ਪਿਛਲੇ 3 ਦਹਾਕਿਆਂ ’ਚ ਭਾਰਤ ਵਾਸੀਆਂ ਦੀ 8 ਸਾਲ ਵਧੀ ਉਮਰ, ਬੀਮਾਰੀਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਘਟੀ

04/06/2024 11:17:36 AM

ਜਲੰਧਰ – ਇਕ ਨਵੇਂ ਅਧਿਐਨ ’ਚ ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਦੁਨੀਆ ਭਰ ’ਚ 1990 ਦੇ ਮੁਕਾਬਲੇ 2021 ’ਚ ਲੋਕਾਂ ਦੀ ਉਮਰ ਵਿਚ 6 ਸਾਲ ਦਾ ਵਾਧਾ ਹੋਇਆ ਹੈ, ਜਦੋਂਕਿ ਭਾਰਤ ਵਾਸੀਆਂ ਦੀ ਉਮਰ 8 ਸਾਲ ਵਧ ਗਈ ਹੈ। ਇਹ ਅਧਿਐਨ ਹੁਣੇ ਜਿਹੇੇ ਵਿਗਿਆਨ ਰਸਾਲੇ ‘ਦਿ ਲੈਂਸੇਟ’ ਵਿਚ ਛਪਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ’ਚ ਡਾਇਰੀਆ, ਸਾਹ ਇਨਫੈਕਸ਼ਨ, ਸਟ੍ਰੋਕ ਤੇ ਇਸਕੇਮਿਕ ਦਿਲ ਦੇ ਰੋਗਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਕਮੀ ਆਈ ਹੈ, ਜਿਸ ਨਾਲ ਲੋਕਾਂ ਦੀ ਉਮਰ ਵਿਚ ਵਾਧਾ ਹੋਇਆ ਹੈ।

ਭੂਟਾਨ ਦੇ ਲੋਕਾਂ ਦੀ ਉਮਰ 13.6 ਸਾਲ ਵਧੀ

ਖੋਜੀਆਂ ਨੇ ਕਿਹਾ ਕਿ ਜੇ 2020 ’ਚ ਕੋਵਿਡ ਮਹਾਮਾਰੀ ਨਾ ਫੈਲੀ ਹੁੰਦੀ ਤਾਂ ਲੋਕਾਂ ਦੀ ਉਮਰ ਹੋਰ ਵਧ ਸਕਦੀ ਸੀ। ਅਧਿਐਨ ਵਿਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆਈ ਇਲਾਕਿਆਂ ਵਿਚ ਭੂਟਾਨ ਦੇ ਲੋਕਾਂ ਦੀ ਉਮਰ ’ਚ ਸਭ ਤੋਂ ਵੱਧ 13.6 ਸਾਲ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਬੰਗਲਾਦੇਸ਼ (13.3), ਨੇਪਾਲ (10.4) ਤੇ ਪਾਕਿਸਤਾਨ (2.5 ਸਾਲ) ਦਾ ਸਥਾਨ ਹੈ।

ਖੋਜੀਆਂ ਨੇ ਕਿਹਾ ਕਿ ਮਹਾਮਾਰੀ ਰਾਹੀਂ ਪੈਦਾ ਚੁਣੌਤੀਆਂ ਦੇ ਬਾਵਜੂਦ ਦੱਖਣ-ਪੂਰਬੀ ਏਸ਼ੀਆ, ਪੂਰਬੀ ਏਸ਼ੀਆ ਤੇ ਓਸ਼ਿਨੀਆ ਦੇ ਖੇਤਰ ’ਚ 1990 ਤੇ 2021 (8.3 ਸਾਲ) ਵਿਚਾਲੇ ਜਿਊਣ ਦੀ ਸੰਭਾਵਨਾ ’ਚ ਸਭ ਤੋਂ ਵੱਡਾ ਫਾਇਦਾ ਹੋਇਆ ਹੈ। ਇਸ ਦੇ ਪਿੱਛੇ ਮੁੱਖ ਕਾਰਨ ਕ੍ਰੋਨਿਕ ਰੈਸਪਿਰੇਟਰੀ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਮੀ ਨੂੰ ਦੱਸਿਆ ਗਿਆ ਹੈ। ਸਟ੍ਰੋਕ, ਸਾਹ ਇਨਫੈਕਸ਼ਨ ਤੇ ਕੈਂਸਰ ਵਰਗੀਆਂ ਬੀਮਾਰੀਆਂ ਵਿਚ ਕਮੀ ਆਉਣ ਨਾਲ ਵੀ ਲੋਕਾਂ ਦੀ ਉਮਰ ਵਧੀ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ, ਪਹਿਲੀ ਵਾਰ ਸੋਨਾ 70 ਹਜ਼ਾਰ ਦੇ ਪਾਰ, ਜਾਣੋ ਅੱਜ ਦੇ ਭਾਅ

ਅਧਿਐਨ ’ਚ ਕਿਹਾ ਗਿਆ ਹੈ ਕਿ ਮਹਾਮਾਰੀ ਦੇ ਪ੍ਰਬੰਧਨ ਨੇ ਇਨ੍ਹਾਂ ਫਾਇਦਿਆਂ ਨੂੰ ਬਣਾਈ ਰੱਖਣ ’ਚ ਮਦਦ ਕੀਤੀ ਹੈ। 1990 ਤੇ 2021 (7.8 ਸਾਲ) ਦੌਰਾਨ ਖੇਤਰਾਂ ਵਿਚਾਲੇ ਦੱਖਣੀ ਏਸ਼ੀਆ ’ਚ ਜਿਊਣ ਦੀ ਸੰਭਾਵਨਾ ’ਚ ਦੂਜਾ ਸਭ ਤੋਂ ਵੱਡਾ ਵਾਧਾ ਹੋਇਆ, ਜਿਸ ਦਾ ਮੁੱਖ ਕਾਰਨ ਡਾਇਰੀਆ ਨਾਲ ਹੋਣ ਵਾਲੀਆਂ ਮੌਤਾਂ ’ਚ ਭਾਰੀ ਕਮੀ ਹੈ।

ਅੰਤੜੀਆਂ ਦੀ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਆਈ ਕਮੀ
ਅਧਿਐਨ ’ਚ ਕਿਹਾ ਗਿਆ ਹੈ ਕਿ ਮੌਤ ਦੇ ਵੱਖ-ਵੱਖ ਕਾਰਨਾਂ ਨੂੰ ਵੇਖਦੇ ਹੋਏ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅੰਤੜੀਆਂ ਦੀਆਂ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਵਿਚ ਤੇਜ਼ੀ ਨਾਲ ਕਮੀ ਆਈ ਹੈ। ਬੀਮਾਰੀਆਂ ਦੀ ਇਕ ਸ਼੍ਰੇਣੀ ’ਚ ਦਸਤ ਤੇ ਟਾਈਫਾਈਡ ਸ਼ਾਮਲ ਹਨ। ਇਨ੍ਹਾਂ ਸੁਧਾਰਾਂ ਨਾਲ 1990 ਤੇ 2021 ਵਿਚਾਲੇ ਦੁਨੀਆ ਭਰ ’ਚ ਲੋਕਾਂ ਦੀ ਉਮਰ 1.1 ਸਾਲ ਵਧ ਗਈ। ਇਸ ਮਿਆਦ ਦੌਰਾਨ ਹੇਠਲੇ ਸਾਹ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਮੀ ਆਉਣ ਨਾਲ ਵਿਸ਼ਵ ਪੱਧਰ ’ਤੇ ਉਮਰ ਵਿਚ 0.9 ਫੀਸਦੀ ਦਾ ਵਾਧਾ ਹੋਇਆ ਹੈ। ਸਟ੍ਰੋਕ, ਨਵਜੰਮਿਆਂ ਸਬੰਧੀ ਵਿਕਾਰ, ਇਸਕੇਮਿਕ ਦਿਲ ਦੇ ਰੋਗ ਅਤੇ ਕੈਂਸਰ ਸਮੇਤ ਹੋਰ ਕਾਰਨਾਂ ਕਰ ਕੇ ਹੋਣ ਵਾਲੀਆਂ ਮੌਤਾਂ ਨੂੰ ਰੋਕਣ ’ਚ ਸਫਲਤਾ ਨਾਲ ਦੁਨੀਆ ਭਰ ’ਚ ਲੋਕਾਂ ਦੀ ਉਮਰ ’ਚ ਵੀ ਵਾਧਾ ਹੋਇਆ ਹੈ। ਹਰੇਕ ਬੀਮਾਰੀ ਲਈ ਮੌਤਾਂ ’ਚ ਕਮੀ 1990 ਤੇ 2019 ਵਿਚਾਲੇ ਸਭ ਤੋਂ ਵੱਧ ਵੇਖੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News