ਲੁਧਿਆਣਾ ''ਚ ਅੱਧੀ ਰਾਤ ਨੂੰ ਖ਼ੂਨੀ ਖੇਡ, ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਦਹਿਸ਼ਤ ''ਚ ਲੋਕ

Monday, Apr 20, 2026 - 10:38 AM (IST)

ਲੁਧਿਆਣਾ ''ਚ ਅੱਧੀ ਰਾਤ ਨੂੰ ਖ਼ੂਨੀ ਖੇਡ, ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਦਹਿਸ਼ਤ ''ਚ ਲੋਕ

ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਤਾਜਪੁਰ ਰੋਡ ਸਥਿਤ ਇਲਾਕੇ ਸੰਜੇ ਗਾਂਧੀ ਕਾਲੋਨੀ 'ਚ ਐਤਵਾਰ ਦੇਰ ਰਾਤ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਜੰਗ ਛਿੜ ਗਈ। ਇਸ ਭਿਆਨਕ ਲੜਾਈ ਦੌਰਾਨ ਜੰਮ ਕੇ ਇੱਟਾਂ-ਪੱਥਰ ਚੱਲੇ ਅਤੇ ਗੋਲੀਆਂ ਵੀ ਚਲਾਈਆਂ ਗਈਆਂ। ਅਚਾਨਕ ਹੋਈ ਇਸ ਵਾਰਦਾਤ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ 'ਚ ਦੁਬਕ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਡਵੀਜ਼ਨ ਨੰਬਰ 7 ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕੀਤਾ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਲਾਕੇ ਦੇ ਹੀ ਰਹਿਣ ਵਾਲੇ ਆਸ਼ੀਸ਼ ਅਤੇ ਗਰੇਵਾਲ ਨਾਮਕ ਦੋ ਨੌਜਵਾਨਾਂ ਵਿਚਕਾਰ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।

ਖੂਨੀ ਖੇਡ ਦੀ ਸ਼ੁਰੂਆਤ ਐਤਵਾਰ ਦੁਪਹਿਰ ਨੂੰ ਹੋਈ ਸੀ, ਜਦੋਂ ਮਾਮੂਲੀ ਗੱਲ 'ਤੇ ਗਰੇਵਾਲ ਨੇ ਆਸ਼ੀਸ਼ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ, ਜਿਸ ਕਾਰਨ ਆਸ਼ੀਸ਼ ਦੀ ਲੱਤ 'ਤੇ ਗੰਭੀਰ ਸੱਟ ਲੱਗੀ। ਦਿਨ ਵੇਲੇ ਹੋਈ ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਆਸ਼ੀਸ਼ ਨੇ ਦੇਰ ਰਾਤ ਕਰੀਬ 30 ਤੋਂ 40 ਸਾਥੀਆਂ ਨੂੰ ਇਕੱਠਾ ਕੀਤਾ ਅਤੇ ਹਥਿਆਰਾਂ ਤੇ ਪੱਥਰਾਂ ਨਾਲ ਲੈਸ ਹੋ ਕੇ ਗਰੇਵਾਲ ਦੇ ਘਰ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਘਟਨਾ ਸਥਾਨ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਐੱਸ. ਐੱਚ. ਓ. ਗਗਨਦੀਪ ਸਿੰਘ ਅਨੁਸਾਰ ਮੁਲਜ਼ਮਾਂ ਦੀ ਪਛਾਣ ਲਈ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਗੁੰਡਾਗਰਦੀ 'ਚ ਸ਼ਾਮਲ ਕਿਸੇ ਵੀ ਨੌਜਵਾਨ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪਛਾਣ ਪੁਖ਼ਤਾ ਹੋਣ ਤੋਂ ਬਾਅਦ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਲਾਕੇ ਵਿੱਚ ਤਣਾਅਪੂਰਨ ਸ਼ਾਂਤੀ ਬਣੀ ਹੋਈ ਹੈ ਅਤੇ ਪੁਲਸ ਦੀ ਗਸ਼ਤ ਵਧਾ ਦਿੱਤੀ ਗਈ ਹੈ।
 


author

Babita

Content Editor

Related News