ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀਆ ਮਸ਼ੀਨਾਂ ਰਾਹੀਂ ਹੀ ਹੋਵੇਗੀ ਝੋਨੇ ਦੀ ਕਟਾਈ : ਈਸ਼ਾ ਕਾਲੀਆ
Wednesday, Mar 14, 2018 - 07:20 PM (IST)

ਜਲਾਲਾਬਾਦ (ਸੇਤੀਆ) : ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸਾੜਨ ਤੋਂ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੋਜ ਕੀਤੀ ਗਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀਆਂ ਕੰਬਾਇਨਾਂ ਹੀ ਆਉਣ ਵਾਲੇ ਸੀਜ਼ਨ ਦੌਰਾਨ ਝੋਨੇ ਦੀ ਕਟਾਈ ਕਰ ਸਕਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸੁਪਰੀਮ ਕੋਰਟ, ਰਾਸ਼ਟਰੀ ਗਰੀਨਟ੍ਰਿਬਿਊਨਲ, ਦਿੱਲੀ ਹਾਈਕੋਰਟ ਅਤੇ ਹੋਰ ਅਦਾਲਤਾਂ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮੁੱਦੇ 'ਤੇ ਚੱਲ ਰਹੇ ਵੱਖ-ਵੱਖ ਕੇਸਾਂ ਦੇ ਆਧਾਰ 'ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਇਸ ਮੁੱਦੇ 'ਤੇ ਖੋਜ ਕਰਨ ਲਈ ਕਿਹਾ ਗਿਆ ਸੀ। ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਗਈ ਤਕਨੀਕ ਜਿਸ ਨੂੰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਦਾ ਨਾਂਅ ਦਿੱਤਾ ਗਿਆ। ਲੱਗੀਆਂ ਮਸ਼ੀਨਾਂ ਨੂੰ ਹੀ ਝੋਨਾ ਕੱਟਣ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਉਕਤ ਮਸ਼ੀਨਾਂ ਵਲੋਂ ਕੱਟੇ ਗਏ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸਾੜਨ ਦੀ ਨੌਬਤ ਨਹੀਂ ਆਉਂਦੀ ਅਤੇ ਕਿਸਾਨ ਉਸ ਨੂੰ ਆਸਾਨੀ ਨਾਲ ਖੇਤ ਵਿਚ ਵਾਹ ਕੇ ਹੀ ਅਗਲੀ ਫਸਲ ਦੀ ਬਜਾਈ ਕਰ ਸਕਦਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂੰ ਨੇ ਸਪੱਸ਼ਟ ਕੀਤਾ ਕਿ ਬਿਨਾਂ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀਆਂ ਕੰਬਾਇਨਾਂ 'ਤੇ ਪਾੰਬਦੀ ਲਗਾ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਿਚ ਪਹਿਲਾਂ ਤੋਂ ਹੀ ਚੱਲ ਰਹੀਆਂ ਕੰਬਾਇਨਾਂ ਵਿਚ ਇਕ ਅਜਿਹਾ ਯੰਤਰ ਲਗਾ ਦਿੱਤਾ ਜਾਂਦਾ ਹੈ ਜੋ ਕਿ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿਚ ਨਾਲੋ-ਨਾਲ ਖਿਲਾਰ ਦਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਪਰਾਲੀ ਖੇਤ ਵਿਚ ਹੀ ਰਲ ਜਾਂਦੀ ਹੈ ਅਤੇ ਉਸ ਲਈ ਕਿਸਾਨ ਨੂੰ ਵਾਧੂ ਖਰਚ ਜਾਂ ਵਾਧੂ ਮਿਹਨਤ ਨਹੀਂ ਕਰਨੀ ਪੈਂਦੀ। ਸਰਕਾਰ ਨੇ ਇਹ ਫੈਸਲਾ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਖੇਤਾਂ ਵਿਚ ਸਾੜਨ ਕਾਰਨ ਪੈਦਾ ਹੋਏ ਪ੍ਰਦੂਸ਼ਣ ਰੋਕਣ ਲਈ ਲਿਆ ਹੈ।