ਨਸ਼ੇ ਨੇ ਉਜਾੜਿਆ ਘਰ : ਤਿੰਨ ਮਹੀਨੇ ਦੀ ਗਰਭਵਤੀ ਪਤਨੀ ਦੀ ਮੌਤ, ਪਤੀ ਤੇ ਦਾਦਾ ਹਿਰਾਸਤ ’ਚ
Tuesday, Sep 08, 2026 - 12:20 PM (IST)
ਹਲਵਾਰਾ (ਲਾਡੀ ਸਿੱਧੂ) : ਹਲਵਾਰਾ ਦੇ ਨਜ਼ਦੀਕੀ ਪਿੰਡ ਬੁਰਜ ਲਿੱਟਾਂ ਵਿਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ (25) ਵਜੋਂ ਹੋਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਜਸਪ੍ਰੀਤ ਸਿੰਘ ਉਰਫ਼ ਜੱਸਾ ’ਤੇ ਨਸ਼ੇ ਦੀ ਹਾਲਤ ਵਿਚ ਪਤਨੀ ਨਾਲ ਕੁੱਟਮਾਰ ਕਰਨ ਅਤੇ ਗਲਾ ਘੁੱਟ ਕੇ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਹਰਪ੍ਰੀਤ ਕੌਰ ਤਿੰਨ ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਸੀ। ਪਰਿਵਾਰ ਵੱਲੋਂ ਲਗਾਏ ਦੋਸ਼ਾਂ ਅਨੁਸਾਰ ਇਸ ਘਟਨਾ ਵਿਚ ਹਰਪ੍ਰੀਤ ਕੌਰ ਦੇ ਨਾਲ ਉਸ ਦੇ ਗਰਭ ਵਿਚ ਪਲ ਰਹੇ ਅਣਜੰਮੇ ਬੱਚੇ ਦੀ ਵੀ ਜਾਨ ਚਲੀ ਗਈ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਪਤੀ ਜਸਪ੍ਰੀਤ ਸਿੰਘ ਅਤੇ ਦਾਦਾ ਜੋਗਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਜਿਸ ਥਾਣੇ 'ਚ ਤਾਇਨਾਤ ਉਸੇ 'ਚ ਦਰਜ ਹੋਇਆ ਮਾਮਲਾ
ਲਗਾਤਾਰ ਝਗੜਿਆਂ ਤੋਂ ਤੰਗ ਆ ਕੇ ਚਲੀ ਗਈ ਸੀ ਪੇਕੇ
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਹਰਪ੍ਰੀਤ ਕੌਰ ਆਪਣੇ ਸਹੁਰੇ ਘਰ ਵਿਚ ਲਗਾਤਾਰ ਹੋ ਰਹੇ ਝਗੜਿਆਂ ਤੋਂ ਕਾਫ਼ੀ ਪ੍ਰੇਸ਼ਾਨ ਸੀ। ਇਸ ਕਾਰਨ ਉਹ ਕੁਝ ਸਮਾਂ ਪਹਿਲਾਂ ਆਪਣੇ ਪੇਕੇ ਘਰ ਚਲੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਜਸਪ੍ਰੀਤ ਸਿੰਘ ਉਸ ਨੂੰ ਸਮਝਾ-ਬੁਝਾ ਕੇ ਮੁੜ ਬੁਰਜ ਲਿੱਟਾਂ ਲੈ ਆਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸ ਦੌਰਾਨ ਜਸਪ੍ਰੀਤ ਨੇ ਨਸ਼ਾ ਛੱਡਣ ਦਾ ਭਰੋਸਾ ਵੀ ਦਿੱਤਾ ਸੀ। ਇਸ ਦੇ ਬਾਵਜੂਦ ਸੋਮਵਾਰ ਰਾਤ ਨੂੰ ਉਹ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿਚ ਘਰ ਆਇਆ ਅਤੇ ਹਰਪ੍ਰੀਤ ਕੌਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਕੁੱਟਮਾਰ ਤੋਂ ਬਾਅਦ ਹਰਪ੍ਰੀਤ ਕੌਰ ਦਾ ਗਲਾ ਘੁੱਟ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਇਹ ਵੀ ਦਾਅਵਾ ਹੈ ਕਿ ਮ੍ਰਿਤਕਾ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਘਟਨਾ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਸਵਾਲ ਹੈ ਕਿ ਜੇਕਰ ਹਰਪ੍ਰੀਤ ਨੇ ਖੁਦਕੁਸ਼ੀ ਕੀਤੀ ਸੀ ਤਾਂ ਛੱਤ ਤੋਂ ਉਸ ਦੀ ਲਾਸ਼ ਹੇਠਾਂ ਕਿਸ ਨੇ ਉਤਾਰੀ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਅਜੇ ਪੁਲੀਸ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ।
ਇਹ ਵੀ ਪੜ੍ਹੋ : ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ
ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਪੱਸ਼ਟ ਹੋਵੇਗਾ ਮੌਤ ਦਾ ਕਾਰਨ
ਥਾਣਾ ਸੁਧਾਰ ਦੇ ਮੁਖੀ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਸ ਅਨੁਸਾਰ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਹਰਪ੍ਰੀਤ ਕੌਰ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋਵੇਗੀ। ਜਾਂਚ ਵਿਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : RSS, ਭਾਜਪਾ ਤੇ ਹਿੰਦੂ ਨੇਤਾ ਨਿਸ਼ਾਨੇ ’ਤੇ! ਇਨਪੁਟ ਤੋਂ ਬਾਅਦ ਪੁਲਸ ਨੇ ਜਾਰੀ ਕੀਤਾ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
