ਬਾਬਾ ਜੀਵਨ ਸਿੰਘ ਦੇ ਡੇਰੇ ’ਚੋਂ 1.5 ਕਰੋੜ ਰੁਪਏ ਲੁੱਟਣ ਵਾਲੇ 4 ਲੁਟੇਰੇ ਕਾਬੂ
Saturday, Feb 29, 2020 - 11:48 AM (IST)
ਤਰਨਤਾਰਨ (ਰਮਨ, ਰਾਜੂ) : ਤਰਨਤਾਰਨ ਵਿਖੇ ਸਥਿਤ ਬਾਬਾ ਜੀਵਨ ਸਿੰਘ ਦੇ ਡੇਰੇ, ਜਿਸ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਚਲਾ ਰਹੇ ਹਨ, ਵਿਖੇ 24 ਫਰਵਰੀ ਦੀ ਰਾਤ ਨੂੰ ਚਾਰ ਅਣਪਛਾਤੇ ਲੁਟੇਰੇ ਡੇਰੇ ਦੇ ਖਜ਼ਾਨਚੀ ਅਤੇ ਇਕ ਸੇਵਾਦਾਰ ਨੂੰ ਬੰਧਕ ਬਣਾ ਕੇ ਕਰੀਬ 1.50 ਕਰੋੜ ਰੁਪਏ ਦੀ ਰਾਸ਼ੀ ਲੁੱਟ ਕੇ ਫਰਾਰ ਹੋ ਗਏ ਸਨ। ਇਸ ਮਾਮਲੇ 'ਚ ਪੁਲਸ ਨੇ ਕੁਲ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 46.50 ਲੱਖ ਰੁਪਏ ਦੀ ਲੁੱਟੀ ਹੋਈ ਰਾਸ਼ੀ ਅਤੇ ਇਕ ਸਵਿਫਟ ਡਿਜ਼ਾਇਰ ਕਾਰ ਨੂੰ ਬਰਾਮਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਾਬਾ ਜੀਵਨ ਸਿੰਘ ਡੇਰਾ ਜੋ ਗੋਇੰਦਵਾਲ ਬਾਈਪਾਸ ਨਜ਼ਦੀਕ ਤਰਨਤਾਰਨ ਵਿਖੇ ਸਥਿਤ ਹੈ ਵਿਖੇ ਬੀਤੇ ਸੋਮਵਾਰ ਦੀ ਦੇਰ ਰਾਤ ਚਾਰ ਅਣਪਛਾਤੇ ਲੁਟੇਰਿਆਂ ਵਲੋਂ ਮਰੀਜ਼ ਬਣ ਕੇ ਡੇਰੇ ਅੰਦਰ ਦਾਖਲ ਹੋਣ ਉਪਰੰਤ ਖਜ਼ਾਨਚੀ ਬਾਬਾ ਮਹਿੰਦਰ ਸਿੰਘ ਸਮੇਤ ਇਕ ਸੇਵਾਦਾਰ ਨੂੰ ਬੰਧਕ ਬਣਾਉਂਦੇ ਹੋਏ ਚੜ੍ਹਾਵੇ ਦੀ ਕਰੀਬ 1.50 ਕਰੋੜ ਰੁਪਏ ਦੀ ਰਾਸ਼ੀ ਨੂੰ ਲੁੱਟ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਐੱਸ. ਪੀ. (ਡੀ.) ਜਗਜੀਤ ਸਿੰਘ ਵਾਲੀਆ ਦੀ ਟੀਮ ਵਲੋਂ ਮੁਲਜ਼ਮਾਂ ਵਲੋਂ ਡੇਰੇ 'ਚ ਲੁੱਟ ਤੋਂ ਬਾਅਦ ਰੱਖੀ ਗਈ ਆਟੇ ਦੀ ਗੁੱਥੀ ਉੱਪਰ ਲਿਖੇ ਪਤੇ ਅਤੇ ਘਟਨਾ ਲਈ ਵਰਤੀ ਸਵਿਫਟ ਕਾਰ ਦੀ ਲੋਕੇਸ਼ਨ ਨੂੰ ਟ੍ਰੇਸ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਲੁੱਟ 'ਚ ਡੇਰੇ ਦੇ ਡਰਾਈਵਰ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਸੰਘਾ (ਤਰਨਤਾਰਨ) ਦਾ ਪੂਰਾ ਹੱਥ ਹੈ, ਜਿਸ ਨੇ ਆਪਣੇ ਸਾਥੀਆਂ ਸੁਖਚੈਨ ਸਿੰਘ ਉਰਫ ਚੈਨਾਂ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਖੁਰਮਨੀਆਂ (ਅੰਮ੍ਰਿਤਸਰ), ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਦਲਬੀਰ ਸਿੰਘ ਪਿੰਡ ਕੰਬੋਅ (ਅੰਮ੍ਰਿਤਸਰ), ਤਰਸੇਮ ਸਿੰਘ ਉਰਫ ਗਰੋਟਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਖੁਰਮਨੀਆਂ (ਅੰਮ੍ਰਿਤਸਰ), ਸੁਖਵਿੰਦਰ ਸਿੰਘ ਉਰਫ ਬਾਬਾ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਖੁਰਮਨੀਆਂ (ਅੰਮ੍ਰਿਤਸਰ), ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਤਰਸੇਮ ਸਿੰਘ ਵਾਸੀ ਖੁਰਮਨੀਆਂ (ਅੰਮ੍ਰਿਤਸਰ) ਨਾਲ ਇਸ ਲੁੱਟ ਨੂੰ ਅੰਜਾਮ ਦੇਣ ਦੀ ਵਿਉਂਤ ਤਿਆਰ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਚੈਨਾਂ ਨੂੰ ਪੰਡੋਰੀ ਗੋਲਾ ਮੁਰਾਦਪੁਰ (ਤਰਨਤਾਰਨ) ਤੋਂ ਲੁੱਟੀ ਹੋਈ 12 ਲੱਖ ਰੁਪਏ ਦੀ ਰਾਸ਼ੀ ਸਮੇਤ, ਬਲਵਿੰਦਰ ਸਿੰਘ (ਕਾਰ ਮਾਲਕ) ਨੂੰ 25 ਲੱਖ ਰੁਪਏ ਅਤੇ ਸੁਖਵਿੰਦਰ ਸਿੰਘ ਨੂੰ 9.50 ਲੱਖ ਰੁਪਏ ਦੀ ਰਾਸ਼ੀ ਸਮੇਤ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਕੇਸ 'ਚ ਸ਼ਾਮਲ ਸੁਖਚੈਨ ਸਿੰਘ ਚੈਨਾਂ ਅੱਤਵਾਦ ਦੌਰਾਨ ਪੰਜਵੜ ਗਰੁੱਪ ਦਾ ਸਾਥੀ ਰਹਿ ਚੁੱਕਾ ਹੈ ਅਤੇ ਇਹ 10 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਹੁਣ ਇਹ ਨਸ਼ੇ ਵਾਲੇ ਪਦਾਰਥਾਂ ਦੇ ਧੰਦੇ 'ਚ ਸ਼ਾਮਲ ਹੈ।