ਕੈਪਟਨ ਕਾਰਣ ਹੀ ਸਿਆਸਤ ''ਚ ਆਇਆ ਹਾਂ ਅੱਗੇ, ਮਤਭੇਦ ਹੋਣ ਦਾ ਸਵਾਲ ਹੀ ਨਹੀਂ : ਜਾਖੜ

02/20/2020 3:42:16 PM

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਚਰਚਿਆਂ 'ਤੇ ਬੁੱਧਵਾਰ ਪੂਰੀ ਤਰ੍ਹਾਂ ਰੋਕ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਮਤਭੇਦ ਨਹੀਂ ਹਨ। ਜੇ ਉਹ ਅੱਜ ਸਿਆਸੀ ਖੇਤਰ ਵਿਚ ਮੌਜੂਦਾ ਮੁਕਾਮ 'ਤੇ ਪਹੁੰਚੇ ਹਨ ਤਾਂ ਉਸ ਦਾ ਪੂਰਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਜਾਂਦਾ ਹੈ। ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਕਿ ਮੇਰੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲਗਾਤਾਰ ਬੈਠਕਾਂ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਉਹ ਰਾਜਸਥਾਨ ਗਏ ਹੋਏ ਸਨ, ਜਿਸ ਕਾਰਣ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਹੋ ਸਕੀ। ਸੂਬਾਈ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕਾਰਣ ਹੀ ਮਿਲੀ ਹੋਈ ਹੈ। ਇਸ ਨੂੰ ਵੇਖਦਿਆਂ ਉਹ ਸਰਕਾਰ ਅਤੇ ਪਾਰਟੀ ਦਰਮਿਆਨ ਇਕ ਕੜੀ ਦਾ ਕੰਮ ਕਰ ਰਹੇ ਹਨ।

ਜਾਖੜ ਨੇ ਕਿਹਾ ਕਿ ਉਨ੍ਹਾਂ ਜਿਹੜੇ ਮੁੱਦੇ ਉਠਾਏ ਹਨ, ਉਹ ਸਰਕਾਰ ਅਤੇ ਲੋਕਾਂ ਨਾਲ ਹੀ ਸਬੰਧ ਰੱਖਦੇ ਹਨ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਦੀ ਬੈਠਕ ਵਿਚ ਕਿਹਾ ਸੀ ਕਿ ਅਫਸਰਸ਼ਾਹੀ ਦੇ ਕੰਮ ਕਰਨ ਦੇ ਢੰਗ ਤੋਂ ਉਹ ਸੰਤੁਸ਼ਟ ਨਹੀਂ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਵਲੋਂ ਲੋਕ ਕਲਿਆਣ ਨੂੰ ਲੈ ਕੇ ਉਠਾਏ ਗਏ ਮੁੱਦਿਆਂ ਨੂੰ ਅਫਸਰਸ਼ਾਹੀ ਨੇ ਅਸਰਦਾਰ ਢੰਗ ਨਾਲ ਲਾਗੂ ਨਹੀਂ ਕੀਤਾ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਮੇਤ ਵੱਖ-ਵੱਖ ਲਾਹੇਵੰਦ ਯੋਜਨਾਵਾਂ ਨੂੰ ਲਾਗੂ ਕੀਤਾ ਪਰ ਫਿਰ ਵੀ ਹੇਠਲੇ ਪੱਧਰ 'ਤੇ ਅਫਸਰਸ਼ਾਹੀ ਉਨ੍ਹਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਵਿਚ ਸਫਲ ਨਹੀਂ ਹੋ ਸਕੀ। ਇਸ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਅਫਸਰਸ਼ਾਹੀ ਵਿਚ ਕੁਝ ਨਾ ਕੁਝ ਖਾਮੀ ਜ਼ਰੂਰ ਹੈ।

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਫਸਰਸ਼ਾਹੀ ਨੂੰ ਪੂਰੀ ਤਰ੍ਹਾਂ ਜਵਾਬਦੇਹ ਬਣਾਇਆ ਜਾਵੇ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਹੁਣ ਉਨ੍ਹਾਂ ਅਧਿਕਾਰੀਆਂ ਨੂੰ ਪਿੱਛੇ ਕਰ ਦੇਣ ਜੋ ਲੋਕਾਂ ਦੀਆਂ ਇੱਛਾਵਾਂ 'ਤੇ ਪੂਰੇ ਨਹੀਂ ਉਤਰ ਸਕੇ ਹਨ। ਅਫਸਰਸ਼ਾਹੀ ਵਿਚ ਲੁਕੀਆਂ ਹੋਈਆਂ ਕਾਲੀਆਂ ਭੇਡਾਂ ਦੀ ਪਛਾਣ ਕਰਨ ਦੀ ਲੋੜ ਹੈ। ਉਨ੍ਹਾਂ ਸਾਬਕਾ ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ 'ਤੇ ਮੁੜ ਤੋਂ ਵਿਚਾਰ ਕਰਨ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਜਾਂ ਤਾਂ ਬੀਤੇ ਸਮੇਂ ਵਿਚ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣੀ ਚਾਹੀਦੀ ਹੈ।

ਸਰਕਾਰ ਤੇ ਪਾਰਟੀ ਵਿਚਾਲੇ ਕੜੀ ਬਣਿਆ ਰਹਾਂਗਾ
ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦਰਮਿਆਨ ਉਹ ਕੜੀ ਬਣੇ ਰਹਿਣਗੇ। ਜੇ ਪਾਰਟੀ ਪੰਜਾਬ ਵਿਚ ਮਜ਼ਬੂਤ ਹੁੰਦੀ ਹੈ ਤਾਂ ਸਰਕਾਰ ਟਿਕੀ ਰਹੇਗੀ। ਇਸ ਲਈ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਪਾਰਟੀ ਨੂੰ ਸੱਤਾ ਵਿਚ ਬਣਾਈ ਰੱਖਣ ਲਈ ਸਰਕਾਰ ਦਾ ਵੀ ਮਜ਼ਬੂਤ ਬਣਿਆ ਰਹਿਣਾ ਜ਼ਰੂਰੀ ਹੈ। ਪਾਰਟੀ ਦੇ ਵਰਕਰ ਹੁਣ ਕੈਪਟਨ ਅਮਰਿੰਦਰ ਸਿੰਘ ਦਾ 2002 ਵਾਲਾ ਹਮਲਾਵਰ ਰੂਪ ਦੇਖਣਾ ਚਾਹੁੰਦੇ ਹਨ। ਉਦੋਂ ਕੈਪਟਨ ਨੇ ਅਕਾਲੀਆਂ ਨੂੰ ਪਸੀਨੋ-ਪਸੀਨੀ ਕਰ ਦਿੱਤਾ ਸੀ। ਕਾਂਗਰਸ ਦੇ ਰਾਜਕਾਲ ਵਿਚ ਅਕਾਲੀਆਂ ਵਿਚ ਇੰਨੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਉਹ ਸਰਕਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦੇਣ। ਹੁਣ ਕਾਂਗਰਸ ਸਰਕਾਰ ਦਾ 2 ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ।


Anuradha

Content Editor

Related News