ਸਹੁਰਿਆਂ ਨੇ 23 ਲੱਖ ਲਗਾ ਕੈਨੇਡਾ ਭੇਜੀ ਨੂੰਹ, ਪਤੀ ਨੂੰ ਬੁਲਾਉਣ ਤੋਂ ਮੁਕਰੀ

01/25/2020 11:01:38 AM

ਤਪਾ ਮੰਡੀ (ਸ਼ਾਮ, ਗਰਗ) : ਪਿੰਡ ਢਿਲਵਾਂ ਦੇ ਲੜਕੇ ਨਾਲ ਵਿਆਹ ਕਰਵਾ ਕੇ ਕੈਨੇਡਾ ਗਈ ਲੜਕੀ ਵੱਲੋਂ 23 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਲੜਕੀ ਸਮੇਤ ਉਸ ਦੇ ਮਾਤਾ-ਪਿਤਾ, ਭਰਾ, ਤਾਇਆ-ਤਾਈ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਮੁਖੀ ਨਰਾਇਣ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਢਿਲਵਾਂ ਨੇ ਐੱਸ. ਐੱਸ. ਪੀ. ਬਰਨਾਲਾ ਨੂੰ ਦਿੱਤੀ ਦਰਖਾਸਤ 'ਚ ਕਿਹਾ ਕਿ ਉਸ ਦੇ ਭਰਾ ਕੁਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਢਿਲਵਾਂ ਦੀ ਮੰਗਣੀ ਆਈਲੈਟਸ ਕੀਤੀ ਲੜਕੀ ਗੁਰਪ੍ਰੀਤ ਕੌਰ ਪੁੱਤਰੀ ਜਗਰਾਜ ਸਿੰਘ ਵਾਸੀ ਦਾਨਗੜ੍ਹ ਨਾਲ 3 ਮਈ, 2018 ਨੂੰ ਹੋਈ ਸੀ ਅਤੇ ਲੜਕੀ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਲੜਕੇ ਵੱਲੋਂ ਕੀਤਾ ਗਿਆ ਤਾਂ ਕਿ ਵਿਆਹ ਤੋਂ ਬਾਅਦ ਲੜਕੀ ਲੜਕੇ ਨੂੰ ਕੈਨੇਡਾ ਲੈ ਜਾਵੇਗੀ। ਸਾਰਾ ਪਰਿਵਾਰ ਸਹਿਮਤ ਹੋ ਗਿਆ। ਇਸ ਤੋਂ ਬਾਅਦ ਮੇਰੀ ਮਾਸੀ ਅੰਮ੍ਰਿਤ ਕੌਰ ਦੇ ਖਾਤੇ 'ਚੋਂ ਗੁਰਪ੍ਰੀਤ ਕੌਰ ਦੇ ਕੈਨੇਡਾ ਜਾਣ ਲਈ ਫੀਸ 21-2-2018 ਨੂੰ 3 ਲੱਖ 82 ਹਜ਼ਾਰ 812 ਰੁਪਏ ਟਰਾਂਸਫਰ ਕੀਤੇ ਗਏ। 3 ਅਗਸਤ 2018 ਨੂੰ 4902 ਡਾਲਰ ਗੁਰਪ੍ਰੀਤ ਕੌਰ ਦੇ ਖਰਚੇ ਲਈ ਤਬਦੀਲ ਕੀਤੇ ਗਏ। ਇਸ ਉਪਰੰਤ 3 ਮਾਰਚ, 2018 ਨੂੰ ਉਸ ਵੱਲੋਂ 5 ਲੱਖ 18 ਹਜ਼ਾਰ ਕੈਨੇਡਾ ਜਾਣ ਲਈ ਜਮ੍ਹਾ ਕਰਵਾਏ ਗਏ।

ਇਸ ਤੋਂ ਇਲਾਵਾ ਟਿਕਟ, ਖਰੀਦਦਾਰੀ, ਏਜੰਟ ਦੀ ਫੀਸ ਅਤੇ ਹੋਰ ਫੁੱਟਕਲ ਖਰਚੇ ਮੇਰੇ ਪਰਿਵਾਰ ਵੱਲੋਂ ਕੈਨੇਡਾ ਭੇਜਣ ਲਈ ਦਿੱਤੇ ਗਏ। ਉਨ੍ਹਾਂ ਦੱਸਿਆ ਕਿ 1 ਮਈ, 2019 ਨੂੰ ਕੁਲਵਿੰਦਰ ਦਾ ਵਿਆਹ ਗੁਰਪ੍ਰੀਤ ਕੌਰ ਸ਼ੇਰਗਿੱਲ ਨਾਲ ਹੋ ਗਿਆ। ਵਿਆਹ ਤੋਂ ਬਾਅਦ 9 ਮਈ ਨੂੰ ਗੁਰਪ੍ਰੀਤ ਕੌਰ ਕੈਨੇਡਾ ਚਲੀ ਗਈ। ਫਿਰ ਵੀ ਗੁਰਪ੍ਰੀਤ ਕੌਰ ਦੀਆਂ ਪੜ੍ਹਾਈ ਲਈ ਫੀਸਾਂ ਵੀ ਉਸ ਦਾ ਭਰਾ ਭੇਜਦਾ ਰਿਹਾ। ਇਸ ਤੋਂ ਬਾਅਦ ਜਦੋਂ ਅਸੀਂ ਗੁਰਪ੍ਰੀਤ ਕੌਰ ਨੂੰ ਕੁਲਵਿੰਦਰ ਸਿੰਘ ਦੀ ਫਾਈਲ ਕੈਨੇਡਾ ਲਾਉਣ ਲਈ ਕਿਹਾ ਤਾਂ ਉਸ ਨੇ 15 ਲੱਖ ਰੁਪਏ ਹੋਰ ਮੰਗ ਕੇ ਪੇਕੇ ਪਰਿਵਾਰ ਨੂੰ ਦੇਣ ਲਈ ਕਿਹਾ ਕਿਉਂਕਿ ਉਸ ਦਾ ਪਰਿਵਾਰ ਲਾਲਚੀ ਕਿਸਮ ਦਾ ਹੈ। ਹੁਣ ਗੁਰਪ੍ਰੀਤ ਕੌਰ ਉਸ ਦੇ ਭਰਾ ਕੁਲਵਿੰਦਰ ਸਿੰਘ ਦੀ ਫਾਈਲ ਨਹੀਂ ਲਾ ਰਹੀ, ਜਦੋਂ ਵੀ ਕੁਲਵਿੰਦਰ ਸਿੰਘ ਆਪਣੀ ਪਤਨੀ ਨੂੰ ਫੋਨ ਕਰਦਾ ਹੈ ਤਾਂ ਉਹ ਉਸ ਨੂੰ ਬੁਰਾ-ਭਲਾ ਬੋਲਦੀ ਹੈ, ਜਿਸ ਦੀ ਸਾਰੀ ਰਿਕਾਰਡਿੰਗ ਉਨ੍ਹਾਂ ਕੋਲ ਹੈ। ਜਦੋਂ ਅਸੀਂ ਉਸ ਦੇ ਪਰਿਵਾਰ ਨਾਲ ਗੱਲ ਕਰਦੇ ਹਾਂ ਤਾਂ ਉਸ ਦਾ ਪਿਤਾ ਅਤੇ ਬਾਕੀ ਪਰਿਵਾਰ ਇਹ ਕਹਿ ਰਿਹਾ ਹੈ ਕਿ ਅਸੀਂ ਤਾਂ ਤੁਹਾਡੇ ਨਾਲ ਠੱਗੀ ਮਾਰਨ ਦਾ ਢੌਂਗ ਰਚਾਇਆ ਸੀ। ਇਸ ਤਰ੍ਹਾਂ ਨਾਲ ਗੁਰਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਨੇ ਮਿਲ ਕੇ 23 ਲੱਖ ਰੁਪਏ ਦੀ ਠੱਗੀ ਕੀਤੀ ਹੈ।

ਪੁਲਸ ਨੇ ਜਾਂਚ-ਪੜਤਾਲ ਤੋਂ ਬਾਅਦ ਗੁਰਪ੍ਰੀਤ ਕੌਰ ਸ਼ੇਰਗਿੱਲ ਪੁੱਤਰੀ ਜਗਰਾਜ ਸਿੰਘ, ਰਾਜ ਕੌਰ ਪਤਨੀ ਜਗਰਾਜ ਸਿੰਘ, ਜਗਰਾਜ ਸਿੰਘ ਪੁੱਤਰ ਮੇਜਰ ਸਿੰਘ, ਜਸਪ੍ਰੀਤ ਸਿੰਘ ਪੁੱਤਰ ਜਗਰਾਜ ਸਿੰਘ, ਤਾਈ ਗੁਰਮੇਲ ਪਤਨੀ ਗੁਰਤੇਜ ਸਿੰਘ, ਤਾਇਆ ਗੁਰਤੇਜ ਸਿੰਘ ਪੁੱਤਰ ਮੇਜਰ ਸਿੰਘ ਵਾਸੀਆਨ ਦਾਨਗੜ੍ਹ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਮੁਖੀ ਨਰਾਇਣ ਸਿੰਘ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਫਾਈਲ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਗਈ ਹੋਈ ਹੈ।


cherry

Content Editor

Related News