ਵੱਧ ਰਹੀ ਆਵਾਰਾ ਕੁੱਤਿਆਂ ਦੀ ਫੌਜ ਨਾਲ ਸ਼ਹਿਰ ਵਾਸੀਆਂ ''ਚ ਦਹਿਸ਼ਤ

04/23/2018 5:40:02 AM

ਸੁਲਤਾਨਪੁਰ ਲੋਧੀ, (ਧੀਰ)- ਪਸ਼ੂ ਪਾਲਣ ਵਿਭਾਗ ਵੱਲੋਂ ਕੁੱਤਿਆਂ ਦੀ ਨਸਬੰਦੀ ਤੇ ਪ੍ਰਸ਼ਾਸਨ ਵੱਲੋਂ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਯੋਗ ਉਪਰਾਲੇ ਨਾ ਕੀਤੇ ਜਾਣ ਦਾ ਖਮਿਆਜ਼ਾ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਆਏ ਦਿਨ ਭੁਗਤਣਾ ਪੈ ਰਿਹਾ ਹੈ। ਇਸ ਸਬੰਧੀ ਕੀਤੇ ਜਾਣ ਵਾਲੇ ਕੰਮਾਂ ਨੂੰ ਸੰਜੀਦਗੀ ਨਾਲ ਨਾ ਲਏ ਜਾਣ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆ 'ਚ ਦਿਨ-ਬ-ਦਿਨ ਆਵਾਰਾ ਕੁੱਤਿਆਂ ਦੀ ਲੰਮੀ ਫੌਜ ਵਧਦੀ ਜਾ ਰਹੀ ਹੈ ਤੇ ਇਹ ਕੁੱਤਿਆਂ ਦੇ ਝੁੰਡ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ। ਪ੍ਰਸ਼ਾਸਨ ਦੀ ਆਵਾਰਾ ਕੁੱਤਿਆਂ 'ਤੇ ਲਗਾਮ ਲਾਉਣ ਸਬੰਧੀ ਕੀਤੀ ਜਾ ਰਹੀ ਲਾਪ੍ਰਵਾਹੀ ਦੇ ਮੱਦੇਨਜ਼ਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਦਰਜਨਾਂ ਹੀ ਨਹੀਂ ਸੈਂਕੜਿਆਂ ਦੇ ਹਿਸਾਬ ਨਾਲ ਆਵਾਰਾ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਸਬੰਧਤ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਅਣਦੇਖੀ ਹਰ ਦਿਨ ਆਮ ਲੋਕਾਂ ਤੇ ਖਾਸ ਕਰ ਕੇ ਛੋਟੇ ਬੱਚਿਆਂ ਦੀ ਜਾਨ ਖਤਰੇ 'ਚ ਪਾ ਰਹੀ ਹੈ।
ਸ਼ਹਿਰ ਦੇ ਵੱਖ ਵੱਖ ਮੁਹੱਲਿਆਂ 'ਚ ਕੁੱਤਿਆਂ ਦਾ ਆਤੰਕ
ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਪ੍ਰੇਮਪੁਰਾ, ਉੱਪਲ ਮੁਹੱਲਾ, ਸਰਕਾਰੀ ਸੀ. ਸੈ. ਸਕੂਲ ਗਰਲਜ਼ ਸਕੂਲ ਰੋਡ, ਭਾਰਾ ਮੱਲ ਮੰਦਰ ਰੋਡ, ਸੈਂਟਰਲ ਟਾਊਨ, ਖਾਲਸਾ ਕਾਲਜ ਰੋਡ ਆਦਿ 'ਚ ਇਨ੍ਹਾਂ ਕੁੱਤਿਆਂ ਨੇ ਐਨਾ ਕੁ ਆਤੰਕ ਮਚਾ ਰੱਖਿਆ ਹੈ ਕਿ ਸਵੇਰੇ ਸੈਰ ਕਰਨ ਸਮੇਂ ਬਜ਼ੁਰਗਾਂ ਤੇ ਔਰਤਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਟਰਸਾਈਕਲ, ਸਕੂਟਰ ਆਦਿ ਵਾਹਨਾਂ 'ਤੇ ਜਾ ਰਹੇ ਬੱਚਿਆਂ, ਨੌਜਵਾਨਾਂ ਦੇ ਪਿੱਛੇ ਦੌੜ ਕੇ ਇਹ ਉਨ੍ਹਾਂ ਦੀ ਲੱਤ ਨੂੰ ਫੜ ਲੈਂਦੇ ਹਨ ਤੇ ਜ਼ਖਮੀ ਕਰ ਦਿੰਦੇ ਹਨ। ਮੁਹੱਲੇ 'ਚ ਬੱਚਿਆਂ ਦਾ ਖੇਡਣਾ ਮੁਸ਼ਕਿਲ ਹੋ ਗਿਆ ਹੈ ਪਰ ਫਿਰ ਵੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜਦਕਿ ਸਰਕਾਰ ਵੱਲੋਂ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਪਸ਼ੂ ਪਾਲਣ ਵਿਭਾਗ ਤੇ ਨਗਰ ਕੌਂਸਲਾਂ ਨੂੰ ਲਗਾਤਾਰ ਕੀਤੀਆਂ ਜਾ ਰਹੀਆਂ ਹਨ। 
ਸਿਵਲ ਹਸਪਤਾਲ 'ਚ ਨਹੀਂ ਹਨ ਟੀਕੇ
ਕੁੱਤੇ ਦੇ ਕੱਟਣ ਉਪਰੰਤ ਸਿਵਲ ਹਸਪਤਾਲ 'ਚ ਲਗਾਏ ਜਾਣ ਵਾਲੇ ਮਰੀਜ਼ਾਂ ਨੂੰ ਟੀਕੇ ਹੀ ਨਹੀਂ ਹਨ, ਜਿਸ ਕਾਰਨ ਕੁੱਤਿਆਂ ਦੇ ਕੱਟਣ ਨਾਲ ਹਲਕਾਅ ਹੋਣ ਦਾ ਖਤਰਾ ਬਣ ਜਾਂਦਾ ਹੈ, ਜਿਸ ਤੋਂ ਬਚਣ ਲਈ ਕਈ ਵਾਰ ਤੁਰੰਤ ਪ੍ਰਾਈਵੇਟ ਤੌਰ 'ਤੇ ਮਿਲਣ ਵਾਲੀ ਵੈਕਸੀਨ (3-5 ਟੀਕੇ) ਲਗਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਦੀ ਬਾਜ਼ਾਰ 'ਚ ਕੀਮਤ 350 ਰੁਪਏ ਪ੍ਰਤੀ ਟੀਕਾ ਦੱਸੀ ਜਾਂਦੀ ਹੈ। 
ਕੀ ਕਹਿਣਾ ਹੈ ਸਮਾਜ ਸੇਵਕਾਂ ਦਾ 
ਸਮਾਜ ਸੇਵਕ ਮਨਦੀਪ ਟੰਡਨ, ਲੱਕੀ ਧੀਰ, ਜਗੀਰ ਸਿੰਘ, ਗੁਲਸ਼ਨ ਕੁਮਾਰ ਆਦਿ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਵੱਲ ਤੁਰੰਤ ਧਿਆਨ ਦੇ ਕੇ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਕੁੱਤਿਆਂ ਤੋਂ ਨਿਜਾਤ ਦਿਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਝੁੰਡਾਂ ਦੇ ਰੂਪ 'ਚ ਘੁੰਮ ਰਹੇ ਇਹ ਕੁੱਤੇ ਕਿਸੇ ਵੀ ਵੇਲੇ ਮਾਸੂਮ ਦੀ ਜਾਨ ਦਾ ਖੌਅ ਵੀ ਬਣ ਸਕਦੇ ਹਨ, ਇਸ ਪਾਸੇ ਨਗਰ ਕੌਂਸਲ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ।
ਕੀ ਕਹਿਣਾ ਹੈ ਪ੍ਰਸ਼ਾਸਨ ਦਾ 
ਇਸ ਸਬੰਧੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਇਸ ਸਬੰਧੀ ਨਗਰ ਕੌਂਸਲ ਨੂੰ ਆਦੇਸ਼ ਦੇ ਕੇ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਇਸ ਮੁਸ਼ਕਿਲ ਦਾ ਹੱਲ ਕਰਵਾਉਣਗੇ।


Related News