ਜ਼ਿਲੇ ''ਚ ਮਿਲੇ ਸਵਾਈਨ ਫਲ਼ੂ ਦੇ ਦੂਸਰੇ ਮਰੀਜ਼ ਦੀ ਹੋਈ ਮੌਤ

Sunday, Oct 08, 2017 - 07:40 AM (IST)

ਜ਼ਿਲੇ ''ਚ ਮਿਲੇ ਸਵਾਈਨ ਫਲ਼ੂ ਦੇ ਦੂਸਰੇ ਮਰੀਜ਼ ਦੀ ਹੋਈ ਮੌਤ

ਤਰਨਤਾਰਨ,   (ਰਮਨ)-  ਜ਼ਿਲੇ 'ਚ ਇਕ ਹੋਰ ਸਵਾਈਨ ਫਲ਼ੂ ਨਾਲ ਪੀੜਤ ਮਰੀਜ਼ ਦੀ ਮੌਤ ਹੋਣ ਦੀ ਖਬਰ ਫੈਲਣ ਨਾਲ ਲੋਕਾਂ ਵਿਚ ਜਿੱਥੇ ਸਨਸਨੀ ਫੈਲ ਗਈ ਹੈ, ਉਥੇ ਸਿਹਤ ਵਿਭਾਗ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ। 
 ਜਾਣਕਾਰੀ ਅਨੁਸਾਰ ਪਿੰਡ ਕੋਟਦਾਤਾ ਦੇ ਵਾਸੀ ਹਰਵਿੰਦਰ ਸਿੰਘ ਪੁੱੱਤਰ ਪਾਲ ਸਿੰਘ (35) ਜੋ ਬੀਤੇ ਵੀਰਵਾਰ ਨੂੰ ਸਾਹ ਦੀ ਤਕਲੀਫ ਕਾਰਨ ਤਰਨਤਾਰਨ ਦੇ ਇਕ ਹਸਪਤਾਲ ਵਿਚ ਲਿਆਂਦਾ ਗਿਆ, ਨੂੰ ਡਾਕਟਰਾਂ ਨੇ ਜ਼ਿਆਦਾ ਤਕਲੀਫ ਹੋਣ ਕਾਰਨ ਵੈਂਟੀਲੇਟਰ 'ਤੇ ਰੱਖ ਲਿਆ ਸੀ ਅਤੇ ਇਲਾਜ ਸ਼ੁਰੂ ਕਰ ਦਿੱਤਾ ਸੀ। ਮਰੀਜ਼ ਦਾ ਵੀ. ਟੀ. ਐੱਮ. (ਵਾਇਰਸ ਟਰਾਂਸਫਰ ਮੀਡੀਅਮ) ਕਿੱਟ ਰਾਹੀਂ ਸੈਂਪਲ ਚੰਡੀਗੜ੍ਹ ਪੀ. ਜੇ. ਆਈ. ਦੇ ਵਾਈਰੋਲੋਜੀ ਵਿਭਾਗ ਨੂੰ ਭੇਜਿਆ ਸੀ, ਜਿਸ ਦੀ ਰਿਪੋਰਟ ਸ਼ੁੱਕਰਵਾਰ ਆਉਣੀ ਸੀ ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੀ. ਜੀ. ਆਈ. ਤੋਂ ਆਈ ਇਸ ਰਿਪੋਰਟ ਵਿਚ ਸਵਾਈਨ ਫਲ਼ੂ 'ਸੀ' ਕੈਟਾਗਰੀ ਵਿਚ ਪਾਇਆ ਗਿਆ, ਜਿਸ ਕਾਰਨ ਉਸ ਨੂੰ ਸਾਹ ਦੀ ਜ਼ਿਆਦਾ ਤਕਲੀਫ ਹੁੰਦੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨ ਪਹਿਲਾਂ ਵੀ ਇਕ ਸਵਾਈਨ ਫਲ਼ੂ ਨਾਲ ਪੀੜਤ ਕੇਸ ਸਾਹਮਣੇ ਆਇਆ ਸੀ, ਜਿਸ ਦੀ ਹਾਲਤ ਕਾਫੀ ਖਰਾਬ ਸੀ ਪਰ ਅੱਜ ਉਸ ਮਰੀਜ਼ ਦੀ ਹਾਲਤ ਵਿਚ ਕਾਫੀ ਜ਼ਿਆਦਾ ਸੁਧਾਰ ਆ ਗਿਆ ਹੈ। 
ਕੀ ਕਹਿੰਦੇ ਹਨ ਸਿਵਲ ਸਰਜਨ :  ਇਸ ਸਬੰਧੀ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਹਰਵਿੰਦਰ ਸਿੰਘ ਨਾਮਕ ਵਿਅਕਤੀ ਜ਼ਿਲੇ ਦਾ ਦੂਸਰਾ ਸਵਾਈਨ ਫਲ਼ੂ ਨਾਲ ਪੀੜਤ ਮਰੀਜ਼ ਪਾਇਆ ਗਿਆ ਹੈ, ਜਿਸ ਦੀ ਹਾਲਤ 'ਸੀ' ਕੈਟਾਗਰੀ ਪਾਈ ਗਈ ਸੀ, ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਇਸ ਮਰੀਜ਼ ਦੀ ਹਿਸਟਰੀ ਪਤਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਕੀ ਕਹਿਣਾ ਹੈ ਜ਼ਿਲਾ ਐਪੀਡੋਮੋਲੋਜਿਸਟ ਅਫਸਰ ਦਾ : ਇਸ ਸਬੰਧੀ ਜ਼ਿਲਾ ਐਪੀਡੋਮੋਲੋਜਿਸਟ ਅਫਸਰ ਡਾ. ਆਭਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਮਰੀਜ਼ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ, ਜੋ ਕਿ ਟੀ. ਬੀ. ਦੀ ਬੀਮਾਰੀ ਨਾਲ ਵੀ ਪੀੜਤ 'ਸੀ' ਅਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਹ ਦੀ ਬੀਮਾਰੀ ਦਾ ਸ਼ਿਕਾਰ ਸੀ, ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ। ਇਸ ਮ੍ਰਿਤਕ ਦੇ ਸਮੂਹ ਪਰਿਵਾਰਕ ਮੈਂਬਰਾਂ ਸਮੇਤ ਬੱਚਿਆਂ ਨੂੰ ਅੋਸਲਟੈਮੀਵਿਰ ਨਾਮਕ ਦਵਾਈ ਦੀਆਂ ਗੋਲੀਆਂ ਖੁਆ ਦਿੱਤੀਆਂ ਗਈਆਂ ਹਨ ਅਤੇ ਛੋਟੇ ਬੱਚਿਆਂ ਨੂੰ ਇਸ ਦਵਾਈ ਦਾ ਸੀਰਪ ਦੇ ਦਿੱਤਾ ਗਿਆ ਹੈ। 


Related News