ਐੱਚ. ਆਈ. ਵੀ. ਪਾਜ਼ੇਟਿਵ ਆਉਣ ''ਤੇ ਜੋੜੇ ਨੇ ਘਰ ''ਚ ਨਿਗਲਿਆ ਜ਼ਹਿਰ

Sunday, Oct 22, 2017 - 06:16 AM (IST)

ਲੁਧਿਆਣਾ(ਰਿਸ਼ੀ)- ਬਲੱਡ ਟੈਸਟ ਦੀ ਰਿਪੋਰਟ ਵਿਚ ਐੱਚ. ਆਈ. ਵੀ. ਪਾਜ਼ੇਟਿਵ ਆਉਣ 'ਤੇ 62 ਸਾਲਾ ਜੋੜੇ ਨੇ ਰਾਜਗੁਰੂ ਨਗਰ ਘਰ ਵਿਚ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪਰਿਵਾਰ ਦੇ ਪੁੱਜਣ ਤੋਂ ਪਹਿਲਾਂ ਪਤਨੀ ਦੀ ਮੌਤ ਹੋ ਚੁੱਕੀ ਸੀ ਜਦੋਂਕਿ ਪਤੀ ਨੇ ਡੀ. ਐੱਮ. ਸੀ. ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜਿਆ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀਆਂ ਹਨ। ਬੱਚਿਆਂ ਦੇ ਵਿਦੇਸ਼ ਤੋਂ ਆਉਣ 'ਤੇ ਪੋਸਟਮਾਰਟਮ ਕਰਵਾਏ ਜਾਣਗੇ।
ਪੁਲਸ ਮੁਤਾਬਕ ਪਰਿਵਾਰ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਦਾ ਜਨਮ ਇਕੋ ਹੀ ਦਿਨ ਨੂੰ ਹੋਇਆ ਸੀ ਅਤੇ ਸ਼ਨੀਵਾਰ ਨੂੰ ਮੌਤ ਵੀ ਇਕੋ ਹੀ ਦਿਨ ਹੋਈ। ਦੋਵੇਂ ਸਰਕਾਰੀ ਅਧਿਆਪਕ ਸਨ ਅਤੇ ਇਕੱਠੇ ਹੀ 2 ਸਾਲ ਪਹਿਲਾਂ ਰਿਟਾਇਰਡ ਹੋਏ ਸਨ। ਦੋਵਾਂ ਦੀ ਮੌਤ ਦਾ ਕਾਰਨ ਵੀ ਇਕ ਹੀ ਬੀਮਾਰੀ ਬਣੀ।
ਦੋਵਾਂ ਨੇ ਲਿਖੇ ਵੱਖ-ਵੱਖ ਸੁਸਾਈਡ ਨੋਟ
ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਤਾਂ ਦੋਵਾਂ ਕੋਲੋਂ ਵੱਖ-ਵੱਖ ਸੁਸਾਈਡ ਨੋਟ ਬਰਾਮਦ ਹੋਏ। ਸੁਸਾਈਡ ਨੋਟ ਵਿਚ ਉਨ੍ਹਾਂ ਲਿਖਿਆ ਹੋਇਆ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਐੱਚ. ਆਈ. ਵੀ. ਹੈ। ਬਦਨਾਮੀ ਦੇ ਡਰੋਂ ਦੋਵੇਂ ਖੁਦਕੁਸ਼ੀ ਕਰ ਰਹੇ ਹਨ।
ਜ਼ਹਿਰ ਨਿਗਲ ਕੇ ਪਰਿਵਾਰ ਨੂੰ ਕੀਤਾ ਫੋਨ
ਸ਼ਨੀਵਾਰ ਸਵੇਰੇ 5.30 ਵਜੇ ਦੋਵੇਂ ਪਤੀ-ਪਤਨੀ ਨੇ ਜ਼ਹਿਰ ਨਿਗਲਿਆ ਅਤੇ ਸਰਹਿੰਦ ਦੇ ਰਹਿਣ ਵਾਲੇ ਆਪਣੇ ਜੀਜਾ ਨੂੰ ਫੋਨ ਕਰ ਕੇ ਖੁਦਕੁਸ਼ੀ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਘਬਰਾ ਕੇ ਮ੍ਰਿਤਕ ਦੇ ਮਾਛੀਵਾੜਾ ਰਹਿਣ ਵਾਲੇ ਭਰਾ ਨੂੰ ਫੋਨ ਕੀਤਾ, ਜੋ ਕਿ 6.30 ਵਜੇ ਘਰ ਪੁੱਜੇ ਤਾਂ ਦੇਖਿਆ ਕਿ ਔਰਤ ਘਰ ਵਿਚ ਕਾਰ ਕੋਲ ਥੱਲੇ ਡਿੱਗੀ ਪਈ ਸੀ ਜਦੋਂਕਿ ਉਸ ਦਾ ਪਤੀ ਅੰਦਰ ਡਿੱਗਿਆ ਪਿਆ ਸੀ।
ਬੇਟਾ ਕੈਨੇਡਾ ਤਾਂ ਬੇਟੀ ਅਮਰੀਕਾ 'ਚ
ਸੁਸਾਈਡ ਕਰਨ ਵਾਲੇ ਜੋੜੇ ਦੀ ਬੇਟੀ ਵਿਆਹੁਤਾ ਅਮਰੀਕਾ 'ਚ ਰਹਿ ਰਹੀ ਹੈ, ਜਦੋਂਕਿ ਬੇਟਾ ਪੜ੍ਹਾਈ ਕਰਨ ਕੈਨੇਡਾ ਗਿਆ ਹੋਇਆ ਹੈ। ਦੋਵੇਂ ਘਰ ਵਿਚ ਇਕੱਲੇ ਰਹਿੰਦੇ ਸਨ। ਹੁਣ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News