'ਰਜਾਈ 'ਚ ਸੌਂ ਰਿਹਾ ਜਰਨੈਲ ਬਿਨਾਂ ਹੱਥਿਆਰਾਂ ਦੇ ਜੰਗ ਜਿੱਤਣ ਲਈ ਕਹਿ ਰਿਹਾ ਫੌਜ ਨੂੰ'

Wednesday, Apr 08, 2020 - 03:14 PM (IST)

ਜਲੰਧਰ (ਰਮਨਦੀਪ ਸੋਢੀ) : ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਤੋਂ ਪੰਜਾਬ ਵੀ ਅਛੂਤਾ ਨਹੀਂ ਹੈ। ਇਸ ਵਾਇਰਸ ਨਾਲ ਸੂਬੇ 'ਚ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਹਨ ਅਤੇ 101  ਲੋਕ ਪੀੜਤ ਹਨ, ਜਿਨ੍ਹਾਂ ਦਾ ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਕੋਰੋਨਾ ਵਾਇਰਸ ਖਿਲਾਫ ਜੰਗ 'ਚ ਪੰਜਾਬ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਅਤੇ ਪ੍ਰਬੰਧਾਂ ਨੂੰ ਲੈ ਕੇ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਜੀਤ ਸਿੰਘ ਸੋਢੀ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਜਾਈ 'ਚ ਸੌਂ ਰਿਹਾ ਹੈ ਜਰਨੈਲ। ਫੌਜ ਨੂੰ ਬਿਨਾਂ ਹਥਿਆਰਾਂ ਦੇ ਜੰਗ ਜਿੱਤ ਕੇ ਆਉਣ ਨੂੰ ਕਹਿ ਰਿਹਾ ਹੈ।

ਡਾਕਟਰਾਂ, ਨਰਸਾਂ ਕੋਲ ਨਿੱਜੀ ਸੁਰੱਖਿਆ ਉਪਕਰਨ ਹੀ ਨਹੀਂ
ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਹਾਲਾਤ 'ਤੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਕੋਲ ਨਿੱਜੀ ਸੁਰੱਖਿਆ ਉਪਕਰਨ ਹੀ ਨਹੀਂ ਹਨ ਤਾਂ ਉਹ ਕਿਵੇਂ ਜੰਗ ਲੜ ਸਕਦੇ ਹਨ? ਉਹ ਤਾਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਸੁਰੱਖਿਆ ਉਪਕਰਨਾਂ ਲਈ ਵਰਤਿਆ ਜਾਣ ਵਾਲਾ ਕੱਪੜਾ ਪੰਜਾਬ 'ਚ ਬਣਦਾ ਹੈ, ਗੱਲ ਸਿਰਫ ਇਸ ਦੇ ਮਿਲਣ ਦੀ ਹੈ। ਟੇਲਰ ਇਸ ਨੂੰ ਤਿਆਰ ਕਰਦੇ ਹਨ। ਕਰੀਬ 1500 ਰੁਪਏ ਕੀਮਤ ਆਉਂਦੀ ਹੈ। ਅਸੀਂ ਗੱਲ ਕੋਰੋਨਾ ਖਿਲਾਫ ਜੰਗ ਦੀ ਕਰਦੇ ਹਾਂ ਅਤੇ ਡਾਕਟਰਾਂ ਅਤੇ ਨਰਸਾਂ ਨੂੰ 1500 ਰੁਪਏ ਦਾ ਕਵਚ ਲੈ ਕੇ ਨਹੀਂ ਦੇ ਰਹੇ। ਅਜਿਹੇ 'ਚ ਅਸੀਂ ਡਾਕਟਰਾਂ ਤੋਂ ਕਿਵੇਂ ਉਮੀਦ ਕਰ ਸਕਦੇ ਹਾਂ? ਬਿਨਾਂ ਸੁਰੱਖਿਆ ਕਵਚ ਤੋਂ ਕੀ ਉਹ ਆਪਣੇ ਆਪ ਨੂੰ ਬੀਮਾਰ ਕਰ ਲੈਣਗੇ? ਉਨ੍ਹਾਂ ਕੋਲ ਸੁਰੱਖਿਆ ਕਵਚ ਹੋਵੇ ਤਾਂ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਡਾਕਟਰ ਹੀ ਬੀਮਾਰ ਹੋ ਜਾਵੇ ਤਾਂ ਇਲਾਜ ਕੌਣ ਕਰੇਗਾ? ਡਾਕਟਰ ਅਤੇ ਨਰਸਾਂ ਹੀ ਸਾਨੂੰ ਬਚਾ ਸਕਦੇ ਹਨ।

ਇਹ ਵੀ ਪੜ੍ਹੋ ►  ਕੈਪਟਨ ਨੇ ਚਿੱਠੀ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ

ਯੋਜਨਾ 'ਚ ਵੱਡੀ ਕਮੀ
ਗੱਲਬਾਤ 'ਚ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਯੋਜਨਾ ਬਣਾਉਂਦੇ ਸਮੇਂ ਸਿਰਫ ਸਰਕਾਰੀ ਹਸਪਤਾਲਾਂ 'ਚ ਇਲਾਜ ਹੋਣ ਦੀ ਗੱਲ ਕਹੀ, ਜਦੋਂਕਿ ਬਹੁਤ ਸਾਰੀਆਂ ਬਿਹਤਰ ਸੁਵਿਧਾਵਾਂ ਵਾਲੇ ਪ੍ਰਾਈਵੇਟ ਹਸਪਤਾਲ ਹਨ ਜਿਨ੍ਹਾਂ 'ਚ ਇਸ ਵਾਇਰਸ ਦੇ ਪੀੜਤਾਂ ਦਾ ਇਲਾਜ ਹੋ ਸਕਦਾ ਹੈ। ਉੱਥੇ ਮੌਜੂਦਾ ਸਮੇਂ 'ਚ ਰੋਜ਼ਾਨਾ ਡੇਢ ਸੌ ਦੇ ਕਰੀਬ ਮਰੀਜ਼ਾਂ ਦੇ ਟੈਸਟ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਭ ਠੀਕ ਹੈ ਪਰ ਸਭ ਠੀਕ ਨਹੀਂ ਹੈ। ਪੰਜਾਬ 'ਚ ਹਰ ਰੋਜ਼ 5 ਤੋਂ 10 ਹਜ਼ਾਰ ਲੋਕਾਂ ਦੇ ਟੈਸਟ ਹੋਣ ਤਾਂ ਤਸਵੀਰ ਕੁਝ ਹੋਰ ਸਾਹਮਣੇ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲਕਮਦੀ ਹੈਲਥ ਕੇਅਰ ਹੋਵੇ ਤਾਂ ਸਭ ਕੁਝ ਦਰੁਸਤ ਹੋ ਜਾਵੇਗਾ। ਮੌਜੂਦਾ ਸਮੇਂ 'ਚ ਕੋਰੋਨਾ ਵਾਇਰਸ ਨਾਲ ਪੰਜਾਬ ਨੂੰ ਝਟਕਾ ਲੱਗਾ ਹੈ। ਇਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਹੈਲਥ ਕੇਅਰ ਨੂੰ ਪਹਿਲ ਦਿੱਤੀ ਜਾਵੇ। ਹੁਣ ਜਦੋਂ ਜੰਗ ਲੜਨ ਦਾ ਸਮਾਂ ਆਇਆ ਹੈ ਤਾਂ ਪ੍ਰਾਈਵੇਟ ਹਸਪਤਾਲ ਪਿੱਛੇ ਹਟ ਗਏ ਹਨ। ਉਨ੍ਹਾਂ ਕਿਹਾ ਕਿ ਜੋ ਪ੍ਰਾਈਵੇਟ ਹਸਪਤਾਲ ਇਸ ਜੰਗ ਤੋਂ ਪਿੱਛੇ ਹਟ ਰਹੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਕੋਰੋਨਾ ਮਰੀਜ਼ਾਂ ਦੇ ਟੈਸਟ ਹੀ ਨਹੀਂ ਹੋ ਰਹੇ, ਭਾਈ ਨਿਰਮਲ ਸਿੰਘ ਇਸ ਦੀ ਉਦਾਹਰਨ
ਆਪਣੀ ਸਰਕਾਰ ਦੀਆਂ ਖਾਮੀਆਂ 'ਤੇ ਗੱਲ ਕਰਦੇ ਹੋਏ ਸਰਕਾਰ ਜਦੋਂ ਸੱਤਾ 'ਚ ਹੁੰਦੀ ਹੈ ਤਾਂ ਵਿਚਾਰ ਅਤੇ ਵਸਤੂਆਂ ਵੱਖ ਹੁੰਦੀਆਂ ਹਨ। ਕਈ ਚੀਜ਼ਾਂ ਅੱਗੇ ਰਹਿ ਜਾਂਦੀਆਂ ਹਨ ਅਤੇ ਕਈ ਪਿੱਛੇ ਛੁੱਟ ਜਾਂਦੀਆਂ ਹਨ ਪਰ ਫਿਰ ਵੀ ਸਰਕਾਰ ਸਰਕਾਰ ਹੀ ਹੁੰਦੀ ਹੈ। ਸਰਕਾਰ ਬਹੁਤ ਵੱਡਾ ਸੰਗਠਨ ਹੀ ਹੁੰਦੀ ਹੈ। ਸਰਕਾਰ ਕੋਲ ਸਾਰੇ ਸਾਧਨ ਅਤੇ ਢਾਂਚਾ ਹੁੰਦਾ ਹੈ। ਸਰਕਾਰ 15 ਦਿਨਾਂ 'ਚ ਪੂਰੇ ਪੰਜਾਬ ਦੇ ਕਿਸਾਨਾਂ ਦਾ ਸਾਰਾ ਝੋਨਾ ਉਠਾ ਲੈਂਦੀ ਹੈ, ਸੋ ਮੈਡੀਕਲ ਸਹੂਲਤ ਕੋਈ ਵੱਡੀ ਗੱਲ ਨਹੀਂ ਹੈ। ਟੈਸਟ ਕਿੱਟ ਉਪਲਬਧ ਹੋਵੇ ਜੋ ਕਿ 1000-1500 ਦੀ ਆਉਂਦੀ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਹੈ ਉਸ ਦੇ ਟੈਸਟ ਹੁੰਦੇ ਹੀ ਨਹੀਂ ਹਨ। ਭਾਈ ਨਿਰਮਲ ਸਿੰਘ ਅਤੇ ਫਰੀਦਕੋਟ 'ਚ ਪਾਜ਼ੇਟਿਵ ਪਾਏ ਗਏ ਮਰੀਜ਼ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ।

ਇਹ ਵੀ ਪੜ੍ਹੋ ► ਕੋਰੋਨਾ ਆਫਤ ਦੀ ਘੜੀ 'ਚ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ ਰਾਹਤ ਭਰੀ ਖਬਰ     

ਭਾਈ ਨਿਰਮਲ ਸਿੰਘ 15 ਦਿਨਾਂ ਪਹਿਲਾਂ ਹਸਪਤਾਲ ਗਏ। ਉਨ੍ਹਾਂ ਕਿਹਾ ਸੀ ਕਿ ਉਹ ਬੀਮਾਰ ਹਨ ਅਤੇ ਉਨ੍ਹਾਂ ਦਾ ਇਲਾਜ ਕਰੋ ਪਰ ਉਨ੍ਹਾਂ ਦਾ ਇਲਾਜ ਨਹੀਂ ਹੋਇਆ। ਤੀਜੀ ਵਾਰ ਜਦੋਂ ਉਹ ਹਸਪਤਾਲ ਗਏ ਤਾਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ ਫਰੀਦਕੋਟ 'ਚ ਜੋ ਮਰੀਜ਼ ਸਾਹਮਣੇ ਆਇਆ ਹੈ, ਪਹਿਲੀ ਵਾਰ ਜਦੋਂ ਉਹ ਵਿਅਕਤੀ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਹੈ, ਤੁਸੀਂ ਜਾ ਕੇ ਜ਼ੁਕਾਮ ਦੀ ਦਵਾਈ ਖਾਵੋ। ਉਸ ਤੋਂ ਬਾਅਦ ਉਹ ਮਰੀਜ਼ ਲੁਧਿਆਣਾ ਚਲਾ ਗਿਆ। ਉੱਥੇ ਵੀ ਉਸ ਦਾ ਕੋਈ ਟੈਸਟ ਨਹੀਂ ਹੋਇਆ। ਤੀਜੀ ਵਾਰ ਜਦੋਂ ਉਹ ਫਿਰ ਹਸਪਤਾਲ ਗਿਆ ਤਾਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਅਜਿਹੇ ਹਾਲਾਤ 'ਚ ਜੇਕਰ ਅਸੀਂ ਕਹਿੰਦੇ ਜਾਈਏ ਕਿ ਕੋਈ ਗੱਲ ਨਹੀਂ 70 ਮਰੀਜ਼ ਹਨ, ਤਾਂ ਇਹ ਗੱਲ ਗਲਤ ਹੈ। ਇਸ ਲਈ ਜ਼ਰੂਰੀ ਹੈ ਕਿ ਲੱਖਾਂ ਲੋਕਾਂ ਦੇ ਟੈਸਟ ਕਰ ਕੇ ਜਿਨ੍ਹਾਂ ਦੀ ਬੀਮਾਰੀ ਹੈ ਉਨ੍ਹਾਂ ਨੂੰ ਵੱਖਰਾ ਕੀਤਾ ਜਾਵੇ। ਲੋਕਾਂ ਨੂੰ ਭਰੋਸਾ ਦੇਣਾ ਬਹੁਤ ਜ਼ਰੂਰੀ ਹੈ ਕਿ ਸਿਵਲ ਹਸਪਤਾਲ 'ਚ ਸਹੀ ਇਲਾਜ ਹੁੰਦਾ ਹੈ ਇਹ ਭਰੋਸਾ ਕੈਪਟਨ ਅਮਰਿੰਦਰ ਸਿੰਘ ਖੁਦ ਦੇ ਸਕਦੇ ਹਨ ਪਰ ਉਹ ਤਾਂ ਰਜਾਈ ਲੈ ਕੇ ਸੌਂ ਰਹੇ ਹਨ।

850 ਕਰੋੜ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਆਇਆ ਹੈ
ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਹੀ ਹੈ। 6700 ਕਰੋੜ ਦਾ ਜੀ. ਐੱਸ. ਟੀ. ਅਟਕਿਆ ਹੋਇਆ ਹੈ। ਤੁਸੀਂ ਪੰਜਾਬ ਸਰਕਾਰ ਦੀ ਕੀ ਮਦਦ ਕਰ ਸਕਦੇ ਹੋ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ 850 ਕਰੋੜ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਮ੍ਹਾ ਕਰਵਾਏ ਹਨ। ਕੀ ਇਸ ਪੈਸੇ ਨਾਲ ਡਾਕਟਰਾਂ ਲਈ ਕਿੱਟਾਂ ਨਹੀਂ ਬਣਾਈਆਂ ਜਾ ਸਕਦੀਆਂ? 7-8 ਲੱਖ ਰੁਪਏ 'ਚ ਆਉਣ ਵਾਲੇ ਵੈਂਟੀਲੇਟਰਸ ਨਹੀਂ ਖਰੀਦੇ ਜਾ ਸਕਦੇ? ਸਰਕਾਰ ਨੂੰ ਰੋਣਾ ਛੱਡ ਕੇ ਕੋਰੋਨਾ ਵਾਇਰਸ ਖਿਲਾਫ ਜੰਗ ਲਈ ਸਾਮਾਨ ਖਰੀਦਣਾ ਚਾਹੀਦਾ ਹੈ। ਉਹ ਕੈਪਟਨ ਸਰਕਾਰ ਦੀ ਆਲੋਚਨਾ ਨਹੀਂ ਕਰ ਰਹੇ, ਸਗੋਂ ਸੁਝਾਅ ਦੇ ਰਹੇ ਹਨ ਕਿ ਇਸ ਨਾਲ ਲੋਕਾਂ ਦੀ ਹੈਲਥ ਕੇਅਰ ਸਰਕਾਰ ਦੀ ਪਹਿਲ ਕਦਮੀ ਹੋਣੀ ਚਾਹੀਦੀ ਹੈ। ਕੈਪਟਨ ਸਰਕਾਰ ਅਤੇ ਸੂਬੇ ਦੇ ਮੁਖੀ ਹਨ। ਜਿੰਨੀ ਦੇਰ ਤੱਕ ਉਹ ਕਮਾਨ ਆਪਣੇ ਹੱਥਾਂ 'ਚ ਨਹੀਂ ਲੈਂਦੇ ਕੁਝ ਨਹੀਂ ਹੋ ਸਕਦਾ। ਸਭ ਕੁਝ ਹੋ ਸਕਦਾ ਹੈ ਜੇਕਰ ਸਰਕਾਰ ਮਨ ਬਣਾ ਲਵੇ।

ਇਹ ਵੀ ਪੜ੍ਹੋ ► ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਕਰਕੇ 'ਆਪ' ਦੇ ਇਸ ਵਿਧਾਇਕ ਨੇ ਖੁਦ ਨੂੰ ਕੀਤਾ ਕੁਆਰੰਟਾਈਨ     


author

Anuradha

Content Editor

Related News