ਸੰਨੀ ਦਿਓਲ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਚੋਣ ਕਮਿਸ਼ਨ ਕੋਲ ਪੁੱਜੀ ਰਿਪੋਰਟ

Saturday, Jul 06, 2019 - 06:15 PM (IST)

ਸੰਨੀ ਦਿਓਲ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਚੋਣ ਕਮਿਸ਼ਨ ਕੋਲ ਪੁੱਜੀ ਰਿਪੋਰਟ

ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਜੇਤੂ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਵੱਲੋਂ ਚੋਣ ਪ੍ਰਚਾਰ ਸਮੇਂ ਕੀਤੇ ਗਏ ਖਰਚੇ ਦੀ ਰਿਪੋਰਟ ਫਾਈਨਲ ਕਰਕੇ ਚੋਣ ਕਮਿਸ਼ਨ ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਰਿਪੋਰਟ ਵਿਚ ਸੰਨੀ ਦਾ ਖਰਚ 78 ਲੱਖ 51 ਹਜ਼ਾਰ 592.45 ਰੁਪਏ ਦੱਸਿਆ ਗਿਆ ਹੈ। ਚੋਣ ਕਮਿਸ਼ਨ ਦੀਆਂ ਬਣਾਈਆਂ ਹੋਈਆਂ ਟੀਮਾਂ ਵੱਲੋਂ ਸੰਸਦੀ ਹਲਕੇ ਅੰਦਰ ਖੜੇ 15 ਉਮੀਦਵਾਰਾਂ ਵੱਲੋਂ ਚੋਣ ਸਮੇਂ ਕੀਤੇ ਗਏ ਖਰਚੇ ਦਾ ਹਿਸਾਬ ਕਿਤਾਬ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਦੋਵੇਂ ਖਰਚਾ ਆਬਜ਼ਰਵਰਾਂ ਅਤੇ ਡਿਪਟੀ ਕਮਿਸ਼ਨਰਾਂ ਵੱਲੋਂ ਫਾਈਨਲ ਕੀਤਾ ਗਿਆ। 

ਜਾਣਕਾਰੀ ਅਨੁਸਾਰ ਸੰਨੀ ਦਿਓਲ ਵੱਲੋਂ ਕੀਤਾ ਗਿਆ ਖਰਚਾ 78 ਲੱਖ 51 ਹਜ਼ਾਰ 592 ਰੁਪਏ 45 ਪੈਸੇ ਹੈ ਜਦਕਿ ਕਾਂਗਰਸ ਪਾਰਟੀ ਦੇ ਸੁਨੀਲ ਜਾਖੜ ਵੱਲੋਂ 61 ਲੱਖ 36 ਹਜ਼ਾਰ 58 ਰੁਪਏ ਖਰਚੇ ਗਏ। ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਦੇਸ਼ ਅੰਦਰ ਹਰੇਕ ਉਮੀਦਵਾਰ ਨੂੰ 70 ਲੱਖ ਰੁਪਏ ਤੱਕ ਦੀ ਹੱਦ ਨਿਰਧਾਰਤ ਕੀਤੀ ਗਈ ਸੀ ਪਰ ਭਾਜਪਾ ਉਮੀਦਵਾਰ ਸੰਨੀ ਦਿਓਲ ਵੱਲੋਂ ਨਿਰਧਾਰਤ ਹੱਦ ਤੋਂ ਵੱਧ ਖਰਚਾ ਕਰ ਦੇਣ ਨਾਲ ਸੰਨੀ ਦਿਓਲ 'ਤੇ ਚੋਣ ਕਮਿਸ਼ਨ ਦੀ ਤਲਵਾਰ ਲਟਕ ਗਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਰਿਟਰਨਿੰਗ ਅਧਿਕਾਰੀ ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਟੀਮਾਂ ਵੱਲੋਂ ਬਣਾਏ ਗਏ ਖਰਚੇ ਪਿਛਲੇ ਮਹੀਨੇ ਉਮੀਦਵਾਰਾਂ ਨੂੰ ਦੱਸੇ ਸਨ, ਜਿਸ ਅਨੁਸਾਰ ਸੰਨੀ ਦਿਓਲ ਦਾ ਖਰਚਾ 88 ਲੱਖ 27 ਹਜ਼ਾਰ 821 ਰੁਪਏ 45 ਪੈਸੇ ਸੀ। ਇਸ 'ਤੇ ਸੰਸਦ ਮੈਂਬਰ ਦੇ ਐਡਵੋਕੇਟ ਸੰਜੇ|ਅਗਰਵਾਲ ਨੇ ਆਪਣੇ ਵੀ ਬਿੱਲ ਪੇਸ਼ ਕੀਤੇ ਅਤੇ ਦੱਸਿਆ ਕਿ ਇਸ ਵਿਚ ਖਰਚਾ ਟੀਮਾਂ ਨੇ ਜ਼ਿਆਦਾ ਲਗਾਇਆ ਹੈ। ਜਿਸ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਲਗਭਗ 10 ਲੱਖ ਰੁਪਏ ਦਾ ਖਰਚ ਘੱਟ ਕਰ ਦਿੱਤਾ ਪਰ ਇਸ ਦੇ ਬਾਵਜੂਦ ਫਾਈਨਲ ਕੀਤਾ ਗਿਆ ਖਰਚਾ 8 ਲੱਖ ਤੋਂ ਵੀ ਵੱਧ ਹੈ। 

ਜਾਣਕਾਰੀ ਮੁਤਾਬਕ ਜ਼ਿਲਾ ਚੋਣ ਅਧਿਕਾਰੀ ਵਲੋਂ ਭੇਜੇ ਗਏ ਖਰਚੇ ਦੇ ਵੇਰਵੇ 'ਤੇ ਸੀ. ਈ. ਓ. ਪੰਜਾਬ ਵਲੋਂ 45 ਦਿਨਾਂ ਦੇ ਅੰਦਰ ਭਾਰਤੀ ਚੋਣ ਕਮਿਸ਼ਨ ਨੂੰ ਭੇਜਣਾ ਜ਼ਰੂਰੀ ਹੈ ਅਤੇ ਰਿਪੋਰਟ ਮਿਲਣ ਦੇ 45 ਦਿਨਾਂ ਦੇ ਅੰਦਰ ਕਮਿਸ਼ਨ ਨੇ ਵੀ ਆਪਣਾ ਫੈਸਲਾ ਸੁਨਾਉਣਾ ਹੁੰਦਾ ਹੈ।


author

Gurminder Singh

Content Editor

Related News