ਲੜਕੀ ਦੇ ਵਿਆਹ ਨੂੰ ਲੈ ਕੇ ਪ੍ਰੇਸ਼ਾਨ ਜੇ. ਈ. ਨੇ ਲਿਆ ਫਾਹਾ, ਮੌਤ

02/14/2018 4:25:02 AM

ਬਠਿੰਡਾ(ਵਰਮਾ)-ਬੀ. ਐੱਸ. ਐੱਨ. ਐੱਲ. ਦਾ ਜੇ. ਈ. ਜੋ ਕਿ ਮੌੜ ਟੈਲੀਫੋਨ ਐਕਸਚੇਂਜ 'ਚ ਤਾਇਨਾਤ ਸੀ ਨੇ ਬੀਤੀ ਰਾਤ ਆਪਣੇ ਕੁਆਰਟਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਐਤਵਾਰ ਡਿਊਟੀ ਤੋਂ ਆਉਣ ਤੋਂ ਬਾਅਦ ਜੇ. ਈ. ਸ਼ਿਵ ਕੁਮਾਰ (53) ਦੀ ਲਾਸ਼ ਲਟਕਦੀ ਮਿਲੀ। ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਰੋਜ਼ਾਨਾ ਵਾਂਗ ਉਸ ਦੇ ਸਾਥੀ ਡਿਊਟੀ ਤੋਂ ਵਾਪਸ ਆਏ ਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੱਖੇ ਨਾਲ ਲਟਕਦੀ ਲਾਸ਼ ਨੂੰ ਹੇਠਾਂ ਉਤਾਰਿਆ ਤੇ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ਪਿੰਡ ਖਰਾਲਾ ਦਾ ਰਹਿਣਾ ਵਾਲਾ ਸੀ। ਉਹ ਇਕੱਲਾ ਹੀ ਮੌੜ ਮੰਡੀ 'ਚ ਬਣੇ ਕੁਅਰਾਟਰਾਂ 'ਚ ਰਹਿੰਦਾ ਸੀ, ਜਦਕਿ ਉਸ ਦਾ ਪਰਿਵਾਰ ਪਿੰਡ ਵਿਚ ਹੀ ਹੈ। ਪੁਲਸ ਅਨੁਸਾਰ ਉਹ ਬੇਟੀ ਦੇ ਵਿਆਹ ਨੂੰ ਲੈ ਕੇ ਪ੍ਰੇਸ਼ਾਨ ਸੀ ਕਿਉਂਕਿ ਪਹਿਲਾਂ ਇਕ ਵਾਰ ਰਿਸ਼ਤਾ ਟੁੱਟ ਚੁੱਕਾ ਸੀ ਤੇ ਦੁਬਾਰਾ ਰਿਸ਼ਤਾ ਨਹੀਂ ਮਿਲ ਰਿਹਾ ਸੀ, ਜਿਸ ਕਾਰਨ ਉਹ ਤਣਾਅ ਵਿਚ ਸੀ। ਥਾਣਾ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜੇ. ਈ. ਦੀ ਡਿਊਟੀ ਪਿੰਡ ਸ਼ੇਖਪੁਰਾ ਦਫਤਰ 'ਚ ਲੱਗੀ ਹੋਈ ਸੀ ਤੇ ਉਹ ਟੈਲੀਫੋਨ ਐਕਸਚੇਂਜ 'ਚ ਕੁਆਰਟਰ ਨੰ. 4 ਵਿਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਬੁੱਧਵਾਰ ਨੂੰ ਉਨ੍ਹਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਹੀ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਲਾਸ਼ ਸੌਂਪ ਦਿੱਤੀ ਜਾਵੇਗੀ।


Related News