ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ਦੌਰਾਨ 2 ਸਕੇ ਭਰਾਵਾਂ ਦੀ ਮੌਤ
Tuesday, Dec 16, 2025 - 03:34 PM (IST)
ਤਲਵੰਡੀ ਭਾਈ (ਗੁਲਾਟੀ) : ਸੰਘਣੀ ਧੁੰਦ ਦੇ ਚੱਲਦਿਆ ਬੀਤੀ ਰਾਤ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ 'ਤੇ ਤਲਵੰਡੀ ਭਾਈ ਅਤੇ ਕੋਟ ਕਰੋੜ ਕਲਾਂ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆ ਤਲਵੰਡੀ ਭਾਈ ਪੁਲਸ ਥਾਣੇ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਬਰਾੜ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇੱਕ ਟਰੱਕ ਫਰੀਦਕੋਟ ਵੱਲੋਂ ਬੱਕਰੀਆਂ ਨਾਲ ਲੱਦਿਆ ਹੋਇਆ ਅੰਮ੍ਰਿਤਸਰ ਨੂੰ ਜਾ ਰਿਹਾ ਸੀ।
ਇਹ ਟਰੱਕ ਪਿੰਡ ਕੋਟ ਕਰੋੜ ਕਲਾਂ ਦੇ ਟੋਲ ਬੈਰੀਅਰ ਨੇੜੇ ਇੱਕ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਇਸ ਭਿਆਨਕ ਹਾਦਸੇ ਵਿੱਚ ਟਰੱਕ ਚਾਲਕ ਜਗਸੀਰ ਰਾਮ ਪੁੱਤਰ ਰਾਮ ਚੰਦਰ ਵਾਸੀ ਮਿਰਜੇ ਵਾਲਾ ਸ਼੍ਰੀ ਗੰਗਾਨਗਰ, ਰਾਜਸਥਾਨ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਨਾਲ ਬੈਠਾ ਉਸਦਾ ਭਰਾ ਸੁਰਿੰਦਰ ਵੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ। ਦੂਜੇ ਪਾਸੇ ਟਰੱਕ ਚਾਲਕ ਟਰੱਕ ਸਣੇ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਟੋਲ ਮੁਲਾਜ਼ਮਾਂ ਨੇ ਮ੍ਰਿਤਕ ਅਤੇ ਜ਼ਖਮੀਆਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ। ਪੁਲਸ ਵੱਲੋਂ ਦੋਸ਼ੀ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
