ਗੁਰੂਹਰਸਹਾਏ ''ਚ ਬੇਲਗਾਮ ਘੋੜਿਆਂ ਦੀ ਦਹਿਸ਼ਤ, ਕਈਆਂ ਨੂੰ ਵੱਢ ਕੇ ਕੀਤਾ ਜ਼ਖਮੀ
Saturday, Apr 20, 2024 - 05:25 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਦੋ ਬੇਲਗਾਮ ਘੋੜੇ ਘੁੰਮ ਰਹੇ ਹਨ ਤੇ ਇਨ੍ਹਾਂ ਨੇ ਕਈ ਲੋਕਾਂ ਨੂੰ ਵੱਡ ਕੇ ਜ਼ਖਮੀ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਕੇਸ਼ ਮੋਗਾ ਨੇ ਦੱਸਿਆ ਕਿ ਉਹ ਮੰਦਰ ਮਾਤਾ ਜੱਜਲ਼ ਵਾਲੀ ਵਿਖੇ ਸਵੇਰੇ ਮੱਥਾ ਟੇਕ ਕੇ ਆਪਣੇ ਘਰ ਵਾਪਿਸ ਜਾ ਰਿਹਾ ਸੀ ਤਾਂ ਗਲੀ ਵਿਚ ਉਸ ਨੂੰ ਬੇਲਗਾਮ ਘੋੜਿਆਂ ਨੇ ਵੱਢ ਕੇ ਜ਼ਖਮੀ ਕਰ ਦਿੱਤਾ। ਉਕਤ ਨੇ ਦੱਸਿਆ ਕਿ ਮੈਂ ਬੜੀ ਜੱਦੋ ਜਹਿਦ ਨਾਲ ਆਪਣੇ ਆਪ ਨੂੰ ਘੋੜਿਆਂ ਤੋਂ ਛੁਡਵਾਇਆ, ਮੈਨੂੰ ਇਸ ਤਰ੍ਹਾਂ ਲੱਗਿਆ ਕਿ ਅੱਜ ਮੇਰੀ ਜਾਨ ਚਲੀ ਜਾਣੀ ਹੈ। ਇਸ ਦੇ ਨਾਲ ਹੀ ਅੱਜ ਪਿੰਡ ਪੰਜੇ ਕੇ ਉਤਾੜ ਤੋਂ ਸ਼ਹਿਰ ਮੇਨ ਬਾਜ਼ਾਰ 'ਚ ਕਿਸੇ ਦੁਕਾਨ ਤੋਂ ਸਮਾਨ ਲੈਣ ਲਈ ਆਏ ਅਭਿਨੰਦਨ ਨੇ ਦੱਸਿਆ ਕਿ ਉਹ ਬਾਜ਼ਾਰ 'ਚ ਸਮਾਨ ਲੈ ਰਿਹਾ ਸੀ ਤਾਂ ਉਸ ਨੂੰ ਦੋ ਬੇਲਗਾਮ ਘੋੜਿਆਂ ਨੇ ਆਪਣੇ ਜਬੜੇ ਨਾਲ ਵੱਢ ਕੇ ਜ਼ਖਮੀ ਕਰ ਦਿੱਤਾ ਤੇ ਲੋਕਾਂ ਨੇ ਉਸ ਨੂੰ ਘੋੜਿਆਂ ਦੇ ਜਬੜੇ 'ਚੋਂ ਮਸਾਂ ਛੁਡਵਾਇਆ ਤੇ ਤੁਰੰਤ ਸਰਕਾਰੀ ਹਸਪਤਾਲ ਵਿਚ ਜਾ ਕੇ ਇਲਾਜ ਕਰਵਾਇਆ।
ਹੁਣ ਤੱਕ 30 ਤੋਂ ਵੱਧ ਲੋਕਾਂ ਨੂੰ ਇਹ ਬੇਲਗਾਮ ਘੋੜੇ ਵੱਢ ਕੇ ਜ਼ਖਮੀ ਕਰ ਚੁੱਕੇ ਹਨ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਪਰ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ ਅਤੇ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ ਤੇ ਬੇਲਗਾਮ ਘੋੜੇ ਲਗਾਤਾਰ ਲੋਕਾਂ ਨੂੰ ਸ਼ਹਿਰ ਅੰਦਰ ਵੱਢ ਕੇ ਜ਼ਖਮੀ ਕਰ ਰਹੇ ਹਨ। ਪੀੜਤ ਰਾਕੇਸ਼ ਮੋਂਗਾ, ਅਭਿਨੰਦਨ ਤੇ ਸ਼ਹਿਰ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਘੋੜਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਨਹੀਂ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ।