ਸੁਖਜਿੰਦਰ ਰੰਧਾਵਾ ਨੇ ਭੋਗਪੁਰ ਸਹਿਕਾਰੀ ਖੰਡ ਮਿੱਲ ’ਚ ਗੰਨੇ ਦੀ ਪਿੜਾਈ ਦੇ ਸੀਜ਼ਨ ਦਾ ਸ਼ੁੱਭ ਆਰੰਭ ਕੀਤਾ

Wednesday, Nov 24, 2021 - 01:43 PM (IST)

ਜਲੰਧਰ (ਧਵਨ) : ਭੋਗਪੁਰ ਸਹਿਕਾਰੀ ਖੰਡ ਮਿੱਲ ’ਚ ਵਧੀ ਹੋਈ 3000 ਟੀ. ਸੀ. ਡੀ. ਪਿੜਾਈ ਸਮਰੱਥਾ ਦੇ ਮੱਦੇਨਜ਼ਰ ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ 2021-22 ਲਈ ਪਿੜਾਈ ਸੀਜ਼ਨ ਦਾ ਸ਼ੁੱਭ ਆਰੰਭ ਕੀਤਾ, ਜਿਸ ਦੇ ਤਹਿਤ 36 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਵੇਗੀ। ਸੁਖਜਿੰਦਰ ਰੰਧਾਵਾ ਨੇ 30 ਕਰੋੜ ਦੀ ਲਾਗਤ ਨਾਲ 15 ਮੈਗਾਵਾਟ ਬਿਜਲੀ ਉਤਪਾਦਨ ਪਲਾਂਟ ਅਤੇ ਬਾਇਓ ਸੀ. ਐੱਨ. ਜੀ. ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ 15 ਮੈਗਾਵਾਟ ਬਿਜਲੀ ਉਤਪਾਦਨ ਪਲਾਂਟ ਤੋਂ ਗੰਨੇ ਦੀ ਰਹਿੰਦ-ਖੂੰਹਦ ਦਾ ਉਚਿਤ ਇਸਤੇਮਾਲ ਹੋ ਸਕੇਗਾ, ਜਿਸ ਨਾਲ ਵੱਡੇ ਪੈਮਾਨੇ ’ਤੇ ਫਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਸੰਭਵ ਹੋ ਸਕੇਗਾ। ਉਨ੍ਹਾਂ ਕਿਹਾ ਕਿ ਇਸ ਪਲਾਂਟ ਨਾਲ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇਗਾ ਅਤੇ ਨਾਲ ਹੀ 20 ਕਿਲੋਮੀਟਰ ਖੇਤਰ ’ਚ ਫਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਹੋ ਸਕੇਗਾ। ਮੌਜੂਦਾ ਸੀਜ਼ਨ ’ਚ ਇਸ ਪਲਾਂਟ ਤੋਂ 16 ਕਰੋੜ ਦੀ ਬਿਜਲੀ ਵੇਚੀ ਜਾ ਸਕੇਗੀ, ਜਿਸ ਨਾਲ ਖੰਡ ਮਿੱਲਾਂ ਦੀ ਆਮਦਨ ਵਧੇਗੀ ਅਤੇ ਇਹ ਪਲਾਂਟ ਹੁਣ ਪੂਰੇ ਸਾਲ ਭਰ ਚੱਲੇਗਾ। ਉੱਪ-ਮੁੱਖ ਮੰਤਰੀ ਨੇ ਸੀ. ਐੱਨ. ਜੀ. ਆਧਾਰਿਤ ਬਾਇਓ ਗੈਸ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ’ਤੇ 30 ਕਰੋੜ ਰੁਪਏ ਖਰਚ ਹੋਣਗੇ, ਜਿੱਥੋਂ ਰੋਜ਼ਾਨਾ 4 ਟਨ ਬਾਇਓ ਸੀ. ਐੱਨ. ਜੀ. ਦਾ ਉਤਪਾਦਨ ਹੋਵੇਗਾ ਅਤੇ ਨਾਲ ਹੀ ਰੋਜ਼ਾਨਾ 100 ਟਨ ਫਸਲ ਦੀ ਰਹਿੰਦ-ਖੂੰਹਦ ਦੀ ਖਪਤ ਹੋ ਸਕੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਾਇਓ ਸੀ. ਐੱਨ. ਜੀ. ਦੀ ਸਪਲਾਈ ਨੂੰ ਯਕੀਨੀ ਬਣਾਉਣ। ਪੰਜਾਬ ਦੇ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ., ਵਿਧਾਇਕ ਪਵਨ ਕੁਮਾਰ ਆਦੀਆ, ਕਾਂਗਰਸ ਨੇਤਾ ਕੰਵਲਜੀਤ ਸਿੰਘ ਲਾਲੀ ਦੀ ਹਾਜ਼ਰੀ ’ਚ ਰੰਧਾਵਾ ਨੇ ਐਲਾਨ ਕੀਤਾ ਕਿ ਖੰਡ ਮਿੱਲ ਦੀ ਸਮਰੱਥਾ ਨੂੰ ਹੋਰ ਵਧਾ ਕੇ ਰੋਜ਼ਾਨਾ 5000 ਟਨ ਕੀਤਾ ਜਾਵੇਗਾ ਜਦ ਕਿ ਇਸ ਸਮੇਂ ਇਸ ਦੀ ਸਮਰੱਥਾ 3000 ਟੀ. ਪੀ. ਡੀ. ਹੈ, ਜਿਸ ਨਾਲ ਕਿ 2023-24 ਤੱਕ 46 ਲੱਖ ਟਨ ਗੰਨੇ ਦੀ ਪਿੜਾਈ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਕਿਸਾਨਾਂ ਦਾ ਸੰਘਰਸ਼ ਮੁਲਕ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਇਕ ਮੋੜ : ਮੁੱਖ ਮੰਤਰੀ ਚੰਨੀ

ਉਨ੍ਹਾਂ ਕਿਹਾ ਕਿ ਅਗਲੇ ਪਿੜਾਈ ਦੇ ਸੀਜ਼ਨ ’ਚ ਖੰਡ ਮਿੱਲ ਦੀ ਸਮਰੱਥਾ 36 ਲੱਖ ਕੁਇੰਟਲ ਹੋ ਜਾਏਗੀ ਜਦਕਿ ਇਸ ਸਮੇਂ ਇਸ ਦੀ ਸਮਰੱਥਾ 26 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਖੇਤਰ ਦੇ ਕਿਸਾਨਾਂ ਦੇ ਗੰਨੇ ਦੀ ਪਿੜਾਈ ਵੀ ਇਸੇ ਮਿੱਲ ’ਚ ਹੋਵੇਗੀ। ਉੱਪ-ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਖੰਡ ਮਿੱਲਾਂ ਦੀ ਹਾਲਤ ਕਾਫੀ ਖਰਾਬ ਸੀ, ਜਿਸ ਨੂੰ ਦੇਖਦੇ ਹੋਏ ਬਟਾਲਾ ਅਤੇ ਗੁਰਦਾਸਪੁਰ ਖੇਤਰ ਦੀਆਂ ਖੰਡ ਮਿੱਲਾਂ ਦਾ ਬੁਨਿਆਦੀ ਢਾਂਚਾ ਤਿਆਰ ਕਰਨ ’ਤੇ 600 ਕਰੋੜ ਦੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਸਲਿੱਪਾਂ ਵੰਡਣ ਦੇ ਕੰਮ ’ਚ ਪੂਰੀ ਪਾਰਦਰਸ਼ਿਤਾ ਵਰਤਣ। ਪੰਜਾਬ ਦੇ ਉੱਪ-ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਖੰਡ ਮਿੱਲਾਂ ਦੀ ਸਮਰੱਥਾ ਵਧਣ ਕਾਰਨ ਖੇਤਰ ਦੇ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਕਾਂਗਰਸ ਨੇਤਾ ਕੰਵਲਜੀਤ ਸਿੰਘ ਲਾਲੀ ਨੇ ਸਹਿਕਾਰਤਾ ਮੰਤਰੀ ਵਲੋਂ ਭੋਗਪੁਰ ਸਹਿਕਾਰੀ ਖੰਡ ਮਿੱਲ ਨੂੰ ਲੈ ਕੇ ਨਿੱਜੀ ਦਖਲ ਦੇਣ ਦੀ ਸ਼ਲਾਘਾ ਕੀਤੀ। ਉੱਪ-ਮੁੱਖ ਮੰਤਰੀ ਨੇ ਇਸ ਮੌਕੇ ’ਤੇ ਤਰਸ ਦੇ ਆਧਾਰ ’ਤੇ 18 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਇਸ ਮੌਕੇ ਸਹਿਕਾਰਤਾ ਵਿਭਾਗ ਦੇ ਵਿਸ਼ੇਸ਼ ਪ੍ਰਧਾਨ ਸਕੱਤਰ ਵਰੁਣ ਰੂਜ਼ਮ, ਸੁਪਰਫੈੱਡ ਦੇ ਐੱਮ. ਡੀ. ਰਾਜੀਵ ਕੁਮਾਰ ਗੁਪਤਾ, ਕੰਵਲਜੀਤ ਤੂਰ, ਪਰਮਵੀਰ ਸਿੰਘ ਅਤੇ ਹੋਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਸਿੱਧੂ ਨੇ ਚੰਨੀ ਦੇ ਸਾਹਮਣੇ ਦਿਖਾਏ ਤੇਵਰ, ਕਿਹਾ ਖਾਲੀ ਖਜ਼ਾਨੇ ਦੇ ਦੌਰ ’ਚ ਜਨਤਾ ਨੂੰ ਨਹੀਂ ਵੰਡਣ ਦੇਣਗੇ ਲਾਲੀਪਾਪ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News