ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ''ਤੇ ਨਹੀਂ ਹੈ ਓਵਰਬ੍ਰਿਜ ਤੇ ਦੂਜਾ ਪਲੇਟ ਫਾਰਮ

01/15/2018 5:22:20 AM

ਸੁਲਤਾਨਪੁਰ ਲੋਧੀ, (ਧੀਰ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਰੇਲ ਗੱਡੀ ਰਾਹੀਂ ਸੰਗਤਾਂ ਪਾਵਨ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਉਤਰਦੀਆਂ ਹਨ ਪਰ ਆਜ਼ਾਦੀ ਦੇ 70 ਸਾਲ ਬਾਅਦ ਵੀ ਅੱਜ ਉਨ੍ਹਾਂ ਨੂੰ ਉਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਸਟੇਸ਼ਨ 'ਤੇ ਕੋਈ ਵੀ ਓਵਰਬ੍ਰਿਜ ਨਾ ਹੋਣ ਕਾਰਨ ਗੱਡੀਆਂ ਦੀ ਕਰਾਸਿੰਗ ਸਮੇਂ ਯਾਤਰੀਆਂ ਨੂੰ ਜਾਨ ਜ਼ੋਖਮ 'ਚ ਪਾ ਕੇ ਲਾਈਨਾਂ ਦੇ ਵਿਚਕਾਰ ਉਤਰਨਾ ਪੈਂਦਾ ਹੈ, ਜਿਸ ਨਾਲ ਕਿਸੇ ਵੀ ਸਮੇਂ ਕੋਈ ਵੀ ਅਣਹੋਣੀ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। 
ਇਸ ਤੋਂ ਇਲਾਵਾ ਰੇਲਵੇ ਸਟੇਸ਼ਨ 'ਤੇ ਸਿਰਫ ਇਕ ਹੀ ਛੋਟਾ ਸ਼ੈੱਡ ਬਣਿਆ ਹੋਇਆ ਹੈ, ਜਿਸ ਕਾਰਨ ਧੁੱਪ, ਸਰਦੀ, ਧੁੰਦ ਦੇ ਮੌਸਮ 'ਚ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਲਈ ਕੋਈ ਵੀ ਖਾਣ ਪੀਣ ਦਾ ਸਟਾਲ ਨਹੀਂ ਹੈ। ਰੇਲਵੇ ਲਾਈਨ ਦਾ ਦੁਹਰੀਕਰਨ ਨਾ ਹੋਣ ਕਾਰਨ 2 ਗੱਡੀਆਂ ਕਰਾਸਿੰਗ ਸਮੇਂ ਕਈ ਕਈ ਘੰਟੇ ਯਾਤਰੀਆਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। 
ਸਟੇਸ਼ਨ 'ਤੇ ਨਹੀਂ ਕੋਈ ਖਾਣ ਪੀਣ ਦਾ ਸਟਾਲ 
ਪਵਿੱਤਰ ਨਗਰੀ ਰੇਲਵੇ ਸਟੇਸ਼ਨ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਵੀ ਹੈ ਕਿ ਸਟੇਸ਼ਨ 'ਤੇ ਕੋਈ ਵੀ ਖਾਣ ਪੀਣ ਦਾ ਇਥੋਂ ਤਕ ਕਿ ਚਾਹ ਦਾ ਵੀ ਕੋਈ ਸਟਾਲ ਨਹੀਂ ਹੈ, ਜਿਸ ਕਾਰਨ ਗੱਡੀਆਂ ਦੇ ਲੇਟ ਜਾਂ ਕਰਾਸਿੰਗ ਸਮੇਂ ਯਾਤਰੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। 
ਬੁਕਿੰਗ ਲਈ ਇਕ ਹੀ ਟਿਕਟ ਖਿੜਕੀ
ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਯੂ. ਟੀ. ਐੱਸ. ਤੇ ਪੀ. ਆਰ. ਐੱਸ. ਯਾਨੀ ਪੈਸੰਜਰ ਟਿਕਟ ਤੇ ਰਿਜ਼ਰਵੇਸ਼ਨ ਲਈ ਕੋਈ ਵੱਖਰੀ ਟਿਕਟ ਖਿੜਕੀ ਨਹੀਂ ਹੈ। ਯਾਤਰੀਆਂ ਨੂੰ ਤਤਕਾਲ ਰਿਜ਼ਰਵੇਸ਼ਨ ਸਮੇਂ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਕਿਉਂਕਿ ਜਿਸ ਸਮੇਂ ਤਤਕਾਲ ਰਿਜ਼ਰਵੇਸ਼ਨ ਦਾ ਹੁੰਦਾ ਹੈ, ਉਹੀ ਸਮਾਂ ਪੈਸੰਜਰ ਗੱਡੀਆਂ ਦੇ ਸਮੇਂ ਦਾ। ਪੈਸੰਜਰ ਗੱਡੀ ਲਈ ਯਾਤਰੀਆਂ ਨੂੰ ਟਿਕਟ ਦੇਣ ਸਮੇਂ ਤਤਕਾਲ ਰਿਜ਼ਰਵੇਸ਼ਨ ਦਾ ਸਮਾਂ ਹੀ ਲੰਘ ਜਾਂਦਾ ਹੈ, ਜਿਸ ਕਾਰਨ ਜਾਂ ਤਾਂ ਕਈ ਵਾਰ ਯਾਤਰੀ ਬਗੈਰ ਰਿਜ਼ਰਵੇਸ਼ਨ ਜਾਂ ਪੈਸੰਜਰ ਟਿਕਟ ਲੈਣ ਤੋਂ ਹੀ ਵਾਂਝੇ ਹੋ ਜਾਂਦੇ ਹਨ। 
ਯਾਤਰੀਆਂ ਲਈ ਸਿਰਫ ਬਣਿਆ ਹੋਇਆ ਸ਼ੈੱਡ 
ਰੇਲਵੇ ਸਟੇਸ਼ਨ 'ਤੇ ਯਾਤਰੀਆਂ ਲਈ ਗੱਡੀ ਦੇ ਇੰਤਜ਼ਾਰ, ਧੁੱਪ, ਗਰਮੀ, ਸਰਦੀ, ਬਾਰਿਸ਼ ਤੋਂ ਬਚਾਓ ਲਈ ਸਿਰਫ ਕਈ ਸਾਲ ਪਹਿਲਾਂ ਇਕ ਹੀ ਸ਼ੈੱਡ ਬਣਿਆ ਹੋਇਆ ਹੈ, ਜਿਸ ਕਾਰਨ ਕਿਸੇ ਤਿਉਹਾਰ ਮੌਕੇ, ਮੱਸਿਆ, ਸੰਗਰਾਂਦ ਮੌਕੇ ਯਾਤਰੀਆਂ ਨੂੰ ਗੱਡੀ ਦਾ ਇੰਤਜ਼ਾਰ ਕਰਨ ਲਈ ਰੇਲਵੇ ਹਾਲ ਜਾਂ ਹੋਰ ਕਿਤੇ ਸਹਾਰਾ ਲੈਣਾ ਪੈਂਦਾ ਹੈ। 
ਸਟਾਫ ਦੀ ਕਮੀ 
ਗੱਡੀ ਦੇ ਕਰਾਸਿੰਗ ਸਮੇਂ ਡਿਊਟੀ ਕਰ ਰਹੇ ਸਟੇਸ਼ਨ ਮਾਸਟਰ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਟੋਕਨ ਨੂੰ ਗੱਡੀ ਦੇ ਡਰਾਈਵਰ ਨੂੰ ਫੜਾਉਣ ਵਾਸਤੇ ਕਈ ਵਾਰ ਖੁਦ ਸਟੇਸ਼ਨ ਮਾਸਟਰ ਨੂੰ ਗੱਡੀ ਨੂੰ ਅੱਗੇ ਤੋਰਨ ਵਾਸਤੇ ਸੀਟ ਤੋਂ ਉਠ ਕੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਕਿਸੇ ਸਮੇਂ ਸਟੇਸ਼ਨ ਮਾਸਟਰ ਦੇ ਛੁੱਟੀ ਜਾਣ ਤੋਂ ਬਾਅਦ ਹੋਰ ਕੋਈ ਵੀ ਸਟੇਸ਼ਨ ਮਾਸਟਰ ਨਾ ਹੋਣ ਕਾਰਨ ਇਕ ਹੀ ਸਟੇਸ਼ਨ ਮਾਸਟਰ ਨੂੰ ਡਬਲ ਡਿਊਟੀ ਯਾਨੀ 12 ਘੰਟੇ ਤੋਂ ਵੀ ਵੱਧ ਦੇਣੀ ਪੈਂਦੀ ਹੈ।


Related News