ਹਜ਼ਾਰਾਂ ਅਧਿਆਪਕਾਂ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ

Sunday, Dec 09, 2018 - 10:21 AM (IST)

ਹਜ਼ਾਰਾਂ ਅਧਿਆਪਕਾਂ ਨੇ ਕੀਤਾ ਸਰਕਾਰ ਦਾ ਪਿੱਟ-ਸਿਆਪਾ

ਪਟਿਆਲਾ (ਜੋਸਨ, ਬਲਜਿੰਦਰ)—ਸਾਂਝੇ ਅਧਿਆਪਕ ਮੋਰਚੇ ਦੀਆਂ ਤਿੰਨ ਜਥੇਬੰਦੀਆਂ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ, ਮਾਡਲ ਅਤੇ ਆਦਰਸ਼ ਸਕੂਲਜ਼ ਕਰਮਚਾਰੀ ਐਸੋਸੀਏਸ਼ਨ ਪੰਜਾਬ ਅਤੇ ਸ਼ਹੀਦ ਕਿਰਨਜੀਤ ਕੌਰ ਈ. ਜੀ. ਐੱਸ./ਐੱਸ. ਟੀ. ਆਰ./ਏ. ਆਈ. ਈ. ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ 'ਤੇ  ਅੱਜ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਅਧਿਆਪਕਾਂ ਨੇ ਸਰਕਾਰ ਦਾ ਪਿੱਟ-ਸਿਆਪਾ ਕਰਦਿਆਂ ਹਫਤੇ ਭਰ ਤੋਂ ਮਹਿਮਦਪੁਰ ਦਾਣਾ ਮੰਡੀ ਪਟਿਆਲਾ 'ਚ ਸ਼ੁਰੂ ਕੀਤਾ ਧਰਨਾ ਅੱਜ ਅਗਲੇ ਸੰਘਰਸ਼ ਸੱਦਿਆਂ ਦੇ ਐਲਾਨ ਨਾਲ ਸਮਾਪਤ ਕਰ ਦਿੱਤਾ। ਹੁਣ ਇਨ੍ਹਾਂ ਜਥੇਬੰਦੀਆਂ ਵੱਲੋਂ 16 ਦਸੰਬਰ ਨੂੰ ਬਠਿੰਡਾ ਅਤੇ ਲੁਧਿਆਣਾ 'ਚ ਜ਼ੋਨ ਪੱਧਰੀ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ । ਉਸ ਤੋਂ  ਬਾਅਦ ਅਗਲਾ ਐਕਸ਼ਨ ਉਲੀਕਿਆ ਜਾਵੇਗਾ। ਅੱਜ ਦਾਣਾ ਮੰਡੀ 'ਚ ਪੁੱਜੇ ਸੈਂਕੜੇ ਅਧਿਆਪਕਾਂ ਸਮੇਤ ਵੱਖ-ਵੱਖ ਮਿਹਨਤਕੱਸ਼ ਤਬਕਿਆਂ ਦੇ ਲੋਕਾਂ ਨੇ ਰੋਸ ਧਰਨਾ ਦਿੱਤਾ ਤੇ  ਸਮੂਹਿਕ ਵਿਚਾਰ-ਚਰਚਾ ਰਾਹੀਂ ਅਗਲੀ ਰਣਨੀਤੀ ਤਹਿ ਕੀਤੀ ਗਈ।

 ਅੱਜ ਦੇ ਇਕੱਠ ਨੇ ਸਮੂਹਿਕ ਤੌਰ 'ਤੇ ਮਤਾ ਪਾਇਆ ਕਿ ਸੰਘਰਸ਼ ਹਰ ਤਰ੍ਹਾਂ ਨਾਲ ਜਾਰੀ ਰਹੇਗਾ। ਚਾਹੇ ਹਕੂਮਤ ਨੇ ਆਪਣੇ ਕਪੱਟੀ ਵਿਵਹਾਰ ਨਾਲ ਇਕ ਵਾਰ ਸਾਂਝੇ ਮੋਰਚੇ ਦੇ ਕੁਝ ਹਿੱਸਿਆਂ 'ਚ ਭਰਮ ਖੜ੍ਹੇ ਕਰ ਕੇ ਅਧਿਆਪਕ ਸੰਘਰਸ਼ ਦੀ ਚੜ੍ਹਤ ਨੂੰ ਠੱਲ੍ਹ ਪਾ ਦਿੱਤੀ ਹੈ ਪਰ ਸੰਘਰਸ਼ ਦਾ ਦਮ ਨਹੀਂ ਟੁੱਟਿਆ। ਪਟਿਆਲੇ ਦਾ ਹਫਤੇ ਭਰ ਦਾ ਧਰਨਾ ਸੂਬੇ ਭਰ ਦੇ ਹਜ਼ਾਰਾਂ ਅਧਿਆਪਕਾਂ ਨੂੰ ਇਹ ਸੰਦੇਸ਼ ਦੇਣ 'ਚ ਕਾਮਯਾਬ ਰਿਹਾ ਹੈ ਕਿ  ਹਕੂਮਤ ਤੋਂ ਮੰਗਾਂ ਮੰਨਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।


author

Shyna

Content Editor

Related News