ਸੁਵਿਧਾ ਸੈਂਟਰ ਦਾ ਕੱਟਿਆ ਬਿਜਲੀ ਕੁਨੈਕਸ਼ਨ

Wednesday, Mar 07, 2018 - 11:31 PM (IST)

ਨਵਾਂਸ਼ਹਿਰ, (ਮਨੋਰੰਜਨ)- ਡੀ. ਸੀ. ਕੰਪਲੈਕਸ ਵਿਚ ਸਥਿਤ ਸੁਵਿਧਾ ਸੈਂਟਰ ਦਾ ਬਿਜਲੀ ਦਾ ਬਿੱਲ ਜਮ੍ਹਾ ਨਾ ਕਰਵਾਉਣ 'ਤੇ ਵਿਭਾਗ ਵੱਲੋਂ ਬੁੱਧਵਾਰ ਸਵੇਰੇ ਕੁਨੈਕਸ਼ਨ ਕੱਟ ਦਿੱਤਾ ਗਿਆ। ਜਿਸ ਕਾਰਨੇ ਦੂਰ ਦੇ ਇਲਾਕਿਆਂ ਤੋਂ ਕੰਮ ਕਰਵਾਉਣ ਆਏ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਘਰ ਜਾਣਾ ਪਿਆ। ਪਰੇਸ਼ਾਨ ਜਨਤਾ ਨੇ ਜ਼ਿਲਾ ਪ੍ਰਸ਼ਾਸਨ ਦੀ ਇਸ ਗੈਰ-ਜ਼ਿੰਮੇਵਾਰੀ ਦੀ ਆਲੋਚਨਾ ਕਰਦੇ ਹੋਏ ਸਰਕਾਰ ਨੂੰ ਜਲਦ ਕੰਮ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ ਹੈ। ਸੁਵਿਧਾ ਸੈਂਟਰ ਦੇ ਕਰਮਚਾਰੀ ਤੇ ਜ਼ਿਲਾ ਪ੍ਰਸ਼ਾਸਨ ਬਿੱਲ ਜਮ੍ਹਾ ਕਰਵਾਉਣ ਦੇ ਲਈ ਇਕ ਦੂਸਰੇ 'ਤੇ ਜ਼ਿੰਮੇਵਾਰੀ ਸੁੱਟ ਰਹੇ ਹਨ।
ਪਿੰਡ ਜਾਫਰਪੁਰ ਤੋਂ ਆਏ ਬਲਦੇਵ ਸਿੰਘ ਨੇ ਕਿਹਾ ਕਿ ਪੈਨਸ਼ਨ ਸਬੰਧੀ ਕਾਗਜ਼ਾਤ ਲੈਣ ਦੇ ਲਈ ਉਸ ਨੇ ਸਵੇਰੇ 8 ਵਜੇ ਤੋਂ ਲਾਈਨ ਵਿਚ ਖੜ੍ਹੇ ਹੋ ਕੇ ਆਪਣੀ ਫਾਈਲ ਜਮ੍ਹਾ ਕਰਵਾਈ। ਜਦੋਂ ਕਾਫੀ ਦੇਰ ਤੱਕ ਕੰਮ ਨਾ ਹੋਇਆ ਤਾਂ ਕਰੀਬ 11 ਵਜੇ ਪਤਾ ਲੱਗਾ ਕਿ ਵਿਭਾਗ ਵੱਲੋਂ ਸੁਵਿਧਾ ਸੈਂਟਰ ਦਾ ਬਿਜਲੀ ਦਾ ਬਿੱਲ ਨਾ ਜਮ੍ਹਾ ਕਰਵਾਉਣ ਕਾਰਨ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਬਿਜਲੀ ਬੰਦ ਹੋਣ ਦੇ ਕਾਰਨ ਸਾਰਾ ਸਿਸਟਮ ਬੰਦ ਹੋ ਗਿਆ। ਹੁਣ ਉਨ੍ਹਾਂ ਦਾ ਕੰਮ ਬਿਜਲੀ ਕੁਨੈਕਸ਼ਨ ਦੋਬਾਰਾ ਜੁੜਨ ਦੇ ਬਾਅਦ ਹੋਵੇਗਾ। ਪਰੇਸ਼ਾਨ ਬਲਦੇਵ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂਂ ਜਲਦ ਬਿਜਲੀ ਦਾ ਬਿੱਲ ਅਦਾ ਕਰ ਕੇ ਸੁਵਿਧਾ ਸੈਂਟਰ ਵਿਚ ਕੰਮ ਸ਼ੁਰੂ ਕਰਵਾਵੇ। 
ਇਸੇ ਤਰ੍ਹਾਂ ਸੁਵਿਧਾ ਸੈਂਟਰ ਵਿਚ ਕੰਮ ਕਰਵਾਉਣ ਆਏ ਅਤਵਾਰ ਸਿੰਘ, ਗੁਰਦੇਵ ਕੌਰ, ਮਹਿੰਦਰ ਕੌਰ ਤੇ ਹੋਰਨਾਂ ਨੇ ਵੀ ਆਪਣੀ ਪਰੇਸ਼ਾਨੀ ਦੱਸਦੇ ਹੋਏ ਇਸ ਸਮੱਸਿਆ ਨੂੰ ਜਲਦ ਦੂਰ ਕਰਨ ਦੀ ਅਪੀਲ ਕੀਤੀ।
ਕੀ ਕਹਿੰਦੇ ਹਨ ਸੁਵਿਧਾ ਸੈਂਟਰ ਦੇ ਇੰਚਾਰਜ
ਇਸ ਸਬੰਧ ਵਿਚ ਸੁਵਿਧਾ ਸੈਂਟਰ ਦੇ ਇੰਚਾਰਜ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਸੁਵਿਧਾ ਸੈਂਟਰ ਦੇ ਬਿਜਲੀ ਦਾ ਬਿੱਲ ਪ੍ਰਸ਼ਾਸਨ ਦੇ ਵੱਲੋਂ ਜਮ੍ਹਾ ਕਰਵਾਇਆ ਜਾਣਾ ਹੈ। ਇਸ ਸਬੰਧ ਵਿਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ। ਜਲਦ ਹੀ ਇਸ ਸਮੱਸਿਆ ਦਾ ਹੱਲ ਲੱਭਿਆ ਜਾਵੇਗਾ।
ਕੀ ਕਹਿੰਦੇ ਹਨ ਐੱਸ. ਡੀ. ਓ. ਬਿਜਲੀ ਬੋਰਡ
ਇਸ ਸਬੰਧ ਵਿਚ ਐੱਸ. ਡੀ. ਓ. ਬਿਜਲੀ ਬੋਰਡ ਸਿਟੀ ਬਲਵੰਤ ਕਿਸ਼ੋਰ ਦਾ ਕਹਿਣਾ ਹੈ ਕਿ ਵਿਭਾਗ ਵੱਲ ਸੁਵਿਧਾ ਕੇਂਦਰ ਦਾ ਪਿਛਲੇ ਪੰਜ ਮਹੀਨਿਆਂ ਦਾ 4 ਲੱਖ 10 ਹਜ਼ਾਰ ਰੁਪਏ ਬਿੱਲ ਬਕਾਇਆ ਹੈ। ਇਸ ਦੇ ਲਈ ਵਿਭਾਗ ਦੇ ਵੱਲੋਂ ਸੁਵਿਧਾ ਸੈਂਟਰ ਦੇ ਸੈਕਟਰੀ ਨੂੰ ਕਈ ਵਾਰ ਬਿੱਲ ਜਮ੍ਹਾ ਕਰਵਾਉਣ ਦੇ ਲਈ ਨੋਟਿਸ ਭੇਜਿਆ। ਹੁਣ ਵਿਭਾਗ ਨੇ 24 ਘੰਟੇ ਦੇ ਅੰਦਰ ਬਿੱਲ ਜਮ੍ਹਾ ਕਰਵਾਉਣ ਦਾ ਨੋਟਿਸ ਵੀ ਭੇਜਿਆ ਉਸ 'ਤੇ ਵੀ ਕੋਈ ਪੈਸਾ ਜਮ੍ਹਾ ਨਹੀਂ ਹੋਇਆ। ਇਸ ਦੇ ਬਾਅਦ ਵਿਭਾਗ ਵੱਲੋਂ ਸੁਵਿਧਾ ਸੈਂਟਰ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। 
ਕੀ ਕਹਿੰਦੇ ਹਨ ਏ.ਡੀ.ਸੀ.
ਇਸ ਸਬੰਧ ਵਿਚ ਏ.ਡੀ.ਸੀ. ਰਣਜੀਤ ਕੌਰ ਦਾ ਕਹਿਣਾ ਹੈ ਕਿ ਸੁਵਿਧਾ ਸੈਂਟਰ ਨੂੰ ਪ੍ਰਾਈਵੇਟ ਕੰਪਨੀ ਚਲਾ ਰਹੀ ਹੈ। ਉਸ ਏਜੰਸੀ ਨੇ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣਾ ਹੈ। ਬਿੱਲ ਕਿਉਂ ਜਮ੍ਹਾ ਨਹੀਂ ਹੋਇਆ ਇਸ ਦੇ ਬਾਰੇ ਪਤਾ ਕੀਤਾ ਜਾ ਰਿਹਾ ਹੈ। ਜਲਦ ਹੀ ਬਿਜਲੀ ਦਾ ਕੁਨੈਕਸ਼ਨ ਜੋੜ ਕੇ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇਗਾ।


Related News