ਇਕਤਰਫਾ ਪਾਸੜ ਪਿਆਰ ''ਚ ਹਾਰੇ ਨੌਜਵਾਨ ਨੇ ਨਿਗਲੀ ਸਲਫਾਸ, ਮੌਤ
Saturday, Mar 24, 2018 - 06:16 AM (IST)

ਸਾਹਨੇਵਾਲ(ਜਗਰੂਪ)-ਇਕ ਪਾਸੜ ਪਿਆਰ 'ਚ ਡੁੱਬੇ ਹੋਏ ਇਕ ਨੌਜਵਾਨ ਵੱਲੋਂ ਪਿਆਰ 'ਚ ਅਸਫਲ ਰਹਿਣ 'ਤੇ ਕਥਿਤ ਰੂਪ ਨਾਲ ਸਲਫਾਸ ਨਿਗਲ ਕੇ ਆਤਮਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਨੀ ਕੁਮਾਰ (27) ਪੁੱਤਰ ਕਾਲੂ ਰਾਮ ਵਾਸੀ ਨਿਊ ਮਾਡਲ ਟਾਊਨ, ਸਾਹਨੇਵਾਲ ਦੇ ਰੂਪ 'ਚ ਹੋਈ ਹੈ। ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਮ੍ਰਿਤਕ ਸਾਹਨੇਵਾਲ ਵਿਖੇ ਸਥਿਤ ਇਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ, ਜਿੱਥੇ ਇਕ ਲੜਕੀ ਲਾਈਨਿੰਗ ਲੈਣ ਲਈ ਅਕਸਰ ਆਉਂਦੀ ਸੀ। ਉਕਤ ਲੜਕੀ ਇਕ ਬੁਟੀਕ 'ਤੇ ਕੰਮ ਕਰਦੀ ਸੀ। ਇਸ ਦੌਰਾਨ ਮ੍ਰਿਤਕ ਸੰਨੀ ਉਕਤ ਲੜਕੀ ਨੂੰ ਇਕ ਪਾਸੜ ਪਿਆਰ ਕਰ ਬੈਠਾ, ਜਿਸ ਨੇ ਕੁੱਝ ਸਮੇਂ ਬਾਅਦ ਹੀ ਲੜਕੀ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਪਰ ਲੜਕੀ ਨੇ ਉਸ ਦੇ ਪਿਆਰ ਨੂੰ ਨਕਾਰਦੇ ਹੋਏ ਇਨਕਾਰ ਕਰ ਦਿੱਤਾ, ਜਿਸ ਤੋਂ ਦੁਖੀ ਹੋਏ ਸੰਨੀ ਨੇ ਬੀਤੀ 21 ਮਾਰਚ ਦੀ ਸਵੇਰ ਆਪਣੇ ਘਰ 'ਚ ਹੀ ਸਲਫਾਸ ਨਿਗਲ ਲਈ, ਜਿਸ ਬਾਰੇ ਪਤਾ ਚੱਲਣ 'ਤੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਕੇ ਗਏ। ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਪਰ ਪੂਰਾ ਦਿਨ ਜ਼ਿੰਦਗੀ-ਮੌਤ ਦੀ ਜੱਦੋ-ਜ਼ਹਿਦ 'ਚ ਉਸ ਦੇ ਸਾਹਾਂ ਦੀ ਲੜੀ ਟੁੱਟ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਮੋਬਾਇਲ ਦੀ ਕਰਵਾਈ ਜਾਵੇਗੀ ਪੜਤਾਲ
ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨ ਆਪਣੇ ਮਾਮਾ-ਮਾਮੀ ਕੋਲ ਰਹਿ ਰਿਹਾ ਸੀ। ਜਿਸ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮਾਤਾ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਉਕਤ ਨੌਜਵਾਨ ਦੇ ਮੋਬਾਇਲ ਨੂੰ ਜਾਂਚ ਲਈ ਕਬਜ਼ੇ 'ਚ ਲਿਆ ਹੈ, ਜਿਸ ਦੀ ਪੜਤਾਲ ਉਪਰੰਤ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।