ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵਿਧਾਨ ਸਭਾ 'ਚ ਜਾਣਬੁੱਝ ਕੇ ਰੌਲਾ ਪਾਇਆ ਜਾ ਰਿਹਾ: ਮਜੀਠੀਆ
Thursday, Mar 12, 2026 - 04:34 PM (IST)
ਬਾਘਾਪੁਰਾਣਾ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਬਾਘਾਪੁਰਾਣਾ ਵਿੱਚ ਹੋਈ “ਪੰਜਾਬ ਬਚਾਓ” ਰੈਲੀ ਦੌਰਾਨ ਜਨਤਾ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਨੂੰ ਬਚਾਉਣ ਲਈ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਮਜੀਠੀਆ ਨੇ ਹਾਲ ਹੀ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਚੋਣਾਂ ਵਿੱਚ ਹਰ ਕਿਸਮ ਦਾ ਧੱਕਾ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਪੈ ਗਏ ਗੜ੍ਹੇ, ਫਿਰ ਤੋਂ ਬਦਲਿਆ ਮੌਸਮ ਦਾ ਮਿਜਾਜ਼
ਬਜਟ ਸੈਸ਼ਨ ਨੂੰ ਲੈ ਕੇ ਬੋਲੇ ਮਜੀਠੀਆ
ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਇਹ ਸਭ ਤੋਂ ਅਹਿਮ ਇਜਲਾਸ ਹੁੰਦਾ ਹੈ ਜਿੱਥੇ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿਰਫ਼ 'ਤੂੰ-ਤੂੰ ਮੈਂ-ਮੈਂ' ਵਿੱਚ ਸਮਾਂ ਵਿਅਰਥ ਕਰ ਰਹੀ ਹੈ ਅਤੇ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵਿਧਾਇਕਾਂ ਰਾਹੀਂ ਜਾਣਬੁੱਝ ਕੇ ਰੌਲਾ ਪਵਾਇਆ ਜਾ ਰਿਹਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਦੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਵਿਧਾਨ ਸਭਾ ਦੇ ਸੈਸ਼ਨ 'ਚ ਬੋਲਣ ਦਾ ਮੌਕਾ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ- ਗੈਸ ਦੀ ਕਿੱਲਤ ਦਰਮਿਆਨ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਦਾ ਬਿਆਨ, ਕੇਂਦਰ ਨੂੰ ਲਿੱਖੀ ਚਿੱਠੀ
ਮੁੱਖ ਮੰਤਰੀ ਦੀ ਸ਼ਬਦਾਵਲੀ ਹਮਲੇ
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਿਸੇ ਵੀ ਮੁੱਖ ਮੰਤਰੀ ਨੇ ਇਤਿਹਾਸ ਵਿੱਚ ਧੀਆਂ-ਭੈਣਾਂ ਬਾਰੇ ਅਜਿਹੀ ਭਾਸ਼ਾ ਨਹੀਂ ਵਰਤੀ ਸੀ, ਜੋ ਮੌਜੂਦਾ ਮੁੱਖ ਮੰਤਰੀ ਨੇ ਵਰਤੀ ਹੈ। ਉਨ੍ਹਾਂ ਮੁੱਖ ਮੰਤਰੀ ਦੀਆਂ ਨਿੱਜੀ ਆਦਤਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵਰਗੇ ਸੂਬੇ ਦਾ ਸਟੇਅਰਿੰਗ ਇੱਕ ਅਜਿਹੇ ਇਨਸਾਨ ਦੇ ਹੱਥ ਦੇਣਾ ਖ਼ਤਰਨਾਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿੱਚ ਪਏ ਹਨ ਅਤੇ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਮਜੀਠੀਆ ਨੇ ਕਿਹਾ ਜਦੋਂ ਮੈਂ ਜੇਲ੍ਹ 'ਚ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਸੀ ਮਜੀਠੀਆ ਜੇਲ੍ਹ 'ਤਰੀ ਵਾਲੇ ਬੈਂਗਣ' ਖਾਂਦਾ ਹੈ। ਇਸ 'ਤੇ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਉਹ ਭਾਵੇਂ ਤਰੀ ਵਾਲੇ ਬੈਂਗਣ ਖਾਵੇ, ਦਾਲ ਖਾਵੇ, ਪਰੌਂਠੇ ਖਾਵੇ ਜਾਂ ਰੋਟੀ ਨੂੰ ਅੰਬ ਦੇ ਅਚਾਰ, ਘਿਓ ਜਾਂ ਮੱਖਣ ਨਾਲ ਖਾਵੇ, ਇਸ ਨਾਲ ਮੁੱਖ ਮੰਤਰੀ ਨੂੰ ਢਿੱਡ ਪੀੜ ਨਹੀਂ ਹੋਣੀ ਚਾਹੀਦੀ
ਇਹ ਵੀ ਪੜ੍ਹੋ- ਪੰਜਾਬ ਭਰ ਵਿੱਚ ਹੋਈ ਬੱਦਲਵਾਹੀ, ਜਾਣੋ ਕਦੋਂ ਪਵੇਗਾ ਮੀਂਹ
ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦਾ ਮੁੱਦਾ
ਮਜੀਠੀਆ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਵਿਗੜ ਰਹੀ ਹਾਲਤ 'ਤੇ ਬੋਲਦਿਆਂ ਕਿਹਾ ਕਿ ਪੰਜਾਬ 'ਚ ਝੂਠੇ ਮੁਕਾਬਲਿਆਂ (ਫੇਕ ਇਨਕਾਊਂਟਰ) ਅਤੇ ਨਸ਼ਿਆਂ ਦੇ ਵਧ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖੇਮਕਰਨ ਹਲਕੇ ਵਿੱਚ ਇੱਕ ਸਰਪੰਚ 18 ਕਿਲੋ ਹੈਰੋਇਨ ਨਾਲ ਫੜਿਆ ਗਿਆ ਹੈ ਜੋ ਸਰਕਾਰੀ ਧਿਰ ਨਾਲ ਨੇੜਤਾ ਰੱਖਦਾ ਸੀ। ਮਜੀਠੀਆ ਨੇ ਕਿਹਾ ਕਿ ਪੰਜਾਬ ਅੱਜ 5 ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਾ ਹੈ ਅਤੇ ਕੋਈ ਨਵੀਂ ਡਿਵੈਲਪਮੈਂਟ ਨਹੀਂ ਹੋ ਰਹੀ। ਉਨ੍ਹਾਂ ਮੁਲਾਜ਼ਮਾਂ ਦੇ ਹੱਕਾਂ ਬਾਰੇ ਬੋਲਦਿਆਂ ਕਿਹਾ ਕਿ ਬਾਦਲ ਸਾਹਿਬ ਦੇ ਸਮੇਂ ਪੰਜਾਬ ਦੇ ਮੁਲਾਜ਼ਮਾਂ ਨੂੰ ਦੇਸ਼ ਵਿੱਚੋਂ ਸਭ ਤੋਂ ਵੱਧ ਤਨਖਾਹਾਂ ਅਤੇ ਸਮੇਂ ਸਿਰ ਡੀ.ਏ. (DA) ਮਿਲਦਾ ਸੀ, ਜਦਕਿ ਅੱਜ ਮੁਲਾਜ਼ਮਾਂ ਅਤੇ ਧੀਆਂ-ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾ ਰਹੀਆਂ ਹਨ, ਕਿਸੇ ਦੀ ਪੱਗ ਰੋਲੀ ਜਾ ਰਹੀ ਹੈ ।
ਪੰਜਾਬ ਦਾ ਕੱਚਾ ਡੀ.ਜੀ.ਪੀ.
ਮਜੀਠੀਆ ਨੇ ਮੌਜੂਦਾ ਡੀ.ਜੀ.ਪੀ. ਗੌਰਵ ਯਾਦਵ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ 'ਮਜ਼ਬੂਰ' ਨਹੀਂ ਬਲਕਿ 'ਮਜ਼ਬੂਤ' ਡੀ.ਜੀ.ਪੀ. ਚਾਹੀਦਾ ਹੈ। ਉਨ੍ਹਾਂ ਡੀ.ਜੀ.ਪੀ. ਨੂੰ 'ਕੱਚਾ' ਡੀ.ਜੀ.ਪੀ. ਕਹਿੰਦਿਆਂ ਸਵਾਲ ਕੀਤਾ ਹੈ ਕਿ ਪੰਜਾਬ ਵਿੱਚ ਪੱਕਾ ਡੀ.ਜੀ.ਪੀ. ਕਿਉਂ ਨਹੀਂ ਲਗਾਇਆ ਜਾ ਰਿਹਾ। ਉਨ੍ਹਾਂ ਅਨੁਸਾਰ, ਕੱਚੇ ਡੀ.ਜੀ.ਪੀ. ਨੂੰ ਸੂਬੇ ਦੀ ਕਾਨੂੰਨ ਵਿਵਸਥਾ (ਲਾਅ ਐਂਡ ਆਰਡਰ) ਨਾਲੋਂ ਆਪਣੀ ਕੁਰਸੀ ਬਚਾਉਣ ਦੀ ਜ਼ਿਆਦਾ ਚਿੰਤਾ ਰਹਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਪੱਕਾ ਡੀ.ਜੀ.ਪੀ. ਲਗਾਉਣ ਦੀ ਗੱਲ ਕਹੀ ਹੈ, ਪਰ ਸਰਕਾਰ ਅਜਿਹਾ ਨਹੀਂ ਕਰ ਰਹੀ। ਮਜੀਠੀਆ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਪੱਕਾ ਡੀ.ਜੀ.ਪੀ. ਇਸ ਲਈ ਨਹੀਂ ਲਗਾ ਰਹੀ ਕਿਉਂਕਿ ਜੇਕਰ ਕੋਈ ਪੱਕਾ ਅਫਸਰ ਲੱਗ ਗਿਆ ਤਾਂ ਉਹ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਇਸ਼ਾਰਿਆਂ 'ਤੇ ਚੱਲਣ ਦੀ ਬਜਾਏ ਸੰਵਿਧਾਨ ਅਤੇ ਕਾਨੂੰਨ ਲਾਗੂ ਕਰੇਗਾ।
ਡੀ.ਏ. (DA) ਅਤੇ ਭੱਤਿਆਂ ਦਾ ਮੁੱਦਾ
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਚੀਫ਼ ਸੈਕਟਰੀ ਜਾਂ ਕੱਚੇ ਡੀ.ਜੀ.ਪੀ. ਨੂੰ ਡੀ.ਏ. (DA) ਮਿਲ ਸਕਦਾ ਹੈ, ਤਾਂ ਪੰਜਾਬ ਦੇ ਕਾਂਸਟੇਬਲ ਜਾਂ ਹਵਲਦਾਰ ਨੂੰ ਵੀ ਉਸੇ ਹਿਸਾਬ ਨਾਲ ਭੱਤੇ ਮਿਲਣੇ ਚਾਹੀਦੇ ਹਨ। ਉਨ੍ਹਾਂ ਬਾਦਲ ਸਰਕਾਰ ਦੇ ਸਮੇਂ ਦਾ ਹਵਾਲਾ ਦਿੱਤਾ ਕਿ ਉਦੋਂ ਵੱਡੇ ਅਫਸਰਾਂ ਅਤੇ ਕਾਂਸਟੇਬਲ ਮੁਲਾਜ਼ਮਾਂ ਦੇ ਭੱਤਿਆਂ ਵਿੱਚ ਅਜਿਹਾ ਵਿਤਕਰਾ ਨਹੀਂ ਸੀ ਹੁੰਦਾ।ਅਖੀਰ ਵਿੱਚ ਉਨ੍ਹਾਂ ਲੋਕਾਂ ਨੂੰ ਜਾਗਰੂਕ ਹੋਣ ਅਤੇ 2027 ਵਿੱਚ ਪੰਜਾਬ ਦੇ ਹਿੱਤਾਂ ਲਈ ਲੜਨ ਵਾਲੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
