ਜਿਊਲਰ ਨੂੰ ਗੱਲਾਂ ’ਚ ਉਲਝਾ ਕੇ ਔਰਤ ਨੇ ਉਡਾਈ ਸੋਨੇ ਦੀ ਚੇਨ, ਸੀ. ਸੀ. ਟੀ. ਵੀ. ''ਚ ਕੈਦ ਹੋਈ ਵਾਰਦਾਤ

Monday, Sep 07, 2026 - 01:52 PM (IST)

ਜਿਊਲਰ ਨੂੰ ਗੱਲਾਂ ’ਚ ਉਲਝਾ ਕੇ ਔਰਤ ਨੇ ਉਡਾਈ ਸੋਨੇ ਦੀ ਚੇਨ, ਸੀ. ਸੀ. ਟੀ. ਵੀ. ''ਚ ਕੈਦ ਹੋਈ ਵਾਰਦਾਤ

ਲੁਧਿਆਣਾ (ਗੌਤਮ)- ਮਾਡਲ ਟਾਊਨ ਸਥਿਤ ਇਕ ਜਿਊਲਰ ਦੀ ਦੁਕਾਨ ’ਚ ਸੋਨੇ ਦੀ ਚੇਨ ਖ਼ਰੀਦਣ ਆਈ ਔਰਤ ਚੇਨ ਲੈ ਕੇ ਫ਼ਰਾਰ ਹੋ ਗਈ। ਔਰਤ ਨੇ ਦੁਕਾਨਦਾਰ ਨੂੰ ਗੱਲਾਂ ’ਚ ਉਲਝਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਚੋਰੀ ਹੋਈ ਚੇਨ ਦੀ ਕੀਮਤ ਕਰੀਬ 1 ਲੱਖ ਰੁਪਏ ਦੱਸੀ ਜਾ ਰਹੀ ਹੈ। ਔਰਤ ਦੇ ਜਾਣ ਤੋਂ ਬਾਅਦ ਜਦੋਂ ਦੁਕਾਨਦਾਰ ਨੇ ਸਾਮਾਨ ਚੈੱਕ ਕੀਤਾ ਤਾਂ ਸ਼ੱਕ ਹੋਣ ’ਤੇ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫ਼ੁਟੇਜ ਚੈੱਕ ਕੀਤੀ। ਫ਼ੁਟੇਜ ’ਚ ਔਰਤ ਚੇਨ ਚੋਰੀ ਕਰਕੇ ਆਪਣੇ ਕੱਪੜਿਆਂ ’ਚ ਛੁਪਾਉਂਦੀ ਹੋਈ ਨਜ਼ਰ ਆਈ। ਪਤਾ ਲੱਗਦਿਆਂ ਹੀ ਦੁਕਾਨਦਾਰ ਨੇ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਸੂਚਿਤ ਕੀਤਾ।

ਉਕਤ ਵਾਰਦਾਤ ਮਾਡਲ ਟਾਊਨ ਸਥਿਤ ਰਾਧੇਸ਼ਿਆਮ ਜਿਊਲਰਜ਼ ਵਿਖੇ ਵਾਪਰੀ। ਦੁਕਾਨਦਾਰ ਨੇ ਦੱਸਿਆ ਕਿ ਇਕ ਔਰਤ ਆਟੋ ’ਚ ਸਵਾਰ ਹੋ ਕੇ ਉਨ੍ਹਾਂ ਦੀ ਦੁਕਾਨ ’ਤੇ ਆਈ। ਔਰਤ ਨੇ ਆਉਂਦਿਆਂ ਹੀ ਸੋਨੇ ਦੀ ਚੇਨ ਖ਼ਰੀਦਣ ਦੀ ਗੱਲ ਕਹੀ। ਦੁਕਾਨਦਾਰ ਨੇ ਉਸ ਨੂੰ ਸੋਨੇ ਦੀਆਂ ਚੇਨਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਔਰਤ ਨੇ ਦੁਕਾਨਦਾਰ ਨੂੰ ਗੱਲਾਂ ’ਚ ਉਲਝਾਉਂਦਿਆਂ 6 ਗ੍ਰਾਮ ਦੀ ਸੋਨੇ ਦੀ ਚੇਨ ਖਿਸਕਾ ਲਈ ਅਤੇ ਛੁਪਾ ਲਈ। ਬਾਅਦ ’ਚ ਔਰਤ ਕਾਹਲੀ ਕਰਦੀ ਹੋਈ ਦੁਕਾਨ ਤੋਂ ਬਾਹਰ ਨਿਕਲੀ ਅਤੇ ਆਟੋ ’ਚ ਸਵਾਰ ਹੋ ਕੇ ਚਲੀ ਗਈ। ਸੀ. ਸੀ. ਟੀ. ਵੀ. ਕੈਮਰੇ ਤੋਂ ਆਟੋ ਦਾ ਨੰਬਰ ਵੀ ਨੋਟ ਕਰਕੇ ਪੁਲਸ ਨੂੰ ਦਿੱਤਾ ਗਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਪੁਲਸ ਨੂੰ ਸੀ. ਸੀ. ਟੀ .ਵੀ. ਦੀ ਫ਼ੁਟੇਜ ਸੌਂਪ ਦਿੱਤੀ ਗਈ ਹੈ। ਪੁਲਸ ਵੱਲੋਂ ਆਟੋ ਨੰਬਰ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।


author

Anmol Tagra

Content Editor

Related News