'ਤੇਰਾ ਤੇਰਾ ਹੱਟੀ' ਨੇ ਧੂਮਧਾਮ ਨਾਲ ਮਨਾਈ ਧੀਆਂ ਦੀ ਲੋਹੜੀ, 13 ਲੜਕੀਆਂ ਨੂੰ ਭੇਟ ਕੀਤੀ ਗਈ ਸਮੱਗਰੀ
Monday, Jan 12, 2026 - 07:51 PM (IST)
ਜਲੰਧਰ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ 'ਤੇਰਾ ਤੇਰਾ ਹੱਟੀ' 120 ਫੁੱਟੀ ਰੋਡ, ਜਲੰਧਰ ਵਿਖੇ ਅੱਜ ਮਿਤੀ 12 ਜਨਵਰੀ 2026 (ਸੋਮਵਾਰ) ਨੂੰ ਧੀਆਂ ਦੀ ਲੋਹੜੀ ਬੜੀ ਸ਼ਰਧਾ, ਖੁਸ਼ੀ ਅਤੇ ਸਮਾਜਿਕ ਸਨੇਹੇ ਨਾਲ ਮਨਾਈ ਗਈ।
ਇਸ ਪਵਿੱਤਰ ਸਮਾਗਮ ਦੌਰਾਨ 'ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਦੀ ਅਗਵਾਈ ਹੇਠ 13 ਲੜਕੀਆਂ ਨਾਲ ਧੀਆਂ ਦੀ ਲੋਹੜੀ ਮਨਾਈ ਗਈ। ਲੋਹੜੀ ਦੇ ਮੌਕੇ ਉਨ੍ਹਾਂ ਧੀਆਂ ਨੂੰ ਸੂਟ, ਬੈਗ, ਕੰਬਲ, ਮੂੰਗਫਲੀ, ਰੋੜੀਆਂ, ਪੌਪਕਾਰਨ ਸਮੇਤ ਹੋਰ ਲੋੜੀਂਦੀ ਸਮੱਗਰੀ ਭੇਟ ਕਰਕੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਅਸੀਸਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਧੀਆਂ ਦੀ ਮਹਾਨਤਾ ਬਾਰੇ ਗੁਰਬਾਣੀ ਦੇ ਉਪਦੇਸ਼ ਵੀ ਸਾਂਝੇ ਕੀਤੇ ਗਏ ਅਤੇ ਸਮਾਜ ਨੂੰ ਧੀ ਬਚਾਓ–ਧੀ ਪੜ੍ਹਾਓ ਦਾ ਸੰਦੇਸ਼ ਦਿੱਤਾ ਗਿਆ।
ਸਰਦਾਰ ਮਨਜੀਤ ਸਿੰਘ ਟੀਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੀਆਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਸਨਮਾਨ, ਸਿੱਖਿਆ ਅਤੇ ਸਮਾਨ ਅਧਿਕਾਰ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਨੇ 'ਤੇਰਾ ਤੇਰਾ ਹੱਟੀ' ਵੱਲੋਂ ਕੀਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਭਾਵਨਾਤਮਕ ਅਤੇ ਸਮਾਜਿਕ ਸਮਾਗਮ ਵਿੱਚ ਐਡਵੋਕੇਟ ਅਮਿਤ ਸੰਧਾ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਮਨਦੀਪ ਕੌਰ, ਤਰਵਿੰਦਰ ਸਿੰਘ, ਜਤਿੰਦਰ ਕਪੂਰ, ਸੁਰਿੰਦਰ ਸ਼ਰਮਾ ਸਮੇਤ ਹੋਰ ਕਈ ਮਹਿਮਾਨ ਸਖਸ਼ੀਅਤਾਂ ਹਾਜ਼ਰ ਰਹੀਆਂ। ਸਭ ਨੇ ਮਿਲ ਕੇ ਧੀਆਂ ਦੀ ਲੋਹੜੀ ਮਨਾਈ ਅਤੇ ਸਮਾਜ ਵਿੱਚ ਧੀਆਂ ਪ੍ਰਤੀ ਸਾਕਾਰਾਤਮਕ ਸੋਚ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।
ਇਹ ਸਮਾਗਮ ਨਾ ਸਿਰਫ਼ ਧੀਆਂ ਲਈ ਖੁਸ਼ੀ ਦਾ ਮੌਕਾ ਬਣਿਆ, ਸਗੋਂ ਸਮਾਜ ਨੂੰ ਗੁਰੂ ਨਾਨਕ ਦੇਵ ਜੀ ਦੇ ਬਰਾਬਰੀ, ਸੇਵਾ ਅਤੇ ਸਾਂਝ ਦੇ ਮਹਾਨ ਸੁਨੇਹੇ ਨਾਲ ਜੋੜਨ ਵਾਲਾ ਯਾਦਗਾਰ ਉਪਰਾਲਾ ਸਾਬਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
