ਸਫਾਈ ਕਾਮਿਆਂ, ਗਾਰਬੇਜ ਕੁਲੈਕਟਰਾਂ ਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਵੱਲੋਂ ਹੜਤਾਲ
Friday, May 28, 2021 - 08:55 PM (IST)
ਮੋਹਾਲੀ ( ਨਿਆਮੀਆਂ)- ਅੱਜ ਇੱਥੇ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਸੱਦੇ ’ਤੇ ਸਮੂਹ ਸਫਾਈ ਕਾਮਿਆਂ, ਗਾਰਬੇਜ ਕੁਲੈਕਟਰਾਂ ਅਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਸਮੇਤ ਸਮੁੱਚੇ ਸਫਾਈ ਕਾਮਿਆਂ ਵੱਲੋਂ ਸਫਾਈ ਦਾ ਕੰਮ ਬੰਦ ਕਰ ਕੇ ਹੜਤਾਲ ਕੀਤੀ ਗਈ, ਉਪਰੰਤ ਸਮੂਹ ਸਫਾਈ ਕਾਮੇ ਵੱਡੀ ਗਿਣਤੀ ਵਿਚ ਮਿਊਂਸੀਪਲ ਭਵਨ ਸੈਕਟਰ-68 ਮੋਹਾਲੀ ਵਿਖੇ ਇਕੱਠੇ ਹੋਏ ਅਤੇ ਸਰਕਾਰ ਖਿਲਾਫ ਜ਼ੋਰਦਾਰ ਰੈਲੀ ਕੀਤੀ।
ਇਹ ਖ਼ਬਰ ਪੜ੍ਹੋ- ਇੰਗਲੈਂਡ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲੱਗਿਆ ਕੋਵਿਡ-19 ਦਾ ਪਹਿਲਾ ਟੀਕਾ
ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁੱਖ ਆਗੂਆਂ ਵਿਚ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਿਆਲ, ਮੋਹਾਲੀ ਸਫਾਈ ਕਾਮਿਆਂ ਦੇ ਪ੍ਰਧਾਨ ਸ਼ੋਭਾ ਰਾਮ, ਸੀਨੀਅਰ ਮੀਤ ਪ੍ਰਧਾਨ ਰਾਜ ਮੋਹਨ, ਗਾਰਬੇਜ ਕੁਲੈਕਟਰਾਂ ਦੇ ਪ੍ਰਧਾਨ ਰਾਜਨ ਚਾਵਰੀਆ, ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ, ਜ਼ੀਰਕਪੁਰ ਤੋਂ ਰਵਿੰਦਰ ਪਾਲ, ਪ੍ਰਦੀਪ ਸੂਦ, ਡੇਰਾਬੱਸੀ ਤੋਂ ਹਰਵਿੰਦਰ ਸਿੰਘ, ਲਾਲੜੂ ਤੋਂ ਪਰਵੀਨ ਕੁਮਾਰ, ਨਵਾਂ ਗਾਓਂ ਤੋਂ ਜੈ ਪਾਲ, ਖਰੜ ਤੋਂ ਬਿੰਦਰ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿਚ ਆਗੂ ਸ਼ਾਮਲ ਹੋਏ।
ਇਹ ਖ਼ਬਰ ਪੜ੍ਹੋ- PCB ਨੂੰ ਭਾਰਤ ਤੇ ਦੱ. ਅਫਰੀਕਾ ਤੋਂ ਚਾਰਟਰਡ ਜਹਾਜ਼ਾਂ ਨੂੰ ਆਬੂ ਧਾਬੀ 'ਚ ਉਤਾਰਨ ਦੀ ਮਿਲੀ ਇਜ਼ਾਜਤ
ਆਗੂਆਂ ਨੇ ਕਿਹਾ ਕਿ ਇਹ ਹੜਤਾਲ ਕਰਨਾ ਸਾਡੀ ਮਜ਼ਬੂਰੀ ਹੈ ਕਿਉਂਕਿ ਨਗਰ ਨਿਗਮ ਮੋਹਾਲੀ ਦੇ ਉੱਚ ਅਧਿਕਾਰੀਆਂ, ਕਮਿਸ਼ਨਰ ਅਤੇ ਮੇਅਰ ਨਾਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਗੱਲ ਸਿਰੇ ਨਹੀਂ ਚੜੀ, ਇਸ ਲਈ ਅੱਜ ਦੀ ਹੜਤਾਲ ਨਗਰ ਨਿਗਮ ਮੋਹਾਲੀ ਵੱਲੋਂ ਸਫਾਈ ਦੇ ਦਿੱਤੇ ਜਾ ਰਹੇ ਠੇਕੇ ਦੇ ਵਿਰੋਧ ਵਿਚ ਕੀਤੀ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ ਸਫਾਈ ਦਾ ਠੇਕਾ ਕਿਸੇ ਪ੍ਰਾਈਵੇਟ ਕੰਪਨੀ ਜਾਂ ਠੇਕੇਦਾਰਾਂ ਨੂੰ ਦੇਣ ਦੀ ਬਜਾਏ ਇਨ੍ਹਾਂ ਸਫਾਈ ਸੇਵਕਾਂ ਨੂੰ ਨਿਗਮ ਅਧੀਨ ਸਿੱਧੇ ਤੌਰ ’ਤੇ ਰੱਖ ਕੇ ਕੰਮ ਕਰਵਾਇਆ ਜਾਵੇ ਅਤੇ ਹੋ ਰਹੀ ਸਰਕਾਰੀ ਖਜ਼ਾਨੇ ਦੀ ਲੁੱਟ ਨੂੰ ਰੋਕਿਆ ਜਾਵੇ। ਆਗੂਆਂ ਨੇ ਦੱਸਿਆ ਕਿ ਜਦੋਂ ਤਕ ਸਾਡੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਦੋਂ ਤਕ ਹੜਤਾਲ ਜਾਰੀ ਰਹੇਗੀ। ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਿਆਲ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਹੜਤਾਲ ਕਰਨਾ ਜਥੇਬੰਦੀ ਦੀ ਮਜ਼ਬੂਰੀ ਹੈ। ਹੜਤਾਲ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਵਿਚ ਸਾਡਾ ਸਾਥ ਦਿਓ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।