ਼ ਕਰ ਕੇ ਅੱਗੇ ਮੋਟੇ ਮੁੱਲ 'ਤੇ ਵੇਚਦੇ ਸਨ। ਇਸ 'ਤੇ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਦੋਵਾਂ ਦੇ ਕਬਜ਼ਿਆਂ ਤੋਂ 36 ਮੋਬਾਇਲ ਫੋਨ, 1 ਲੈਪਟਾਪ ਸਾਫਟਵੇਅਰ ਡਿਵਾਈਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਗੈਂਗ ਦਾ ਇਕ ਦੋਸ਼ੀ ਰਿੰਪੀ ਹੁਣ ਫਰਾਰ ਦੱਸਿਆ ਜਾਂਦਾ ਹੈ। 
ਦੋਸ਼ੀਆਂ ਨੇ ਪੁੱਛਗਿੱਛ 'ਚ ਖੁਲਾਸਾ ਕੀਤਾ ਕਿ ਉਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਮੇਂ ਖਾਸ ਕਰਕੇ ਮੋਟਰਸਾਈਕਲ ਦਾ ਉਪਯੋਗ ਕਰਦੇ ਸਨ ਤਾਂ ਕਿ ਆਸਾਨੀ ਨਾਲ ਫਰਾਰ ਹੋ ਸਕਣ। ਪੁਲਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ 3 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। 


Related News