ਪਾਕਿਸਤਾਨ ਤੋਂ ਡ੍ਰੋਨ ਰਾਹੀਂ ਮੰਗਵਾਈ 12 ਕਿਲੋ ਤੋਂ ਵੱਧ ਹੈਰੋਇਨ, ਦੋ ਤਸਕਰ ਕਾਬੂ
Tuesday, Sep 09, 2025 - 03:48 PM (IST)

ਫਰੀਦਕੋਟ (ਰਾਜਨ) : ਫਰੀਦਕੋਟ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਨਸ਼ਾ ਤਸਕਰਾਂ ਨੂੰ 12 ਕਿਲੋ 100 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਵੱਲੋਂ ਨਾਕੇਬੰਦੀ ਕੀਤੀ ਗਈ ਤਾਂ ਕਿਸੇ ਖ਼ਾਸ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਪਿੰਡ ਝਾੜੀ ਵਾਲਾ ਅੰਦਰ ਕੁਝ ਨਸ਼ਾ ਤਸਕਰ ਸਰਗਰਮ ਹਨ ਜਿਸ ਇਤਲਾਹ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਦੋ ਵਿਅਕਤੀ ਸੁਖਪ੍ਰੀਤ ਸਿੰਘ ਵਾਸੀ ਪਿੰਡ ਝਾੜੀ ਵਾਲਾ ਅਤੇ ਕਾਦਰ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋ ਤਲਾਸ਼ੀ ਦੌਰਾਨ 12 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਵੱਲੋਂ ਸਰਹੱਦ ਪਾਰ ਪਾਕਿਸਤਾਨ ਤੋਂ ਡਰੋਨ ਜ਼ਰੀਏ ਇਹ ਖੇਪ ਮੰਗਵਾਈ ਗਈ ਸੀ ਜੋ ਕੇ ਪਿੰਡ ਝਾੜੀ ਵਾਲਾ 'ਚ ਸਟੋਰ ਕੀਤੀ ਗਈ ਸੀ ਜੋ ਅੱਗੇ ਸਪਲਾਈ ਕੀਤੀ ਜਾਣੀ ਸੀ ਪਰ ਪੁਲਸ ਵੱਲੋਂ ਪਹਿਲਾਂ ਹੀ ਇਸ ਦੀ ਬਰਾਮਦਗੀ ਕਰ ਲਈ ਗਈ ਜੋ ਕੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਉਨਾ ਦੱਸਿਆ ਕੇ ਦੋਵੇਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਾਕਿਸਤਾਨ 'ਚ ਬੈਠੇ ਨਸ਼ਾ ਤਸਕਰਾਂ ਨਾਲ ਇਨ੍ਹਾਂ ਦਾ ਸਬੰਧ ਕਿਸ ਤਰਾਂ ਬਣਿਆ ਅਤੇ ਕਿਸ ਤਰੀਕੇ ਨਾਲ ਇਸ ਖੇਪ ਨੂੰ ਲਿਆਂਦਾ ਗਿਆ।