ਮਾਛੀਵਾੜਾ ਦਾਣਾ ਮੰਡੀ ਵਿਚ ਝੋਨੇ ਦੀ ਅਗੇਤੀ ਕਿਸਮ ਦੀ ਆਮਦ ਸ਼ੁਰੂ

Tuesday, Sep 09, 2025 - 05:03 PM (IST)

ਮਾਛੀਵਾੜਾ ਦਾਣਾ ਮੰਡੀ ਵਿਚ ਝੋਨੇ ਦੀ ਅਗੇਤੀ ਕਿਸਮ ਦੀ ਆਮਦ ਸ਼ੁਰੂ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦਾਣਾ ਮੰਡੀ ਵਿਚ ਝੋਨੇ ਦੀ ਅਗੇਤੀ ਕਿਸਮ 1509 ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਇਸ ਦੀ ਪ੍ਰਾਈਵੇਟ ਤੌਰ ’ਤੇ ਖਰੀਦ ਦੀ ਰਸਮੀ ਸ਼ੁਰੂਆਤ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਨੇ ਸੰਯੁਕਤ ਰੂਪ ਵਿਚ ਕਰਵਾਈ। ਅੱਜ ਖਮਾਣੋ ਦੇ ਪਿੰਡ ਲਖਨਪੁਰ ਦਾ ਕਿਸਾਨ ਬਾਰਾ ਸਿੰਘ ਦਾਣਾ ਮੰਡੀ ਵਿਖੇ ਸਥਿਤ ਮੋਹਣ ਨਾਲ (ਹੇਡੋਂ ਵਾਲੇ) ਜਗਨਨਾਥ ਦੀ ਆੜ੍ਹਤ ’ਤੇ ਆਪਣੀ ਫਸਲ ਵੇਚਣ ਲਈ ਆਇਆ ਜਿਸ ਨੂੰ ਪ੍ਰਾਈਵੇਟ ਵਪਾਰੀ ਇੰਨਫਿਨਟੀ ਐਗਰੋ ਇੰਡਸਟਰੀ ਨੇ 3021 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ। ਇਸ ਤੋਂ ਇਲਾਵਾ ਲੂਥਰਾ ਐਂਡ ਸੰਨਜ਼ ਅਤੇ ਲੂਥਰਾ ਬ੍ਰਦਰਜ਼ ਆੜ੍ਹਤ ਤੋਂ ਅੱਜ ਕਿਸਾਨ ਦੀ ਫਸਲ 3111 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪ੍ਰਾਈਵੇਟ ਏਜੰਸੀ ਜੀ.ਐੱਨ.ਓਵਰਸੀਜ਼ ਅਤੇ ਲਕਸ਼ਮੀ ਰਾਈਸ ਮਿੱਲ ਵਲੋਂ ਖਰੀਦੀ ਗਈ। ਇਸ ਮੌਕੇ ਕਿਸਾਨ ਬਾਰਾ ਸਿੰਘ ਨੇ ਦੱਸਿਆ ਕਿ ਉਸਨੇ ਝੋਨੇ ਦੀ ਅਗੇਤੀ ਕਿਸਮ ਦੀ ਬਿਜਾਈ ਕੀਤੀ ਸੀ ਜਿਸ ਦਾ ਝਾੜ ਕਰੀਬ 20 ਤੋਂ 22 ਕੁਇੰਟਲ ਨਿਕਲਿਆ। ਉਨ੍ਹਾਂ ਕਿਹਾ ਕਿ ਇਹ ਫਸਲ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ। 

ਇਸ ਮੌਕੇ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਬਾਸਮਤੀ ਫਸਲ ਦਾ ਭਾਅ ਕਿਸਾਨਾਂ ਨੂੰ 3000 ਤੋਂ 3200 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਜੋ ਕਿ ਆਸਪਾਸ ਦੀਆਂ ਮੰਡੀਆਂ ਨਾਲੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਇਲਾਕੇ ਵਿਚ ਬਾਸਮਤੀ ਦੇ ਕਾਫ਼ੀ ਪਲਾਟ ਹਨ ਅਤੇ ਇੱਥੇ ਪ੍ਰਾਈਵੇਟ ਤੌਰ ’ਤੇ ਖਰੀਦਦਾਰ ਵੀ ਵੱਧ ਹਨ ਜਿਸ ਕਾਰਨ ਭਾਅ ਚੰਗਾ ਹੈ। ਮੋਹਿਤ ਕੁੰਦਰਾ ਨੇ ਦੱਸਿਆ ਕਿ ਬੇਸ਼ੱਕ ਕਿਸਾਨ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਪਰ ਪਿਛਲੇ ਸਾਲ ਨਾਲੋਂ ਬਾਸਮਤੀ ਦੇ ਭਾਅ ਇਸ ਵਾਰ ਚੰਗਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਦਾ 2500 ਤੋਂ 2600 ਰੁਪਏ ਪ੍ਰਤੀ ਕੁਇੰਟਲ ਸੀ ਜੋ ਇਸ ਵਾਰ 3200 ਰੁਪਏ ਭਾਅ ਨਾਲ ਵਿਕ ਰਹੀ ਹੈ।  ਇਸ ਮੌਕੇ ਸ਼ੈਲਰ ਮਾਲਕ ਕਸਤੂਰੀ ਲਾਲ ਮਿੰਟੂ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਗੁਰਨਾਮ ਸਿੰਘ ਨਾਗਰਾ, ਸੁਰਿੰਦਰ ਬਾਂਸਲ, ਐਡਵੋਕੇਟ ਕਪਿਲ ਆਨੰਦ, ਜਨਰਲ ਸਕੱਤਰ ਨਿਤਿਨ ਜੈਨ, ਬਿਕਰਮ ਲੂਥਰਾ, ਪ੍ਰਦੀਪ ਮਲਹੋਤਰਾ, ਰਾਜੀਵ ਕੌਸ਼ਲ, ਪਰਨੀਤ ਕਾਹਲੋਂ, ਹਰਕੇਸ਼ ਨਹਿਰਾ, ਜਤਿਨ ਚੌਰਾਇਆ, ਰਾਜਵਿੰਦਰ ਸਿੰਘ ਸੈਣੀ, ਪਰਮਿੰਦਰ ਗੁਲਿਆਣੀ, ਪੁਨੀਤ ਜੈਨ, ਪ੍ਰਿੰਸ ਮਿੱਠੇਵਾਲ, ਸ਼ਸ਼ੀ ਭਾਟੀਆ, ਅਮਿਤ ਭਾਟੀਆ, ਬਿਕਰਮ ਸੰਧੂ, ਹੈਪੀ ਬਾਂਸਲ, ਮਨੋਜ ਬਾਂਸਲ, ਜੈਦੀਪ ਕਾਹਲੋਂ, ਜਗਮੀਤ ਸਿੰਘ ਮੱਕਡ਼, ਹਰਵਿੰਦਰ ਸਿੰਘ ਸ਼ੇਰੀਆਂ, ਸ਼ਿਵ ਬਾਂਸਲ ਆਦਿ ਵੀ ਮੌਜੂਦ ਸਨ।


author

Gurminder Singh

Content Editor

Related News