ਪੰਜਾਬ ''ਚ 3,00,00,000 ਰੁਪਏ ਦੀ ਵੱਡੀ ਠੱਗੀ! ਹੈਰਾਨ ਕਰੇਗਾ ਪੂਰਾ ਮਾਮਲਾ
Friday, Sep 04, 2026 - 08:18 PM (IST)
ਸਾਹਨੇਵਾਲ (ਬਲਜੀਤ)– ਜ਼ਮੀਨ ਦੇ ਕਰੋੜਾਂ ਰੁਪਏ ਦੇ ਸੌਦੇ ਵਿੱਚ ਕਥਿਤ ਧੋਖਾਧੜੀ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ 10 ਕਨਾਲ 18 ਮਰਲੇ ਜ਼ਮੀਨ ਦਾ ਇਕਰਾਰਨਾਮਾ ਕਰਕੇ ਮੁਲਜ਼ਮ ਨੇ 3 ਕਰੋੜ 1 ਲੱਖ ਰੁਪਏ ਦੀ ਭਾਰੀ ਰਕਮ ਹਾਸਲ ਕਰ ਲਈ, ਪਰ ਬਾਅਦ ਵਿਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਮੁਕਰ ਗਿਆ। ਮਾਮਲੇ ਦੀ ਪੜਤਾਲ ਉਪਰੰਤ ਥਾਣਾ ਸਾਹਨੇਵਾਲ ਪੁਲਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਗਰ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਵਿਨੋਦ ਕੁਮਾਰ ਗਰਗ ਨੇ ਦੱਸਿਆ ਕਿ ਉਸ ਦਾ ਢੰਡਾਰੀ ਕਲਾ ਦੇ ਰਹਿਣ ਵਾਲੇ ਰਣਜੀਤ ਸਿੰਘ ਨਾਲ ਪਿੰਡ ਨੰਦਪੁਰ ਵਿਖੇ ਸਥਿਤ 10 ਕਨਾਲ 18 ਮਰਲੇ ਜ਼ਮੀਨ ਦਾ ਸੌਦਾ ਤੈਅ ਹੋਇਆ ਸੀ। ਸ਼ਿਕਾਇਤਕਰਤਾ ਅਨੁਸਾਰ ਦੋਵਾਂ ਧਿਰਾਂ ਵਿਚਾਲੇ ਉਕਤ ਜ਼ਮੀਨ ਲਈ 3 ਕਰੋੜ 1 ਲੱਖ ਰੁਪਏ ਵਿੱਚ ਇਕਰਾਰਨਾਮਾ ਹੋਇਆ ਅਤੇ ਸੌਦੇ ਤਹਿਤ ਮੁਲਜ਼ਮ ਨੇ ਰਕਮ ਵੀ ਪ੍ਰਾਪਤ ਕਰ ਲਈ।
ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਕਰੋੜਾਂ ਰੁਪਏ ਦੀ ਰਕਮ ਹਾਸਲ ਕਰਨ ਦੇ ਬਾਵਜੂਦ ਰਣਜੀਤ ਸਿੰਘ ਵੱਲੋਂ ਤੈਅ ਸਮੇਂ ਅਨੁਸਾਰ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਗਈ। ਜਦੋਂ ਮਾਮਲਾ ਹੱਲ ਨਾ ਹੋਇਆ ਤਾਂ ਸ਼ਿਕਾਇਤਕਰਤਾ ਨੇ 8 ਜੂਨ 2026 ਨੂੰ ਇਸ ਸਬੰਧੀ ਪੁਲਿਸ ਕੋਲ ਦਰਖ਼ਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਪੁਲਸ ਵੱਲੋਂ ਸ਼ਿਕਾਇਤ ਅਤੇ ਜ਼ਮੀਨ ਦੇ ਸੌਦੇ ਨਾਲ ਸਬੰਧਤ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਥਾਣਾ ਸਾਹਨੇਵਾਲ ਵਿਖੇ ਮੁਲਜ਼ਮ ਰਣਜੀਤ ਸਿੰਘ ਖ਼ਿਲਾਫ਼ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਜ਼ਮੀਨ ਦੇ ਇਕਰਾਰਨਾਮੇ, ਕਰੋੜਾਂ ਰੁਪਏ ਦੇ ਲੈਣ-ਦੇਣ ਅਤੇ ਰਜਿਸਟਰੀ ਨਾ ਕਰਵਾਉਣ ਨਾਲ ਜੁੜੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
