''ਸਵੱਛ ਭਾਰਤ ਮੁਹਿੰਮ'' ''ਚ ਬਾਜ਼ੀ ਮਾਰ ਗਿਐ ਸ਼ਹਿਰ ਲੁਧਿਆਣਾ, ਦੇਸ਼ ਭਰ ''ਚੋਂ ਕੀਤਾ ਪਹਿਲਾ ਸਥਾਨ ਹਾਸਲ

09/18/2017 7:39:04 PM

ਲੁਧਿਆਣਾ(ਹਿਤੇਸ਼)— ਮੁਲਕ ਭਰ ਵਿਚ ਵਿੱਢੀ ਗਈ 'ਮਿਸ਼ਨ ਸਵੱਛ ਅਤੇ ਸਵੱਸਥ' ਦੀ ਲਗਾਤਾਰ ਜ਼ਿਲੇਵਾਰ ਕੀਤੀ ਜਾਂਦੀ ਨਜ਼ਰਸਾਨੀ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਜ਼ਿਲਾ ਲੁਧਿਆਣਾ ਦੇਸ਼ 'ਚੋਂ ਪਹਿਲੇ ਸਥਾਨ ਉੱਤੇ ਆਇਆ ਹੈ। ਦੱਸਣਯੋਗ ਹੈ ਕਿ ਇਕ ਮਹੀਨਾ ਪਹਿਲਾਂ ਵੀ ਇਹ ਦਰਜਾਬੰਦੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਜ਼ਿਲਾ ਲੁਧਿਆਣਾ ਨੂੰ 123ਵਾਂ ਦਰਜਾ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ 122 ਦਰਜਿਆਂ ਦਾ ਸੁਧਾਰ ਕਰਨਾ ਇਸ ਮਿਸ਼ਨ ਨੂੰ ਸਹੀ ਮਾਅਨਿਆਂ 'ਚ ਲਾਗੂ ਕਰਨ ਵੱਲ ਚੰਗਾ ਸੰਕੇਤ ਹੈ।  
ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਸੁਰਭੀ ਮਲਿਕ ਨੇ ਦੱਸਿਆ ਕਿ ਦੇਸ਼ ਨੂੰ 2019  ਤੱਕ ਪੂਰੀ ਤਰ੍ਹਾਂ 'ਸਵੱਛ ਅਤੇ ਸਵੱਸਥ' ਬਣਾਉਣ ਲਈ ਸਾਰੇ ਸੂਬਿਆਂ ਵਿੱਚ ਚਲਾਈਆਂ ਜਾ ਰਹੀਆਂ 'ਮਿਸ਼ਨ ਸਵੱਛ ਤੇ ਸਵੱਸਥ' ਮੁਹਿੰਮਾਂ ਵਿਚ ਸਿਹਤਮੰਦ ਮੁਕਾਬਲਾ ਕਰਵਾਉਣ ਲਈ ਕੇਂਦਰ ਸਰਕਾਰ ਦੇ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਲਗਾਤਾਰ ਅਤੇ ਜ਼ਿਲੇਵਾਰ ਨਜ਼ਰਸਾਨੀ ਕੀਤੀ ਜਾਂਦੀ ਹੈ। ਹਰ ਰੋਜ਼ ਕੀਤੀ ਜਾਣ ਵਾਲੀ ਇਸ ਨਜ਼ਰਸਾਨੀ ਦੇ ਨਤੀਜਿਆਂ ਦੇ ਅਧਾਰ ਉੱਤੇ ਮੋਹਰੀ ਰਹਿਣ ਵਾਲੇ ਜ਼ਿਲਿਆਂ ਨੂੰ ਆਉਂਦੀ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਰਸਕਾਰ ਦਿੱਤੇ ਜਾਣਗੇ। ਜਾਰੀ ਕੀਤੀ ਗਈ ਤਾਜ਼ਾ ਦਰਜਾਬੰਦੀ ਵਿੱਚ ਜਿੱਥੇ ਜ਼ਿਲਾ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਨੂੰ ਦੇਸ਼ ਭਰ 'ਚੋਂ ਪਹਿਲਾਂ ਸਥਾਨ ਦਿੱਤਾ ਗਿਆ ਹੈ, ਉਥੇ ਹੀ ਜ਼ਿਲਾ ਬਰਨਾਲਾ ਨੂੰ 9ਵਾਂ ਸਥਾਨ ਦਿੱਤਾ ਗਿਆ ਹੈ। 
ਅਗਰਵਾਲ ਅਤੇ ਮਲਿਕ ਨੇ ਜ਼ਿਲਾ ਲੁਧਿਆਣਾ 'ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜ਼ਿਲਾ ਲੁਧਿਆਣਾ ਵਿੱਚ ਬੰਦ ਪਾਈਆਂ ਜਲ ਸਪਲਾਈ ਸਕੀਮਾਂ ਨੂੰ ਚਾਲੂ ਕਰਨ, ਇਨ੍ਹਾਂ ਨੂੰ 10 ਅਤੇ 24 ਘੰਟੇ ਸਪਲਾਈ ਸਕੀਮ ਤਹਿਤ ਲਿਆਉਣ, ਪਿੰਡਾਂ ਵਿਚ ਲੈਟਰੀਨਾਂ ਬਣਾਉਣ ਅਤੇ ਪਿੰਡਾਂ ਨੂੰ ਖੁੱਲ੍ਹੇਆਮ ਪਖਾਨੇ ਤੋਂ ਮੁਕਤ ਕਰਨ ਦੇ ਚੱਲ ਰਹੇ ਕੰਮਾਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾਵੇ ਅਤੇ ਇਸ ਸਬੰਧੀ ਰਿਪੋਰਟ ਲਗਾਤਾਰ ਪੇਸ਼ ਕੀਤੀ ਜਾਵੇ। ਉਨ੍ਹਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਹਿਲੇ ਦਰਜੇ ਨੂੰ ਬਰਕਰਾਰ ਰੱਖਣ ਲਈ ਸਹਿਯੋਗ ਕਰਨ। ਆਪਣੇ ਆਲੇ-ਦੁਆਲੇ ਨੂੰ ਖੁਦ ਵੀ ਸਾਫ ਰੱਖਿਆ ਜਾਵੇ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ।


Related News