ਖੋਹੀ ਹੋਈ ਸਵਿੱਫਟ ਡਿਜ਼ਾਇਰ ਕਾਰ ਨੂੰ ਪੁਲਸ ਨੇ 4 ਘੰਟਿਆਂ ''ਚ ਕੀਤਾ ਬਰਾਮਦ

Saturday, Aug 05, 2017 - 04:31 PM (IST)

ਹੁਸ਼ਿਆਰਪੁਰ(ਅਸ਼ਵਨੀ)— ਜ਼ਿਲਾ ਪੁਲਸ ਨੇ ਅੱਡਾ ਚੌਲਾਂਗ ਖੋਖਰ ਸਥਿਤ ਇਕ ਮੋਬਾਈਲਾਂ ਦੀ ਦੁਕਾਨ ਦੇ ਮਾਲਕ ਵਿਜੇ ਕੁਮਾਰ ਪੁੱਤਰ ਗੁਰਬਚਨ ਸਿੰਘ ਤੋਂ ਖੋਹੀ ਸਵਿੱਫਟ ਡਿਜ਼ਾਇਰ ਕਾਰ ਨੰ. ਪੀ. ਬੀ 08 ਸੀ. ਐੱਸ-7081, ਜਿਸ 'ਚ 50 ਮੋਬਾਈਲ ਅਤੇ 5 ਹਜ਼ਾਰ ਰੁਪਏ ਸਨ, ਉਸ ਨੂੰ ਘਟਨਾ ਦੇ 4 ਘੰਟਿਆਂ ਬਾਅਦ ਹੀ ਬਰਾਮਦ ਕਰ ਲਈ।
ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਦੱਸਿਆ ਕਿ ਵਿਜੇ ਕੁਮਾਰ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਹ ਆਪਣੇ ਘਰ ਜਾ ਰਿਹਾ ਸੀ। ਉਹ ਬੇਕਰੀ ਕੋਲ ਸਾਮਾਨ ਖਰੀਦਣ ਲਈ ਕਾਰ 'ਚੋਂ ਉਤਰਿਆ ਤਾਂ 3 ਅਣਪਛਾਤੇ ਲੁਟੇਰੇ ਪਿਸਤੌਲ ਵਰਗਾ ਹਥਿਆਰ ਦਿਖਾ ਕਾਰ ਖੋਹ ਕੇ ਪਿੰਡ ਜੌੜਾ ਵੱਲ ਫਰਾਰ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਟਾਂਡਾ ਦੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 382 ਅਧੀਨ ਕੇਸ ਦਰਜ ਕਰ ਕੇ ਅਲਰਟ ਐਲਾਨ ਦਿੱਤਾ ਅਤੇ ਜ਼ਿਲੇ ਦੇ ਵੱਖ-ਵੱਖ ਸਥਾਨਾਂ ਤੇ ਨਾਲ ਲੱਗਦੇ ਜ਼ਿਲੇ 'ਚ ਨਾਕਾਬੰਦੀ ਕਰਵਾ ਦਿੱਤੀ ਸੀ। 
ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੀ ਭਾਲ 'ਚ ਐੱਸ. ਪੀ. ਡਿਟੈਕਟਿਵ ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਹਰਜਿੰਦਰ ਸਿੰਘ ਅਤੇ ਡੀ. ਐੱਸ. ਪੀ. ਦਸੂਹਾ ਰਾਜਿੰਦਰ ਕੁਮਾਰ ਦੀ ਅਗਵਾਈ 'ਚ ਪੁਲਸ ਟੀਮਾਂ ਵੱਲੋਂ ਵੱਖ-ਵੱਖ ਸਥਾਨਾਂ 'ਤੇ ਸਰਚ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ। ਪੁਲਸ ਵੱਲੋਂ ਬਣਾਏ ਦਬਾਅ ਕਾਰਨ ਲੁਟੇਰੇ ਉਕਤ ਕਾਰ ਥਾਣਾ ਬੁੱਲ੍ਹੋਵਾਲ ਅਧੀਨ ਪਿੰਡ ਹੁਸੈਨਪੁਰ ਲਾਲੋਵਾਲ 'ਚ ਛੱਡ ਕੇ ਫਰਾਰ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਕਾਰ 'ਚੋਂ ਮੋਬਾਈਲ ਅਤੇ ਨਕਦੀ ਵੀ ਕਬਜ਼ੇ 'ਚ ਲੈ ਲਈ ਹੈ ਅਤੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Related News