ਟਕਸਾਲੀ ਅਕਾਲੀਆਂ ''ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ ''ਤੇ ਨਜ਼ਰ
Wednesday, Jan 12, 2022 - 06:24 PM (IST)
ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ।ਅਕਾਲੀ-ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦਰਮਿਆਨ ਅਕਾਲੀ ਦਲ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ ਹੈ, ਜਦੋਂ ਟਕਸਾਲੀ ਅਕਾਲੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪੂਰਾ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਗਿਆ। ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਲਈ 2 ਵੱਡੀਆਂ ਚੁਣੌਤੀਆਂ ਸਨ, ਇਕ ਸਿੱਖ ਵੋਟ ਬੈਂਕ ਆਪਣੇ ਵੱਲ ਖਿੱਚਣਾ ਤੇ ਦੂਜਾ ਸਿੱਖ ਚਿਹਰਿਆਂ ਦੀ ਭਾਲ। ਇਸ ਦੇ ਲਈ ਭਾਜਪਾ ਨੇ ਸਿਆਸਤ ਦਾ ਕੇਂਦਰ ਰਹੇ 3 ਵੱਡੇ ਅਕਾਲੀ ਟਕਸਾਲੀ ਤੇ ਪ੍ਰਭਾਵਸ਼ਾਲੀ ਪਰਿਵਾਰਾਂ ਨੂੰ ਆਪਣੇ ਨਾਲ ਜੋੜਨ 'ਚ ਕਾਮਯਾਬੀ ਹਾਸਲ ਕਰ ਲਈ ਹੈ।
ਇਹ ਵੀ ਪੜ੍ਹੋ : ਚੋਣ ਮੈਦਾਨ 'ਚ ਨਿੱਤਰੇ ਬਲਬੀਰ ਰਾਜੇਵਾਲ, ਇਸ ਹਲਕੇ ਤੋਂ ਲੜਨਗੇ ਚੋਣ
ਬੀਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਦਿੱਲੀ 'ਚ ਭਾਜਪਾ ਦੇ ਸੂਬਾ ਚੋਣ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਤੇ ਹੋਰ ਪ੍ਰਮੁੱਖ ਭਾਜਪਾ ਆਗੂਆਂ ਨੇ ਟੌਹੜਾ ਪਰਿਵਾਰ ਨੂੰ ਪਾਰਟੀ ਦੇ ਨਾਲ ਜੋੜਿਆ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਨੂੰ ਭਾਜਪਾ 'ਚ ਸ਼ਾਮਲ ਕੀਤਾ। ਟੌਹੜਾ ਪਰਿਵਾਰ ਤੀਜਾ ਅਕਾਲੀ ਟਕਸਾਲੀ ਪਰਿਵਾਰ ਹੈ, ਜਿਸ ਨੇ ਭਾਜਪਾ ਜੁਆਇਨ ਕੀਤੀ ਹੈ। ਇਸ ਤੋਂ ਪਹਿਲਾਂ ਜਗਦੇਵ ਸਿੰਘ ਤਲਵੰਡੀ ਤੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਭਾਜਪਾ ਨਾਲ ਗਠਜੋੜ ਕਰ ਚੁੱਕਿਆ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਸੂਬੇ ਦੀ ਸਿਆਸਤ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਿੰਦੂ ਸਿਆਸੀ ਪਾਰਟੀ ਨੇ ਪੰਥਕ ਅਕਾਲੀ ਰਾਜਨੀਤੀ ਦੀ ਜਿੰਦ-ਜਾਨ ਰਹੇ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਨਾਲ ਜੋੜਿਆ ਹੈ। ਹੁਣ ਇਹ ਵੀ ਕਨਸੋਆਂ ਆ ਰਹੀਆਂ ਹਨ ਕਿ ਭਾਜਪਾ ਦੀ ਨਜ਼ਰ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ 'ਤੇ ਹੈ ਕਿਉਂਕਿ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਚੰਦ ਗਰਗ ਨੂੰ ਟਿਕਟ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਟਿਕਟਾਂ ਵੇਚਣ ਦੇ ਇਲਜ਼ਾਮ 'ਤੇ ਬੋਲੇ ਕੇਜਰੀਵਾਲ, ਮੇਰੇ ਘਰੇ ਆ ਕੇ ਬਲਬੀਰ ਰਾਜੇਵਾਲ ਨੇ ਸਾਂਝੇ ਕੀਤੇ ਸਨ ਇਹ ਸਬੂਤ
ਗੁਰਚਰਨ ਸਿੰਘ ਟੌਹੜਾ ਪਰਿਵਾਰ
ਪੰਥ ਰਤਨ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਸਿੱਖਾਂ ਦੇ ਹਰ ਮੁੱਦੇ 'ਤੇ ਲੜਾਈ ਲੜਦੇ ਰਹੇ ਹਨ ਪਰ ਉਨ੍ਹਾਂ ਦਾ ਦੋਹਤਾ ਕੰਵਰਵੀਰ ਸਿੰਘ ਟੌਹੜਾ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਚੁੱਕੇ ਹਨ। ਟੌਹੜਾ ਦੀ ਧੀ ਕੁਲਦੀਪ ਕੌਰ 2016 'ਚ 'ਆਪ' 'ਚ ਚਲੇ ਗਏ ਤੇ 2019 'ਚ ਟੌਹੜਾ ਪਰਿਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਿਆ ਸੀ।
ਜਗਦੇਵ ਸਿੰਘ ਤਲਵੰਡੀ ਪਰਿਵਾਰ
ਸਵ. ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਜਥੇਦਾਰ ਰਣਜੀਤ ਸਿੰਘ ਤਲਵੰਡੀ ਜੁਲਾਈ 2020 'ਚ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) 'ਚ ਚਲੇ ਗਏ, ਜੋ ਬਾਅਦ 'ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣ ਗਿਆ, ਜਿਸ ਦਾ ਹੁਣ ਭਾਜਪਾ ਨਾਲ ਗਠਜੋੜ ਹੈ।
ਸੁਖਦੇਵ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਮੋਹਰੀ ਆਗੂਆਂ 'ਚੋਂ ਇਕ ਸੁਖਦੇਵ ਸਿੰਘ ਢੀਂਡਸਾ ਵੀ ਸਨ, ਜਿਨ੍ਹਾਂ 2020 'ਚ ਅਲੱਗ ਹੋ ਕੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾ ਲਈ। ਢੀਂਡਸਾ ਵੀ ਹੁਣ ਭਾਜਪਾ ਨਾਲ ਗਠਜੋੜ ਕਰ ਚੁੱਕੇ ਹਨ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ