24 ਕਰੋੜ ਨਾਲ ਹੋਵੇਗਾ ਰੂਪਨਗਰ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ, ਅੰਗਰੇਜਾਂ ਸਮੇਂ 1927 ''ਚ ਹੋਇਆ ਸੀ ਨਿਰਮਾਣ

Wednesday, Apr 10, 2024 - 12:53 PM (IST)

ਰੂਪਨਗਰ (ਜਗੋਤਾ)-ਕੇਂਦਰ ਸਰਕਾਰ ਰੂਪਨਗਰ ਰੇਲਵੇ ਸਟੇਸ਼ਨ ਨੂੰ ਆਧੁਨਿਕ ਬਣਾਉਣ ਲਈ 24 ਕਰੋੜ ਰੁਪਏ ਖ਼ਰਚ ਕਰ ਰਹੀ ਹੈ, ਜਿਸ ਨਾਲ ਰੂਪਨਗਰ ਰੇਲਵੇ ਸਟੇਸ਼ਨ ਦਾ ਕਾਇਆ ਕਲਪ ਹੋਣ ਦੀ ਆਸ ਹੈ। ਇਹ ਰੇਲਵੇ ਸਟੇਸ਼ਨ ਅੰਗਰੇਜ਼ ਰਾਜ ਸਮੇਂ 1927 ਵਿਚ ਬਣਾਇਆ ਗਿਆ ਸੀ । ਕੇਂਦਰ ਸਰਕਾਰ ਨੇ ਅੰਮ੍ਰਿਤ ਮਹਾਉਤਸਵ ਤਹਿਤ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਵਿਚ ਰੂਪਨਗਰ ਜ਼ਿਲ੍ਹੇ ਦੇ ਤਿੰਨ ਰੇਲਵੇ ਸਟੇਸ਼ਨ ਸ਼ਾਮਲ ਹਨ। ਨੰਗਲ ਰੇਲਵੇ ਸਟੇਸ਼ਨ ’ਤੇ 23.31 ਕਰੋੜ ਰੁਪਏ ਖ਼ਰਚ ਆਉਣਗੇ ਜਦਕਿ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ 24.21 ਕਰੋੜ ਰੁਪਏ ਖ਼ਰਚ ਆਉਣ ਦੀ ਉਮੀਦ ਹੈ।

PunjabKesari

ਰੂਪਨਗਰ ਰੇਲਵੇ ਸਟੇਸ਼ਨ ਅੰਗਰੇਜ ਰਾਜ ਸਮੇਂ ਤਿਆਰ ਕੀਤਾ ਗਿਆ ਸੀ ਅਤੇ ਇਹ ਇਸ ਖੇਤਰ ਦਾ ਬਹੁਤ ਹੀ ਮਹੱਤਵਪੂਰਨ ਰੇਲਵੇ ਸਟੇਸ਼ਨ ਹੈ, ਜਿਸ ਨਾਲ ਨਾਲ ਲੱਗਦੇ ਰਾਜ ਹਿਮਾਚਲ ਨੂੰ ਵੀ ਕਾਫ਼ੀ ਫਾਇਦਾ ਹੁੰਦਾ ਹੈ। ਰੂਪਨਗਰ ਰੇਲਵੇ ਸਟੇਸ਼ਨ ਬਹੁਤ ਹੀ ਇਤਿਹਾਸਕ ਅਤੇ ਸੁੰਦਰ ਰੇਲਵੇ ਸਟੇਸ਼ਨ ਹੈ ਇਹ ਰੇਲਵੇ ਸਟੇਸ਼ਨ ਭਾਰਤ ਦੀ ਆਜ਼ਾਦੀ ਤੋਂ ਸਿਰਫ਼ 20 ਸਾਲ ਪਹਿਲਾਂ ਬਣ ਕੇ ਤਿਆਰ ਹੋਇਆ ਸੀ। ਇਸ ਰੇਲਵੇ ਸਟੇਸ਼ਨ ਨੂੰ ਹੁਣ ਨਵਾਂ ਬਣਾਉਣ ਲਈ ਤੋੜਿਆ ਜਾ ਰਿਹਾ ਹੈ ਪਰ ਇਹ ਇੰਨਾ ਮਜ਼ਬੂਤ ਹੈ ਕਿ ਇਸ ਨੂੰ ਬੜੀ ਮੁਸ਼ਕਿਲ ਨਾਲ ਤੋੜਿਆ ਜਾ ਰਿਹਾ ਹੈ। ਨਵਾਂ ਬਣ ਰਿਹਾ ਰੇਲਵੇ ਸਟੇਸ਼ਨ ਅਜੇ ਪੁਰਾਣੇ ਰੇਲਵੇ ਸਟੇਸ਼ਨ ਦੇ ਮੁਤਾਬਿਕ ਬਹੁਤਾ ਮਜ਼ਬੂਤ ਨਹੀਂ ਹੈ। ਲੋਕਾਂ ਦੀ ਰਾਏ ਸੀ ਕਿ ਅੰਗਰੇਜ਼ਾਂ ਦੇ ਸਮੇਂ ਬਣੇ ਰੇਲਵੇ ਸਟੇਸ਼ਨ ਨੂੰ ਸਿਰਫ਼ ਮੁਰੰਮਤ ਕਰਕੇ ਯਾਦਗਾਰ ਵਜੋ ਰੱਖ ਲਿਆ ਜਾਂਦਾ ਅਤੇ ਇਸ ਦੇ ਨਾਲ ਉਸੇ ਪਲੇਟਫਾਰਮ ’ਤੇ ਨਵਾਂ ਰੇਲਵੇ ਸਟੇਸ਼ਨ ਬਣਾ ਦਿੱਤਾ ਜਾਂਦਾ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ

ਇਸ ਸਮੇਂ ਰੂਪਨਗਰ ਰੇਲਵੇ ਸਟੇਸ਼ਨ ’ਤੇ ਸਿਰਫ਼ ਇਕ ਪਲੇਟਫਾਰਮ ਹੈ, ਜਿਸ ਕਾਰਨ ਸਵਾਰੀਆਂ ਨੂੰ ਦੂਜੀ ਗੱਡੀ ਵਿਚ ਚੜ੍ਹਨ ਅਤੇ ਉਤਰਨ ਵਿਚ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ ਇਸ ਲਈ ਪਲੇਟ ਫਾਰਮ ਨੰ. 1 ਦੇ ਸਾਹਮਣੇ ਹੀ ਪਲੇਟਫਾਰਮ ਨੰ. 2 ਬਣਾਇਆ ਜਾ ਰਿਹਾ ਹੈ ਅਤੇ ਦੋਵੇਂ ਪਲੇਟਫਾਰਮਾਂ ਨੂੰ ਜੋੜਨ ਲਈ ਇਕ ਫੁੱਟ ਬਰਿੱਜ ਵੀ ਬਣਾਇਆ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਫੁੱਟ ਬਰਿੱਜ ਤੋਂ ਇਲਾਵਾ ਪਲੇਟਫਾਰਮ ’ਤੇ ਲਿਫ਼ਟਾਂ ਵੀ ਲਗਾਈਆਂ ਜਾਣ ਤਾਂ ਜੋ ਬਜ਼ੁਰਗ, ਵਿਕਲਾਂਗ ਯਾਤਰੀਆਂ ਨੂੰ ਚੜ੍ਹਨ ਉਤਰਨ ਵਿਚ ਆਸਾਨੀ ਹੋਵੇ। ਲੋਕਾਂ ਦੀ ਇਹ ਵੀ ਮੰਗ ਹੈ ਕਿ ਪਲੇਟਫਾਰਮ ਨੰ. 1 ’ਤੇ ਸਵਾਰੀਆਂ ਦੇ ਠਹਿਰਨ ਲਈ ਵੱਧ ਤੋਂ ਵੱਧ ਗਿਣਤੀ ਵਿਚ ਏ. ਸੀ. ਅਤੇ ਨਾਨ ਏ. ਸੀ. ਕਮਰੇ ਵੀ ਬਣਾਏ ਜਾਣ ਅਤੇ ਨਾਲ ਹੀ ਇਕ ਵੱਡੀ ਕੰਟੀਨ ਦੀ ਉਸਾਰੀ ਵੀ ਕੀਤੀ ਜਾਵੇ ਤਾਂ ਜੋ ਲੋਕੀ ਉਥੋਂ ਆਪਣਾ ਭੋਜਨ ਵੀ ਖਾ ਸਕਣ।

PunjabKesari
ਇਸ ਤੋਂ ਇਲਾਵਾ ਸਟੇਸ਼ਨ ’ਤੇ ਵਾਹਨ ਪਾਰਕਿੰਗ ਲਈ ਵਿਸੇਸ਼ ਥਾਂ ਬਣਾਈ ਜਾਵੇ, ਜਿੱਥੇ ਸਵਾਰੀਆਂ ਆਪਣੇ ਵਾਹਨ ਖੜ੍ਹੇ ਕਰਕੇ ਦੂਜੇ ਸ਼ਹਿਰਾਂ ਨੂੰ ਆ ਜਾ ਸਕਣ ਅਤੇ ਇਥੇ ਧੁੱਪ ਛਾਂ ਲਈ ਸ਼ੈੱਡ ਵੀ ਬਣਾਇਆ ਜਾ ਸਕੇ। ਮੌਜੂਦਾ ਪਲੇਟਫਾਰਮ ਨੂੰ ਹੋਰ ਉੱਚਾ ਕਰਨ ਦੀ ਲੋੜ ਹੈ ਜੋਕਿ ਪਹਿਲਾਂ ਸਵਾਰੀ ਡੱਬੇ ਦੀ ਉੱਚਾਈ ਤੋਂ ਕਾਫ਼ੀ ਨੀਵਾਂ ਹੈ। ਲੋਕਾਂ ਦੀ ਇਹ ਵੀ ਮੰਗ ਹੈ ਕਿ ਜੋ ਵੀ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ ਉਸ ਦਾ ਨਕਸ਼ਾ ਰੇਲਵੇ ਸਟੇਸ਼ਨ ਦੇ ਇਕ ਪਾਸੇ ਲਗਾਇਆ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਵਾਂ ਰੇਲਵੇ ਸਟੇਸ਼ਨ ਕਿਸ ਤਰ੍ਹਾਂ ਦਾ ਹੋਵੇਗਾ। ਇਸ ਰੇਲਵੇ ਸਟੇਸ਼ਨ ਦਾ ਵਿਕਾਸ ਕਾਰਜ ਬਹੁਤ ਹੀ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਇਸ ਸਾਲ ਸਮੇਂ ਸਿਰ ਪੂਰਾ ਹੋਣ ਦੀ ਉਮੀਦ ਨਹੀਂ ਜਾਪਦੀ। ਜਦੋਂ ‘ਜਗ ਬਾਣੀ’ਦੀ ਟੀਮ ਇਸ ਰੇਲਵੇ ਸਟੇਸ਼ਨ ’ਤੇ ਜਾਣਕਾਰੀ ਲਈ ਪਹੁੰਚੀ ਤਾਂ ਉਥੇ ਕੋਈ ਵੀ ਸਾਈਟ ਇੰਜੀਨੀਅਰ ਮੌਜੂਦ ਨਹੀਂ ਸੀ ਪਰ ਲੇਬਰ ਮੌਕੇ ’ਤੇ ਕੰਮ ਕਰਦੀ ਜ਼ਰੂਰ ਨਜ਼ਰ ਆਈ।

ਇਸ ਰੇਲਵੇ ਸਟੇਸ਼ਨ ਦੇ ਉਦਘਾਟਨ ਸਮੇਂ ਰੇਲਵੇ ਵਿਭਾਗ ਅੰਬਾਲਾ ਡਿਵੀਜ਼ਨ ਦੇ ਸੀਨੀਅਰ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਸੀ ਕਿ ਰੂਪਨਗਰ ਰੇਲਵੇ ਸਟੇਸ਼ਨ ਦੇ ਵਿਕਾਸ ’ਤੇ 23.99 ਕਰੋੜ ਰੁਪਏ, ਨੰਗਲ ਰੇਲਵੇ ਸਟੇਸ਼ਨ ’ਤੇ 23.31 ਕਰੋੜ ਰੁਪਏ ਅਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ’ਤੇ 24.21 ਕਰੋੜ ਰੁਪਏ ਖ਼ਰਚੇ ਜਾਣਗੇ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ, ਇਕ ਸਾਲ ਪਹਿਲਾਂ ਕਰਵਾਈ ਸੀ 'ਲਵ ਮੈਰਿਜ'

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News