ਹੈਂ..! ਪੰਜਾਬ ''ਚ PRTC ਬੱਸ ਹੀ ਹੋ ਗਈ ਚੋਰੀ, ਫ਼ਿਲਮੀ ਕਹਾਣੀ ਵਾਂਗ ਦਿੱਤਾ ਵਾਰਦਾਤ ਨੂੰ ਅੰਜਾਮ
Sunday, Sep 06, 2026 - 01:40 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਬੇਖ਼ੌਫ਼ ਘੁੰਮ ਰਹੇ ਸ਼ਾਤਰ ਚੋਰਾਂ ਨੇ ਇਸ ਵਾਰ ਕਿਸੇ ਫ਼ਿਲਮੀ ਕਹਾਣੀ ਦੀ ਤਰਜ਼ 'ਤੇ ਇਕ ਹੈਰਾਨੀਜਨਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੱਸ ਸਟੈਂਡ ਡਿਪੂ ਦੇ ਬਿਲਕੁਲ ਸਾਹਮਣੇ ਸਥਿਤ ਪਾਰਕਿੰਗ ਵਿਚੋਂ ਚੋਰਾਂ ਨੇ ਪੀ.ਆਰ.ਟੀ.ਸੀ. ਇਕ ਹਾਈ-ਟੈੱਕ ਟਾਪ ਮਾਡਲ ਬੱਸ ਹੀ ਗਾਇਬ ਕਰ ਦਿੱਤੀ। ਅਗਲੀ ਸਵੇਰ ਇਹ ਬੱਸ ਸ਼ਹਿਰ ਤੋਂ ਕਰੀਬ 21 ਕਿੱਲੋਮੀਟਰ ਦੂਰ ਪਿੰਡ ਢੱਟ ਦੇ ਨੇੜੇ ਇੱਟਾਂ ਦੇ ਸਹਾਰੇ ਖੜ੍ਹੀ ਬਰਾਮਦ ਹੋਈ। ਸ਼ਾਤਰ ਚੋਰਾਂ ਨੇ ਬੜੀ ਤਸੱਲੀ ਨਾਲ ਬੱਸ ਦੇ ਸਾਰੇ ਟਾਇਰ, ਬੈਟਰੀਆਂ ਅਤੇ ਹੋਰ ਕੀਮਤੀ ਪੁਰਜ਼ੇ ਕੱਢ ਲਏ ਅਤੇ ਸਬੂਤ ਮਿਟਾਉਣ ਲਈ ਬੱਸ ਵਿਚ ਲੱਗੇ ਕੈਮਰੇ ਵੀ ਆਪਣੇ ਨਾਲ ਲੈ ਗਏ। ਇਸ ਚੋਰੀ ਕਾਰਨ ਬੱਸ ਮਾਲਕ ਨੂੰ ਕਰੀਬ 7 ਤੋਂ 8 ਲੱਖ ਰੁਪਏ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ।
ਸੀ.ਸੀ.ਟੀ.ਵੀ. ਵਿਚ ਕੈਦ ਹੋਈ 2 ਘੰਟੇ ਦੀ ਰੇਕੀ
ਪਾਰਕਿੰਗ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ 'ਤੇ ਪੂਰੀ ਵਾਰਦਾਤ ਦਾ ਖੁਲਾਸਾ ਹੋਇਆ। ਬੱਸ ਦੇ ਡਰਾਈਵਰ ਨੇ ਦੱਸਿਆ ਕਿ 28 ਅਗਸਤ ਦੀ ਰਾਤ ਨੂੰ ਕਰੀਬ 12:30 ਵਜੇ ਇਕ ਬੋਲੈਰੋ ਪਿਕਅੱਪ ਪਾਰਕਿੰਗ ਦੇ ਕੋਲ ਆ ਕੇ ਰੁਕੀ, ਜਿਸ ਵਿਚ 7 ਤੋਂ 8 ਸ਼ੱਕੀ ਨੌਜਵਾਨ ਸਵਾਰ ਸਨ। ਸ਼ਾਤਰ ਗਿਰੋਹ ਨੇ ਕਰੀਬ 2 ਘੰਟੇ ਤੱਕ ਉੱਥੇ ਬੈਠ ਕੇ ਪੂਰੇ ਇਲਾਕੇ ਅਤੇ ਸੁਰੱਖਿਆ ਪ੍ਰਬੰਧਾਂ ਦੀ ਰੇਕੀ ਕੀਤੀ। ਰਾਤ ਕਰੀਬ 2:20 ਵਜੇ, ਜਦੋਂ ਸੜਕਾਂ 'ਤੇ ਪੂਰੀ ਤਰ੍ਹਾਂ ਸੰਨਾਟਾ ਪਸਰ ਗਿਆ, ਮੁਲਜ਼ਮ ਪਾਰਕਿੰਗ ਦੇ ਅੰਦਰ ਦਾਖਲ ਹੋਏ ਅਤੇ ਬੱਸ ਨੂੰ ਬਾਹਰ ਕੱਢ ਲਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪਾਰਕਿੰਗ ਦੇ ਗੇਟ 'ਤੇ ਨਾ ਤਾਂ ਕੋਈ ਅਧਿਕਾਰਤ ਐਂਟਰੀ ਹੋਈ ਅਤੇ ਨਾ ਹੀ ਕਿਸੇ ਸੁਰੱਖਿਆ ਕਰਮੀ ਨੇ ਉਨ੍ਹਾਂ ਨੂੰ ਰੋਕਣ-ਟੋਕਣ ਦੀ ਖੇਚਲ ਕੀਤੀ।
ਆਟੋ ਅਤੇ ਸਕੂਟੀ ਨੇ ਕੀਤਾ ਐਸਕਾਰਟ, ਵਾਇਰਿੰਗ ਡਾਇਰੈਕਟ ਕਰਕੇ ਲੈ ਉੱਡੇ
ਸੀ.ਸੀ.ਟੀ.ਵੀ. ਵਿਚ ਅੱਗੇ ਦੇਖਿਆ ਗਿਆ ਕਿ ਬੱਸ ਜਿਵੇਂ ਹੀ ਜਗਰਾਓਂ ਪੁਲ ਦੇ ਕੋਲ ਪਹੁੰਚੀ, ਉੱਥੇ ਪਹਿਲਾਂ ਤੋਂ ਮੌਜੂਦ ਇਕ ਆਟੋ ਅਤੇ ਇਕ ਸਕੂਟੀ ਬੱਸ ਦੇ ਅੱਗੇ-ਅੱਗੇ ਐਸਕਾਰਟ ਵਾਂਗ ਚੱਲਣ ਲੱਗੇ ਅਤੇ ਬੱਸ ਨੂੰ ਸੁਰੱਖਿਅਤ ਸ਼ਹਿਰ ਤੋਂ ਬਾਹਰ ਕੱਢ ਕੇ ਲੈ ਗਏ। ਵਾਰਦਾਤ ਦਾ ਸ਼ਿਕਾਰ ਹੋਈ ਬੱਸ ਕੋਈ ਸਾਧਾਰਨ ਗੱਡੀ ਨਹੀਂ ਸਗੋਂ BS-VI (Phase 2-6) ਟਾਪ ਮਾਡਲ ਬੱਸ ਸੀ। ਮਾਹਿਰਾਂ ਅਨੁਸਾਰ, ਇਸ ਹਾਈ-ਟੈੱਕ ਗੱਡੀ ਦਾ ਸਿਸਟਮ ਇੰਨਾ ਐਡਵਾਂਸਡ ਹੁੰਦਾ ਹੈ ਕਿ ਕੋਈ ਆਮ ਚੋਰ ਇਸ ਨੂੰ ਬਿਨਾਂ ਚਾਬੀ ਦੇ ਸਟਾਰਟ ਨਹੀਂ ਕਰ ਸਕਦਾ। ਚੋਰਾਂ ਨੇ ਸਟਾਰਟਿੰਗ ਸਵਿੱਚ ਦੀਆਂ ਤਾਰਾਂ ਕੱਟ ਕੇ ਸਿੱਧਾ ਡਾਇਰੈਕਟ ਸਟਾਰਟ ਕੀਤਾ। ਇਸ ਨਾਲ ਸਾਫ਼ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਾਰਦਾਤ ਵਿਚ ਕਿਸੇ ਤਕਨੀਕੀ ਜਾਣਕਾਰ ਜਾਂ ਪਾਰਕਿੰਗ ਨਾਲ ਜੁੜੇ ਕਿਸੇ ਅੰਦਰੂਨੀ 'ਭੇਤੀ' ਦਾ ਹੱਥ ਹੈ, ਜਿਸ ਨੂੰ ਬੱਸ ਦੀ ਵਾਇਰਿੰਗ ਅਤੇ ਸਿਸਟਮ ਦੀ ਡੂੰਘੀ ਸਮਝ ਸੀ।
ਪਿੰਡ ਢੱਟ ਦੇ ਨੇੜੇ ਇੱਟਾਂ 'ਤੇ ਟਿਕੀ ਮਿਲੀ ਬੱਸ, ਲੱਖਾਂ ਦਾ ਸਾਮਾਨ ਸਾਫ਼
ਅਗਲੀ ਸਵੇਰ ਕਰੀਬ 7:30 ਵਜੇ ਜਦੋਂ ਡਰਾਈਵਰ ਆਪਣੀ ਰੋਜ਼ਾਨਾ ਡਿਊਟੀ 'ਤੇ ਪਹੁੰਚਿਆ, ਤਾਂ ਪਾਰਕਿੰਗ ਵਿਚ ਬੱਸ ਨਾ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਤੁਰੰਤ ਪੁਲਸ ਅਤੇ ਟ੍ਰਾਂਸਪੋਰਟ ਵਿਭਾਗ ਨੂੰ ਸੂਚਿਤ ਕਰਕੇ ਭਾਲ ਸ਼ੁਰੂ ਕੀਤੀ ਗਈ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸੂਚਨਾ ਮਿਲੀ ਕਿ ਚੌਕੀਮਾਨ ਟੋਲ ਪਲਾਜ਼ਾ ਤੋਂ ਕਰੀਬ 2 ਕਿਲੋਮੀਟਰ ਪਿੱਛੇ, ਪਿੰਡ ਢੱਟ ਦੇ ਨੇੜੇ ਇਕ ਬੱਸ ਲਾਵਾਰਿਸ ਖੜ੍ਹੀ ਹੈ। ਮੌਕੇ 'ਤੇ ਪਹੁੰਚ ਕੇ ਦੇਖਿਆ ਗਿਆ ਤਾਂ ਬੱਸ ਇੱਟਾਂ ਦੇ ਸਹਾਰੇ ਟਿਕੀ ਹੋਈ ਸੀ। ਚੋਰਾਂ ਨੇ ਉਸ ਦੇ ਸਾਰੇ ਟਾਇਰ, ਦੋਵੇਂ ਵੱਡੀਆਂ ਬੈਟਰੀਆਂ ਅਤੇ ਵਾਇਰਿੰਗ ਦਾ ਸਾਮਾਨ ਬੜੇ ਆਰਾਮ ਨਾਲ ਖੋਲ੍ਹ ਲਿਆ ਸੀ। ਆਪਣੀ ਪਛਾਣ ਛੁਪਾਉਣ ਲਈ ਮੁਲਜ਼ਮ ਬੱਸ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਅਤੇ ਰਿਕਾਰਡਿੰਗ ਉਪਕਰਣ ਵੀ ਤੋੜ ਕੇ ਆਪਣੇ ਨਾਲ ਲੈ ਗਏ।
ਥਾਣੇ ਦੇ ਚੱਕਰ ਕੱਟ ਰਹੇ ਪੀੜਤ
ਵਾਰਦਾਤ ਤੋਂ ਬਾਅਦ ਪ੍ਰੇਸ਼ਾਨ ਪੀ.ਆਰ.ਟੀ.ਸੀ. ਸਟਾਫ਼ ਅਤੇ ਪੀੜਤ ਬੱਸ ਮਾਲਕ ਇਨਸਾਫ਼ ਲਈ ਥਾਣਾ ਡਵੀਜ਼ਨ ਨੰਬਰ 5 ਦੇ ਚੱਕਰ ਕੱਟ ਰਹੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਵਾਰਦਾਤ ਵਿਚ ਵਰਤੀ ਗਈ ਬੋਲੈਰੋ ਪਿਕਅੱਪ ਦਾ ਨੰਬਰ ਟ੍ਰੇਸ ਕਰ ਲਿਆ ਗਿਆ ਹੈ। ਹਾਲਾਂਕਿ, ਘਟਨਾ ਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਅਜੇ ਤੱਕ ਕਿਸੇ ਵੀ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ, ਜਿਸ ਕਾਰਨ ਟ੍ਰਾਂਸਪੋਰਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
