ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਰੋਸ ਧਰਨੇ
Wednesday, Sep 27, 2017 - 12:45 AM (IST)

ਧਾਰੀਵਾਲ, (ਖੋਸਲਾ, ਬਲਬੀਰ)- ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਮੰਡਲ ਧਾਰੀਵਾਲ ਵਿਖੇ ਡਵੀਜ਼ਨ ਪ੍ਰਧਾਨ ਚਤਰ ਸਿੰਘ ਕਲਾਨੌਰ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਕਲ ਮੀਤ ਪ੍ਰਧਾਨ ਅਨੂਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਪੱਕੀ ਭਰਤੀ ਕਰਵਾਉਣ, ਕੱਚੇ ਕਾਮੇ ਪੱਕੇ ਕਰਵਾਉਣ, ਪਹਿਲੀਆਂ ਸੇਵਾ ਸ਼ਰਤਾਂ ਬਹਾਲ ਕਰਵਾਉਣ, ਪੇਅ ਬੈਂਡ ਤੇ ਗ੍ਰੇਡ ਪੇਅ ਅਤੇ ਤਨਖਾਹ ਸਕੇਲਾਂ 'ਚ ਵਾਧਾ ਕਰਵਾਉਣ, ਥਰਮਲ ਪਲਾਟਾਂ ਅਤੇ ਵਰਕਸ਼ਾਪਾਂ ਬਹਾਲ ਕਰਵਾਉਣ, ਮੈਨੇਜਮੈਂਟ ਅਤੇ ਸਰਕਾਰਾਂ ਵੱਲੋਂ ਹਰੇਕ ਮਹਿਕਮੇ ਦੇ ਵਧਦੇ ਨਿੱਜੀਕਰਨ ਨੂੰ ਰੋਕਣ, ਡਿਸਮਿਸ ਕੀਤੇ ਆਗੂ ਬਹਾਲ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਇਹ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹਰਜਿੰਦਰ ਸਿੰਘ, ਬਲਜੀਤ ਸਕੱਤਰ, ਬਲਵਿੰਦਰ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਗੁਰਦਾਸਪੁਰ, (ਵਿਨੋਦ)-ਇਸੇ ਤਰ੍ਹਾਂ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਗੁਰਦਾਸਪੁਰ ਵੱਲੋਂ ਮੰਡਲ ਦਫ਼ਤਰ ਗੁਰਦਾਸਪੁਰ ਅੱਗੇ ਮੰਡਲ ਪ੍ਰਧਾਨ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅੱਜ ਬਿਜਲੀ ਕਾਮੇ ਨਵੀਂ ਪੱਕੀ ਭਰਤੀ ਚਾਲੂ ਕਰਵਾਉਣ, ਕੱਚੇ ਕਾਮੇ ਪੱਕੇ ਕਰਵਾਉਣ, ਪਹਿਲੀਆਂ ਸੇਵਾ ਸ਼ਰਤਾਂ ਦੀ ਰਾਖੀ ਲਈ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ, ਨਵੇਂ ਭਰਤੀ ਹੋਏ ਮੁਲਾਜ਼ਮਾਂ ਅਤੇ ਰਿਟਾਇਰ ਕਾਮਿਆਂ ਨੂੰ ਬਿਜਲੀ ਦੀ ਰਿਆਇਤ ਜਾਰੀ ਕਰਵਾਉਣ, ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਸਿਧਾਂਤ ਲਾਗੂ ਕਰਵਾਉਣ, ਸਰਕਾਰ ਦੇ ਨਿੱਜੀਕਰਨ ਵੱਲ ਵੱਧਦੇ ਕਦਮਾਂ ਨੂੰ ਠੱਲ੍ਹ ਪਾਉਣ ਲਈ, ਡਿਸਮਿਸ ਆਗੂ ਬਹਾਲ ਕਰਵਾਉਣ ਵਾਸਤੇ ਸੰਘਰਸ਼ ਕਰਨ ਲਈ ਮਜਬੂਰ ਹੋਏ ਹਾਂ। ਅੱਜ ਸਾਥੀ ਜਗਤਾਰ ਸਿੰਘ ਪੁੱਡਾ ਸਰਕਲ ਪ੍ਰਧਾਨ, ਓਮ ਪ੍ਰਕਾਸ਼ ਮੰਡਲ ਪ੍ਰਧਾਨ, ਗੁਰਮੁੱਖ ਸਿੰਘ, ਸਵਿੰਦਰ ਸਿੰਘ ਆਦਿ ਹਾਜ਼ਰ ਸਨ।