ਸੁਖਬੀਰ ਨੂੰ ਗੱਠਜੋੜ ਉਪਰੰਤ ਹੋਵੇਗੀ ਕੇਂਦਰੀ ਮੰਤਰੀ ਦੀ ਪੇਸ਼ਕਸ਼!
Sunday, Aug 30, 2026 - 12:38 AM (IST)
ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਸੀ. ਆਰ. ਪਾਟਿਲ ਵਿਚਾਲੇ ਹੋਈ ਗੱਲਬਾਤ ਨੂੰ ਲੈ ਕੇ ਇਕ ਵਾਰ ਫਿਰ ਅਕਾਲੀ-ਭਾਜਪਾ ਗੱਠਜੋੜ ਦਾ ਰੌਲਾ ਪੈ ਰਿਹਾ ਹੈ। ਇਹ ਰੌਲਾ ਕਿਸੇ ਹੱਦ ਤੱਕ ਕਿਸੇ ਸੱਚਾਈ ਵੱਲ ਵੀ ਇਸ਼ਾਰਾ ਕਰਦਾ ਹੈ, ਕਿਉਂਕਿ ਗੱਠਜੋੜ ਦੋਹਾਂ ਦੀ ਮਜਬੂਰੀ ਹੈ ਪਰ ਹੁਣ ਇਸ ਗੱਲ ਦਾ ਪੇਚ ਫਸਦਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਐਲਾਨ ਬਾਅਦ ਵਿਚ ਹੋਵੇਗਾ।
ਹੁਣ ਅਕਾਲੀ ਹਲਕਿਆਂ ’ਚ ਇਸ ਗੱਲ ਦੀ ਵੀ ਚਰਚਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਹੋਣ ਉਪਰੰਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੇਂਦਰੀ ਮੰਤਰੀ ਬਣਨ ਦੀ ਭਾਜਪਾ ਪੇਸਕਸ਼ ਕਰ ਸਕਦੀ ਹੈ ਤੇ ਬੀਬੀ ਬਾਦਲ ਵਾਲਾ ਮਹਿਕਮਾ ਫੂਡ ਪ੍ਰੋਸੈਸਿੰਗ ਵੀ ਖਾਲੀ ਪਿਆ ਹੈ। ਇਸ ਨਾਲ ਮੁੱਖ ਮੰਤਰੀ ਦੀ ਕੁਰਸੀ ਦਾ ਮੁੱਦਾ ਵੀ ਠੰਢੇ ਬਸਤੇ ’ਚ ਪੈ ਜਾਵੇਗਾ।
ਬਾਕੀ ਭਾਜਪਾ ਹੁਣ ਉਹ ਭਾਜਪਾ ਨਹੀਂ ਰਹੀ, ਉਸ ਕੋਲ ਲੀਡਰਸ਼ਿਪ ਥੋਕ ’ਚ ਬੈਠੀ ਹੈ, ਜੋ ਕਦੇ ਸ਼੍ਰੋਮਣੀ ਅਕਾਲੀ ਦਲ ਕੋਲ ਹੁੰਦੀ ਸੀ। ਜਿਵੇਂ ਸ. ਬਾਦਲ, ਜਥੇ. ਟੌਹੜਾ, ਤਲਵੰਡੀ, ਬਰਨਾਲਾ, ਢੀਂਡਸਾ, ਕੁਲਦੀਪ ਸਿੰਘ ਵਡਾਲਾ, ਗੁਰਦਾਸ ਬਾਦਲ, ਬ੍ਰਹਮਪੁਰਾ, ਮਨਪ੍ਰੀਤ ਬਾਦਲ, ਪ੍ਰੋ. ਚੰਦੂਮਾਜਰਾ, ਤੋਤਾ ਸਿੰਘ ਅਜਨਾਲਾ, ਕੋਹਾੜ, ਬੀਬੀ ਜਗੀਰ ਕੌਰ, ਬੀਬੀ ਜੋਸ਼, ਗੋਬਿੰਦ ਸਿੰਘ ਲੌਂਗੋਵਾਲ, ਰਾਮੂਵਾਲੀਆਂ, ਕੈਪ. ਕਮਲਜੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਸ਼ਿਵਾਲਕ, ਇਆਲੀ, ਛੋਟੇਪੁਰ, ਬਾਜਵਾ, ਮੱਕੜ ਤੇ ਭਾਟੀਆ ਆਦਿ, ਜਿਸ ਕਾਰਨ ਭਾਜਪਾ ਅਕਾਲੀ ਦਲ ਦੀ ਗੱਲ ਵੀ ਮੰਨਦੀ ਸੀ।
ਹੁਣ ਭਾਜਪਾ ਕੋਲ ਲੀਡਰਸ਼ਿਪ ਜ਼ਿਆਦਾ ਹੋਣ ਕਰ ਕੇ ਤੇ ਲੋਕ ਸਭਾ ਚੋਣਾਂ ’ਚ 18 ਫੀਸਦੀ ਵੋਟ ਲਿਜਾਣ ਕਾਰਨ ਉਹ 23 ਦੀ ਬਜਾਏ 50 ਸੀਟਾਂ ਮੰਗ ਰਹੀ ਹੈ। ਹੁਣ ਕੀ ਬਟਵਾਰਾ ਹੁੰਦਾ ਹੈ, ਇਸ ਦਾ ਪਤਾ ਤਾਂ ਗੱਠਜੋੜ ਹੋਣ ਤੋਂ ਬਾਅਦ ਹੀ ਲੱਗੇਗਾ।
