ਮਣੀਪੁਰ ''ਚ ਮੁੜ ਹਿੰਸਾ; ਦੋ ਧਿਰਾਂ ਵਿਚਾਲੇ ਝੜਪ ''ਚ ਇਕ ਦੀ ਮੌਤ, ਦਹਿਸ਼ਤ ''ਚ ਲੋਕ
Sunday, Apr 28, 2024 - 12:50 PM (IST)

ਇੰਫਾਲ- ਮਣੀਪੁਰ ਦੇ ਕਾਂਗਚੁਪ ਵਿਚ ਐਤਵਾਰ ਨੂੰ ਦੋ ਜਾਤੀ ਸਮੂਹਾਂ ਵਿਚਾਲੇ ਝੜਪ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜਿਸ ਕਾਰਨ ਲੋਕ ਦਹਿਸ਼ਤ ਵਿਚ ਆ ਗਏ ਹਨ। ਕੁਝ ਸਮੇਂ ਦੀ ਸ਼ਾਂਤੀ ਮਗਰੋਂ ਫਿਰ ਤੋਂ ਤਾਜ਼ਾ ਹਿੰਸਾ ਭੜਕ ਉਠੀ, ਜਦੋਂ ਭਾਰੀ ਹਥਿਆਰਾਂ ਨਾਲ ਲੈਸ ਸ਼ੱਕੀ ਕੁੱਕੀ ਅੱਤਵਾਦੀਆਂ ਨੇ ਵੱਖ-ਵੱਖ ਥਾਵਾਂ 'ਤੇ ਹਮਲੇ ਸ਼ੁਰੂ ਕਰ ਦਿੱਤੇ। ਸ਼ਨੀਵਾਰ ਨੂੰ ਸ਼ੱਕੀ ਕੁੱਕੀ ਅੱਤਵਾਦੀਆਂ ਦੇ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਇੱਥੇ ਕਾਂਗਚੁਪ, ਫੇਯੇਂਗ, ਲੀਮਾਖੋਂਗ ਇਲਾਕਿਆਂ ਵਿਚ ਸੈਂਕੜੇ ਲੋਕ ਬਾਹਰ ਆ ਗਏ ਕਿਉਂਕਿ ਸ਼ੱਕੀ ਕੁੱਕੀ ਅੱਤਵਾਦੀਆਂ ਨੇ ਲੋਕਾਂ 'ਤੇ ਹਮਲਾ ਕਰਨ ਲਈ ਆਪਣੇ ਕੈਂਡਰਾਂ ਦੇ ਇੰਫਾਲ ਇਲਾਕਿਆਂ ਵੱਲ ਵੱਧਣ ਦੇ ਵੀਡੀਓ ਜਾਰੀ ਕੀਤੇ।
ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਘਰਾਂ 'ਚੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਅੱਤਵਾਦੀ ਪਹਾੜੀ ਇਲਾਕਿਆਂ ਤੋਂ ਉਨ੍ਹਾਂ ਵੱਲ ਗੋਲੀਬਾਰੀ ਕਰ ਰਹੇ ਸਨ। ਝੜਪਾਂ ਕਾਰਨ 3 ਮਈ, 2023 ਤੋਂ ਖੇਤੀਬਾੜੀ ਵੀ ਰੁਕੀ ਹੋਈ ਹੈ। ਸੜਕਾਂ 'ਤੇ ਨਿਗਰਾਨੀ ਕਰਨ ਵਾਲੀਆਂ ਔਰਤਾਂ ਨੇ ਕਿਹਾ ਕਿ ਜਦੋਂ ਤੱਕ ਪਹਾੜੀ ਇਲਾਕਿਆਂ ਨੂੰ ਸਾਫ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਸ਼ਾਂਤੀ ਨਹੀਂ ਮਿਲੇਗੀ। CRPF 'ਤੇ ਹਮਲੇ ਮਗਰੋਂ ਕੁੱਕੀ ਅੱਤਵਾਦੀਆਂ ਵਲੋਂ ਦੂਜੇ ਜਾਤੀ ਸਮੂਹ ਦੇ ਲੋਕਾਂ 'ਤੇ ਹਮਲਾ ਕਰਨ ਲਈ ਬਣਾਏ ਗਏ ਕੁਝ ਬੰਕਰਾਂ ਨੂੰ ਵੀ ਸੰਯੁਕਤ ਬਲ ਨੇ ਸ਼ਨੀਵਾਰ ਨੂੰ ਢਹਿ-ਢੇਰੀ ਕਰ ਦਿੱਤਾ।