ਸੜਕ ਹਾਦਸੇ ''ਚ ਜਵਾਨ ਪੁੱਤ ਦੀ ਮੌਤ ਮਗਰੋਂ ਲਾਸ਼ ਲਈ ਹਾੜੇ ਕੱਢਦੇ ਰਹੇ ਮਾਪੇ!

Monday, Sep 07, 2026 - 04:32 PM (IST)

ਸੜਕ ਹਾਦਸੇ ''ਚ ਜਵਾਨ ਪੁੱਤ ਦੀ ਮੌਤ ਮਗਰੋਂ ਲਾਸ਼ ਲਈ ਹਾੜੇ ਕੱਢਦੇ ਰਹੇ ਮਾਪੇ!

ਲੁਧਿਆਣਾ (ਤਰੁਣ): ਬੀਤੇ ਦਿਨੀਂ ਦੀਪਕ ਹਸਪਤਾਲ ਸਰਾਭਾ ਨਗਰ ਨੇੜੇ ਇੱਕ ਤੇਜ਼ ਰਫ਼ਤਾਰ ਆਟੋ ਨੇ ਮੋਟਰਸਾਈਕਲ ਸਵਾਰ 23 ਸਾਲਾ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ 15 ਦਿਨਾਂ ਬਾਅਦ ਜੰਮੂ ਦੇ ਏਮਜ਼ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਵਿਚ ਇੱਕ ਦਿਹਾੜੀਦਾਰ ਪਿਓ ਨੇ ਆਪਣਾ ਜਵਾਨ ਪੁੱਤਰ ਖੋਹ ਦਿੱਤਾ, ਜਿਸ ਕਾਰਨ ਮਾਤਾ-ਪਿਤਾ ਦੀ ਆਰਥਿਕ ਅਤੇ ਮਾਨਸਿਕ ਹਾਲਤ ਬੇਹੱਦ ਬਦਤਰ ਦੱਸੀ ਜਾ ਰਹੀ ਹੈ।

ਏਮਜ਼ ਹਸਪਤਾਲ ਪ੍ਰਬੰਧਕਾਂ ਨੇ ਪਿਤਾ ਨੂੰ ਮ੍ਰਿਤਕ ਦੇਹ ਸੌਂਪਣ ਤੋਂ ਇਨਕਾਰ ਕਰ ਦਿੱਤਾ। ਹਸਪਤਾਲ ਦਾ ਕਹਿਣਾ ਸੀ ਕਿ ਲੁਧਿਆਣਾ ਪੁਲ ਸ ਦੇ ਆਉਣ ਤੋਂ ਬਾਅਦ ਹੀ ਮ੍ਰਿਤਕ ਦੇਹ ਪਰਿਵਾਰ ਹਵਾਲੇ ਕੀਤੀ ਜਾਵੇਗੀ। ਮ੍ਰਿਤਕ ਦੀ ਪਛਾਣ 23 ਸਾਲਾ ਵਿਪਨ ਕੁਮਾਰ (ਰਾਹੁਲ ਕੁਮਾਰ) ਮੂਲ ਨਿਵਾਸੀ ਗੱਲਕ ਰਾਮਕੋਟ, ਕਠੂਆ (ਜੰਮੂ-ਕਸ਼ਮੀਰ) ਵਜੋਂ ਹੋਈ ਹੈ।

ਪਿਤਾ ਕਰਤਾਰ ਚੰਦ ਨੇ ਦੱਸਿਆ ਕਿ ਉਸ ਦਾ ਪੁੱਤਰ ਲੁਧਿਆਣਾ ਦੇ ਇੱਕ ਹੋਟਲ ਵਿਚ ਵੇਟਰ ਦਾ ਕੰਮ ਕਰਦਾ ਸੀ, ਜਦਕਿ ਉਹ ਖ਼ੁਦ ਦਿਹਾੜੀਦਾਰ ਹੈ। ਪੁੱਤਰ ਦੀ ਕਮਾਈ ਨਾਲ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। 22 ਅਗਸਤ ਦੀ ਰਾਤ ਕਰੀਬ ਸਾਢੇ 11 ਵਜੇ ਉਸ ਦਾ ਪੁੱਤਰ ਕੰਮ ਖ਼ਤਮ ਕਰ ਕੇ ਹੋਟਲ ਤੋਂ ਕਮਰੇ ਵੱਲ ਜਾ ਰਹਾ ਸੀ। ਜਦੋਂ ਉਹ ਦੀਪਕ ਹਸਪਤਾਲ ਸਰਾਭਾ ਨਗਰ ਨੇੜੇ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਆਟੋ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਸਿਰ ''ਤੇ ਗੰਭੀਰ ਸੱਟ ਲੱਗਣ ਕਾਰਨ ਰਾਹਗੀਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ। ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪਰਿਵਾਰ ਨੇ ਉਸ ਨੂੰ ਲੁਧਿਆਣਾ ਤੋਂ ਪਠਾਨਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਪਰ ਉੱਥੇ ਵੀ ਇਲਾਜ ਮਹਿੰਗਾ ਹੋਣ ਕਾਰਨ ਜੰਮੂ ਦੇ ਏਮਜ਼ ਹਸਪਤਾਲ ਰੈਫ਼ਰ ਕਰਵਾ ਲਿਆ ਗਿਆ। 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਉਨ੍ਹਾਂ ਨੂੰ ਪੁੱਤਰ ਦੀ ਦੇਹ ਨਹੀਂ ਮਿਲੀ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਲੁਧਿਆਣਾ ਪੁਲਿਸ ਦੀ ਮੌਜੂਦਗੀ ਵਿੱਚ ਹੀ ਮ੍ਰਿਤਕ ਦੇਹ ਪਰਿਵਾਰ ਸਪੁਰਦ ਕੀਤੀ ਜਾਵੇਗੀ।

ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਪਿਤਾ ਕਰਤਾਰ ਚੰਦ ਦੇ ਬਿਆਨਾਂ ''ਤੇ ਅਣਪਛਾਤੇ ਆਟੋ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਦੀਪ ਸਿੰਘ ਜੰਮੂ ਲਈ ਰਵਾਨਾ ਹੋਏ, ਜੋ ਸੋਮਵਾਰ ਨੂੰ ਜੰਮੂ ਪਹੁੰਚੇ।

ਇਸ ਸਬੰਧੀ ਏ.ਐੱਸ.ਆਈ. ਸੁਖਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਜੰਮੂ ਦੇ ਏਮਜ਼ ਹਸਪਤਾਲ ਤੋਂ ਸੂਚਨਾ ਮਿਲੀ ਸੀ। ਪੁਲਿਸ ਨੇ ਤੁਰੰਤ ਕੇਸ ਦਰਜ ਕੀਤਾ ਅਤੇ ਉਹ ਖ਼ੁਦ ਜੰਮੂ ਲਈ ਰਵਾਨਾ ਹੋ ਗਏ। ਦੁਪਹਿਰ ਸਮੇਂ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ। ਦੁਪਹਿਰ ਕਰੀਬ 4 ਵਜੇ ਰਾਹੁਲ ਕੁਮਾਰ ਦਾ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਕੇਸ ਨੂੰ ਲੈ ਕੇ ਪੁਲਸ ਖ਼ੁਦ ਝੰਜਟ 'ਚ

ਉੱਥੇ ਹੀ ਪੁਲਸ ਇਸ ਦੁਰਘਟਨਾ ਕੇਸ ਨੂੰ ਲੈ ਕੇ ਆਪ ਹੀ ਕਨਫ਼ਿਊਜ਼ਨ ਵਿਚ ਨਜ਼ਰ ਆ ਰਹੀ ਹੈ। ਆਨਨ-ਫ਼ਾਨਨ ਵਿਚ ਜੰਮੂ ਪੁਲਸ ਅਤੇ ਹਸਪਤਾਲ ਪ੍ਰਬੰਧਕਾਂ ਦਾ ਫ਼ੋਨ ਆਉਣ ''ਤੇ ਲੁਧਿਆਣਾ ਪੁਲਸ ਨੇ ਕੇਸ ਤਾਂ ਦਰਜ ਕਰ ਲਿਆ, ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਆਖ਼ਰ ਰਾਹੁਲ ਕੁਮਾਰ ਦਾ ਐਕਸੀਡੈਂਟ ਕਿੱਥੇ ਵਾਪਰਿਆ ਸੀ।

ਇਸ ਸਬੰਧੀ ਏ.ਐੱਸ.ਆਈ. ਸੁਖਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਵੇਲੇ ਰਾਹੁਲ ਆਪਣੇ ਤਿੰਨ ਸਾਥੀਆਂ ਨਾਲ ਬੁਲੇਟ ਮੋਟਰਸਾਈਕਲ ''ਤੇ ਸੀ। ਰਾਹਗੀਰਾਂ ਨੇ ਦੋ ਦੋਸਤਾਂ ਨੂੰ ਹੋਰ ਹਸਪਤਾਲ ਵਿਚ ਭਰਤੀ ਕਰਵਾਇਆ ਸੀ, ਜਦਕਿ ਰਾਹੁਲ ਨੂੰ ਦੀਪਕ ਹਸਪਤਾਲ ਲਿਜਾਇਆ ਗਿਆ ਸੀ। ਰਾਹੁਲ ਦੇ ਦੋਸਤਾਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਨਾਲ ਅਜੇ ਤੱਕ ਰਾਬਤਾ ਨਹੀਂ ਹੋ ਸਕਿਆ ਹੈ।


author

Anmol Tagra

Content Editor

Related News