ਸਫ਼ਲ ਡੇਅਰੀ ਦੇ ਖੇਤਰ ’ਚ ਦੁਧਾਰੂ ਪਸ਼ੂਆਂ ਲਈ ਇਵੇਂ ਅਚਾਰ ਤਿਆਰ ਕਰੀਏ

04/06/2020 2:34:50 PM

ਅਚਾਰ (ਸਾਈਲੇਜ) ਤਿਆਰ ਕਰਨਾ
ਡਾ: ਬਲਵਿੰਦਰ ਸਿੰਘ ਢਿੱਲੋਂ
ਗੁਰੂ ਕਾਂਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ

ਡੇਅਰੀ ਧੰਦਾ ਇਕ ਬਹੁਤ ਪੁਰਾਤਨ ਅਤੇ ਮਹੱਤਵਪੂਰਨ ਧੰਦਾ ਹੈ। ਅਜੋਕੀ ਸਿਖਲਾਈ, ਨਵੀ ਤਕਨੀਕ ਅਤੇ ਖੋਜ-ਕਾਰਜ ਇਸ ਧੰਦੇ ਨੂੰ ਵਧੀਆ ਚਲਾਉਣ ਵਿਚ ਸਹਾਈ ਹੁੰਦੇ ਹਨ। ਪੰਜਾਬ ਵਿਚ ਵਰਤਮਾਨ ਪਸ਼ੂਆਂ ਦੀ ਗਿਣਤੀ ਲਗਭਗ 81.18 ਲੱਖ ਹੈ, ਜਿਨ੍ਹਾਂ ਵਿਚ 75.0 ਲੱਖ ਵੱਡੇ ਪਸ਼ੂ ਹਨ। ਪਸ਼ੂਆਂ ਨੂੰ ਪੂਰਾ ਅਤੇ ਚੰਗੀ ਕੁਆਲਟੀ ਦਾ ਚਾਰਾ ਦੇਣ ਲਈ ਹਰੇ ਚਾਰੇ ਦੀ ਵਰਤਮਾਨ ਉਪਜ ਵਿਚ ਚੋਖੇ ਵਾਧੇ ਦੀ ਲੋੜ ਹੈ। ਇਕ ਪਸ਼ੂ ਨੂੰ ਪ੍ਰਤੀ ਦਿਨ ਕੇਵਲ 10-12 ਕਿਲੋ ਚਾਰਾ ਮਿਲਦਾ ਹੈ, ਜੋ ਬਹੁਤ ਘੱਟ ਹੈ। ਜੇਕਰ ਇਕ ਵੱਡੇ ਪਸ਼ੂ ਨੂੰ 40 ਕਿਲੋ ਹਰਾ ਚਾਰਾ ਰੋਜ਼ਾਨਾ ਪਾਇਆ ਜਾਵੇ ਤਾਂ ਕੁੱਲ 911 ਲੱਖ ਟਨ ਹਰੇ ਚਾਰੇ ਦੀ ਸਾਲਾਨਾ ਲੋੜ ਹੈ। ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਹਰੇ ਚਾਰੇ ਦੀ ਕਿੱਲਤ ਡੇਅਰੀ ਦੇ ਵਾਧੇ ਵਿਕਾਸ ਵਿਚ ਝਲਕ ਰਹੀ ਹੈ। ਇਸ ਕਿੱਲਤ ਦੀ ਪੂਰਤੀ ਲਈ ਹਰੇ ਚਾਰੇ ਥੱਲੇ ਰਕਬਾ ਵਧਾਇਆ ਜਾਵੇ ਜਾਂ ਵੱਧ ਝਾੜ ਵਾਲੇ ਹਰੇ ਚਾਰੇ ਦੀ ਕਾਸ਼ਤ ਕੀਤੀ ਜਾਵੇ। ਵਾਧੂ ਹਰੇ ਚਾਰੇ ਤੋਂ ਅਚਾਰ ਬਣਾਇਆ ਜਾਵੇ ਜਿਹੜਾ ਕਿ ਕਿੱਲਤ ਦੇ ਸਮੇਂ ਵਰਤਿਆ ਜਾਵੇ।

ਨਮੀ (ਸਿਲ੍ਹ) ਦੀ ਹਾਲਤ ਵਿਚ ਰੱਖੇ ਹਰੇ ਚਾਰੇ ਨੂੰ ਅਚਾਰ ਆਖਦੇ ਹਨ। ਅਚਾਰ ਬਣਾਉਣ ਲਈ ਸਾਉਣੀ ਦੇ ਚਾਰਿਆਂ ਦੀਆਂ ਗ਼ੈਰ-ਫ਼ਲੀਦਾਰ ਫਸਲਾਂ ਜਿਵੇਂ - ਮੱਕੀ, ਚਰ੍ਹੀ (ਜਵਾਰ), ਬਾਜਰਾ, ਨੇਪੀਅਰ ਬਾਜਰਾ ਅਤੇ ਗਿੰਨੀ ਖਾਹ ਢੁੱਕਵੀਆਂ ਹਨ, ਕਿਉਂਕਿ ਇਨ੍ਹਾਂ ਫਸਲਾਂ ਵਿਚ ਕਾਰਬੋਹਾਈਡਰੇਟਸ ਦੀ ਮਾਤਰਾ ਵੱਧ ਅਤੇ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ। ਸਾਲ ਵਿਚ ਜੁਲਾਈ ਤੋਂ ਸਤਬੰਰ, ਮਾਰਚ ਅਤੇ ਅਪ੍ਰੈਲ ਮਹੀਨੀਆਂ ਵਿਚ ਵਾਧੂ ਹਰਾ ਚਾਰਾ ਹੁੰਦਾ ਹੈ। ਨਵੰਬਰ-ਦਸੰਬਰ ਅਤੇ ਮਈ-ਜੂਨ ਦੇ ਮਹੀਨਿਆਂ ਵਿਚ ਹਰੇ ਚਾਰੇ ਦੀ ਸਖ਼ਤ ਘਾਟ ਆ ਜਾਂਦੀ ਹੈ। ਇਸ ਸਮੇਂ ਵਾਧੂ ਹਰੇ ਚਾਰੇ ਦਾ ਅਚਾਰ ਬਣਾ ਕੇ ਵਰਤੋਂ ਕੀਤੀ ਜਾ ਸਕਦੀ ਹੈ।

ਅਚਾਰ ਬਣਾਉਣ ਦੇ ਲਾਭ:
. ਦੁਧਾਰੂ ਜਾਨਵਰਾਂ ਨੂੰ ਹਰੇ ਚਾਰੇ ਦੇ ਘਾਟ ਵਾਲੇ ਮਹੀਨਿਆਂ ਦੌਰਾਨ ਹਰੇ ਚਾਰੇ ਦੀ ਘਾਟ ਨਹੀਂ ਆਉਂਦੀ।
. ਮਹਿੰਗੇ ਦਾਣੇ ਅਤੇ ਖਲ-ਖੁਰਾਕ ਦੀ ਬੱਚਤ ਹੋਵੇਗੀ। ਚਾਰੇ ਵਾਲੀ ਫਸਲ ਜ਼ਿਆਦਾ ਤੋਂ ਜ਼ਿਆਦਾ ਖੁਰਾਕੀ ਤੱਤਾਂ ਵੇਲੇ ਕੱਟੀ ਜਾਣੀ ਚਾਹੀਦੀ ਹੈ।
. ਹਰ ਰੋਜ ਹਰੇ ਚਾਰੇ ਦੀ ਵਢਾਈ/ਕੁਤਰਾਈ ਦੀ ਮਜਦੂਰੀ ਦਾ ਖਰਚ ਅਤੇ ਸਮਾਂ ਬਚੇਗਾ।

ਅਚਾਰ ਬਣਾਉਣ ਲਈ ਚਾਰਾ ਕੱਟਣ ਦਾ ਸਹੀ ਸਮਾਂ :
ਅਚਾਰ ਬਣਾਉਣ ਲਈ ਫ਼ਸਲ ਦੀ ਕਟਾਈ ਉਸ ਸਮੇਂ ਕਰੋ ਜਦੋਂ ਫ਼ਸਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ ਅਤੇ ਸੁੱਕੇ ਮਾਦੇ ਦੀ ਮਾਤਰਾ ਜ਼ਿਆਦਾ ਹੋਵੇ। ਚਾਰੇ ਵਿਚ ਸੁੱਕਾ ਮਾਦੇ ਦੀ ਮਾਤਰਾ 30-35 ਫੀਸਦੀ ਹੋਣੀ ਚਾਹੀਦੀ ਹੈ। ਅਚਾਰ ਤਿਆਰ ਕਰਨ ਲਈ ਵੱਖ-ਵੱਖ ਫ਼ਸਲਾਂ ਦੀ ਕਟਾਈ ਦਾ ਢੁੱਕਵਾਂ ਸਮਾਂ ਨਿਮਨਲਿਖਤ ਹੈ:-

ਅਚਾਰ ਬਣਾਉਣ ਲਈ ਚਾਰਿਆਂ ਨੂੰ ਕੱਟਣ ਦਾ ਸਮਾਂ:

ਹਰੇ ਚਾਰੇ ਦੀ ਫਸਲ ਚਾਰਾ ਕੱਟਣ ਦੀ ਠੀਕ ਸਮਾਂ (stage) ਬਿਜਾਈ ਤੋਂ ਕਟਾਈ ਦਾ ਸਮਾਂ
ਮੱਕੀ ਛੱਲੀਆਂ ਵਿਚ ਸੂਤ ਪੈਣ ਤੋਂ ਦੋਧੇ ਬਣਨ ਤੱਕ 50 ਤੋਂ 60 ਦਿਨ
ਚਰੀ ਗੋਭ ਵਿਚ ਸਿੱਟੇ ਤੋਂ ਦੁੱਧ ਬਣਨ ਤੱਕ 60 ਤੋਂ 80 ਦਿਨ
ਬਾਜਰਾ   ਸਿੱਟੇ ਨਿਕਲਣ ਤੋਂ ਪਹਿਲਾਂ 45 ਤੋਂ 55 ਦਿਨ
ਜਵੀਂ  ਗੋਭ ਵਾਲੇ ਸਿੱਟੇ ਤੋਂ ਦੁੱਧ ਦਾਣਿਆ ਤੱਕ 110 ਤੋਂ 120 ਦਿਨ
ਨੇਪੀਅਰ ਬਾਜਰਾ  ਇਕ ਮੀਟਰ ਉੱਚਾ ਹੋਣ ’ਤੇ 50-55 ਦਿਨ

ਅਚਾਰ ਬਣਾਉਣ ਲਈ ਚਾਰੇ ਵਿਚ ਨਮੀ ਦੀ ਮਾਤਰਾ 65-70% ਹੋਣੀ ਚਾਹੀਦੀ ਹੈ। ਜੇਕਰ ਨਮੀ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਚਾਰੇ ਨੂੰ ਕੱਟਣ ਤੋਂ ਪਿੱਛੋਂ ਇਕ ਦਿਨ ਲਈ ਖੇਤ ਵਿਚ ਸੁਕਾ ਲਵੋ। ਉੱਪਰ ਦੱਸੇ ਸਮੇਂ ’ਤੇ ਕੱਟੀਆਂ ਗਈਆਂ ਫ਼ਸਲਾਂ ਵਿਚ ਲੋੜੀਂਦਾ ਸੁਕਾ ਮਾਦਾ ਹੁੰਦਾ ਹੈ। ਕੁਤਰੇ ਹੋਏ ਚਾਰੇ ਨੂੰ ਮਰੋੜ ਕੇ ਹੱਥਾਂ ਵਿਚ ਘੁੱਟ ਕੇ ਸਿੱਲ੍ਹ ਦੀ ਮਾਤਰਾ ਦੇਖ ਸਕਦੇ ਹਾਂ। ਜੇ ਹੱਥ ਨੂੰ ਸਿੱਲ੍ਹ ਮਹਿਸੂਸ ਹੁੰਦੀ ਹੈ ਤਾਂ ਚਾਰੇ ਵਿਚ ਸੁੱਕੇ ਮਾਦੇ ਦੀ ਲੋੜੀਂਦੀ ਮਾਤਰਾ ਹੈ।

ਢੁੱਕਵੀ ਜਗ੍ਹਾ:
ਅਚਾਰ ਬਣਾਉਣ ਲਈ ਟੋਆ ਪਸ਼ੂਆਂ ਦੇ ਸੈਡ ਦੇ ਨੇੜੇ ਉੱਚੀ ਅਤੇ ਢਲਾਣ ਵਾਲੀ ਥਾਂ ’ਤੇ ਬਣਾਉਣਾ ਚਾਹੀਦਾ ਹੈ, ਜਿਥੇ ਮੀਂਹ ਜਾਂ ਹੋਰ ਪਾਣੀ ਨਾ ਆਵੇ, ਨਹੀਂ ਤਾਂ ਪਾਣੀ ਨਾਲ ਅਚਾਰ ਦੇ ਖਰਾਬ ਹੋਣ ਦਾ ਡਰ ਰਹਿੰਦਾ ਹੈ।

ਅਚਾਰ ਤਿਆਰ ਕਰਨ ਲਈ ਟੋਏ ਦੀ ਵਿਉਂਤਬੰਦੀ :
ਟੋਏ ਦਾ ਆਕਾਰ ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ। ਇਹ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ -ਟਰੈਂਚ-ਸਾਈਲੋ, ਟਾਵਰ ਸਾਈਲੋ, ਬਿਜਲੀ ਘਰ-ਸਾਈਲੋ ਤੇ ਸਾਈਲੋਪਿਟ। ਸਭ ਤੋਂ ਵਧੀਆ ਅਤੇ ਸਸਤਾ ਟੋਆ ਖਾਈ ਦੇ ਆਕਾਰ ਦਾ ਹੁੰਦਾ ਹੈ। ਟੋਆ ਵਾਧੂ ਹਰੇ ਚਾਰੇ ਦੀ ਮਾਤਰਾ ’ਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਇਕ ਕਿਉਬਿਕ (ਘਣ) ਮੀਟਰ ਵਿਚ 5 ਤੋਂ 6 ਕਵਿੰਟਲ ਚਾਰਾ ਪਾਇਆ ਜਾ ਸਕਦਾ ਹੈ। 10 ਮੀਟਰ ਲੰਬਾਈ, 3 ਮੀਟਰ ਚੌੜਾਈ ਅਤੇ 2 ਮੀਟਰ ਡੂੰਘਾਈ ਵਾਲੇ ਟੋਏ ਵਿਚ 325 ਤੋਂ 360 ਕਵਿੰਟਲ ਕੁਤਰਿਆ ਚਾਰਾ ਪੈ ਸਕਦਾ ਹੈ ਜੋ 10 ਮੱਝਾਂ/ਗਾਵਾਂ ਨੂੰ ਚਾਰੇ ਦੀ ਘਾਟ ਵਾਲੇ ਚਾਰ ਮਹੀਨਿਆਂ ਦੌਰਾਨ 20-30 ਕਿਲੋ ਹਰ ਰੋਜ ਦੇ ਹਿਸਾਬ ਨਾਲ ਪਾਉਣ ਲਈ ਕਾਫੀ ਹੈ। ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਵੱਧ ਘੱਟ ਹੋ ਸਕਦੀ ਹੈ। ਟੋਏ ਦੀ ਡੂੰਘਾਈ ਹਮੇਸ਼ਾ 1.5-2.0 ਮੀਟਰ ਹੋਣੀ ਚਾਹੀਦੀ ਹੈ। ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ’ਤੇ ਬਣਾਉਣਾ ਚਾਹੀਦਾ ਹੈ।

ਅਚਾਰ ਬਣਾਉਣ ਦੇ ਢੰਗ:
. ਕੱਟੀ ਹੋਈ ਚਾਰੇ ਦੀ ਫ਼ਸਲ ਦਾ 3-5 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਅਤੇ ਇਸ ਨੂੰ ਟੋਏ ਵਿਚ ਭਰ ਦਿਓ।
. ਟੋਏ ਨੂੰ ਘੱਟ ਤੋਂ ਘੱਟ ਸਮੇਂ ਵਿਚ (ਵੱਧ ਤੋਂ ਵੱਧ 2 ਦਿਨ) ਵਿਚ ਭਰ ਦੇਣਾ ਚਾਹੀਦਾ ਹੈ। ਅਚਾਰ ਹਮੇਸ਼ਾ ਖੁਸ਼ਕ ਦਿਨਾਂ ਵਿਚ ਬਣਾਉਣਾ ਚਾਹੀਦਾ ਹੈ।
. ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਨਾਲ ਚੰਗੀ ਤਰ੍ਹਾਂ ਦਬਾ ਦਿਓ ਅਤੇ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ। ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ।
. ਟੋਏ ਨੂੰ ਪੋਲੀਥੀਨ ਸੀਟ ਨਾਲ ਚੰਗੀ ਤਰ੍ਹਾਂ ਉਪਰੋਂ ਢੱਕ ਦਿਓ। ਇਸ ਉਪਰ ਪੂਰੀ ਲਤੜਾਈ ਕਰਨ ਤੋਂ ਬਾਅਦ 2-3 ਇੰਚ ਮੋਟੀ ਮਿੱਟੀ ਦੀ ਤਹਿ ਪਾਓ। ਟੋਏ ਦੇ ਕਿਨਾਰੇ ਗੋਹੇ ਵਾਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ।
. ਇਸ ਨੂੰ ਉਪਰੋਂ ਤੂੜੀ/ਪਰਾਲੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ। ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ। ਟੋਆ ਪੂਰੀ ਤਰ੍ਹਾਂ ਹਵਾ ਬੰਦ ਹੋਣਾ ਚਾਹੀਦਾ ਹੈ।
. ਚਾਰੇ ਦੇ ਲੇਪ ਉੱਪਰ ਕੋਈ ਤ੍ਰੇੜ ਜਾਂ ਖੁੱਡ ਨਹੀਂ ਹੋਣੀ ਚਾਹੀਦੀ ਹੇ। ਜੇਕਰ ਕੋਈ ਤ੍ਰੇੜ ਜਾਂ ਖੁੱਡ ਹੋਵੇ ਤਾਂ ਇਸ ਨੂੰ ਬੰਦ ਕਰ ਦਿਓ। ਇਸ ਤਰ੍ਹਾਂ ਅਚਾਰ 42-45 ਦਿਨਾਂ ਤੱਕ ਤਿਆਰ ਹੋ ਜਾਂਦਾ ਹੈ। ਸਹੀ ਅਚਾਰ/ਸਾਈਲੇਜ ਦੀ ਪਛਾਣ :
. ਵਧੀਆ ਕਿਸਮ ਦੇ ਅਚਾਰ ਦਾ ਰੰਗ ਚਮਕਦਾਰ ਹਰਾ ਪੀਲਾ ਹੋਵੇਗਾ। ਜੇਕਰ ਕਿਸੇ ਤਰ੍ਹਾਂ ਦੀ ਅਣਗਹਿਲੀ ਰਹਿ ਜਾਂਦੀ ਹੈ ਤਾਂ ਇਸ ਦਾ ਰੰਗ ਭੂਰਾ ਹੋਵੇਗਾ। ਵਧੀਆ ਅਚਾਰ ਵਿਚੋਂ ਸਿਰਕੇ ਵਰਗੀ ਖੁਸ਼ਬੂ ਆਉਂਦੀ ਹੈ।
. ਚੰਗੇ ਅਚਾਰ ਦੀ ਪੀ. ਐੱਚ. (ਤੇਜ਼ਾਬੀਪਣ) 4.2 ਹੁੰਦੀ ਹੈ ਅਤੇ ਇਸ ਵਿਚ ਨਾਈਟ੍ਰੋਜਨ ਤੱਤ ਦਾ ਨੁਕਸਾਨ ਘੱਟ ਹੁੰਦਾ ਹੈ। ਚੰਗੇ ਚਾਰੇ ਦੇ ਆਚਾਰ ਦੇ ਖੁਰਾਕੀ ਤੱਤ ਹਰੇ ਚਾਰੇ ਵਾਲੇ ਹੁੰਦੇ ਹਨ ਪਰ ਇਸ ਵਿਚ ਲੈਕਟਿਕ ਐਸਿਡ (ਤੇਜ਼ਾਬ)  ਜ਼ਿਆਦਾ ਅਤੇ ਬਿਊਟੇਰਿਕ ਐਸਿਡ ਘੱਟ ਹੁੰਦਾ ਹੈ।

ਅਚਾਰ ਕੱਢਣ ਦਾ ਤਰੀਕਾ:
. ਅਚਾਰ ਵਰਤਣ ਸਮੇਂ ਚੌੜਾਈ ਵਾਲੇ ਪਾਸੇ ਤੋਂ ਟੋਏ ਨੂੰ ਇਸ ਤਰ੍ਹਾਂ ਖੋਲੋ ਕਿ ਹਵਾ ਘੱਟ ਤੋਂ ਘੱਟ ਲੱਗੇ। ਅਚਾਰ ਉੱਪਰ ਤੋਂ ਨੀਚੇ ਨੂੰ ਕੱਢੋ।
. ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਬਾਕੀ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ। ਇਸ ਤਰ੍ਹਾਂ ਚਾਰਾ ਖਰਾਬ ਨਹੀਂ ਹੋਵੇਗਾ ਅਤੇ ਜ਼ਿਆਦਾ ਸਮੇਂ ਤੱਕ ਠੀਕ ਰਹੇਗਾ। ਪਸ਼ੂ ਖੁਰਾਕ ਵਿਚ ਅਚਾਰ/ਸਾਈਲੇਜ ਦੀ ਵਰਤੋਂ :
. ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਹੀਂ ਕਰਦੇ। ਇਸ ਲਈ ਪਹਿਲੇ 5-6 ਦਿਨ, 5.10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਪਸ਼ੂਆਂ ਨੂੰ ਪਾਓ। ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਪ੍ਰਤੀ ਦਿਨ ਅਚਾਰ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ।
. ਦੁੱਧ ਚੋਣ ਸਮੇਂ ਅਚਾਰ ਨਾ ਪਾਓ ਨਹੀਂ ਤਾਂ ਇਸ ਦੀ ਖੁਸ਼ਬੂ ਦੁੱਧ ਵਿਚ ਆ ਜਾਵੇਗੀ। ਅਚਾਰ ਹਮੇਸ਼ਾਂ ਦੁੱਧ ਚੋਣ ਤੋਂ ਬਾਅਦ ਜਾਂ 5-6 ਘੰਟੇ ਪਹਿਲਾਂ ਪਾਉਣਾ ਚਾਹੀਦਾ ਹੈ।

ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਨੂੰ ਅਚਾਰ ਦੀ ਵੱਖੋ-ਵੱਖਰੀ ਮਾਤਰਾ ਦੇਣੀ ਚਾਹੀਦੀ ਹੈ, ਜੋ ਇਸ ਤਰ੍ਹਾਂ ਹੈ:

ਪਸ਼ੂਆਂ ਲਈ ਅਚਾਰ ਦੀ ਮਾਤਰਾ

ਪਸ਼ੂ ਅਚਾਰ ਦੀ ਮਾਤਰਾ (ਕਿਲੋ ਪ੍ਰਤੀ ਦਿਨ)
ਵਹਿੜੀਆਂ/ਝੋਟੀਆਂ   10-12
ਦੁਧਾਰੂ ਗਾਵਾਂ   20-25
ਦੁਧਾਰੂ ਮੱਝਾਂ   25-30
ਗੱਭਣ ਪਸ਼ੂ   15-20
ਸ੍ਹਾਨ/ਝੋਟੇ      20-25  

ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਇਹ ਪਹਿਲੂ ਹਰੇ ਚਾਰੇ ਦੀ ਥੋੜ੍ਹ ਨੂੰ ਪੂਰਾ ਕਰਨ ਵਿਚ ਸਹਾਈ ਹੋਣਗੇ। ਇਸ ਤਰ੍ਹਾਂ ਦੇ ਨੁਕਤੇ ਡੇਅਰੀ ਖੁਰਾਕ ਦਾ ਖਰਚਾ ਘਟਾਉਣ, ਸਸਤਾ ਦੁੱਧ ਪੈਦਾ ਕਰਨ ਅਤੇ ਡੇਅਰੀ ਆਮਦਨ ਵਧਾਉਣ
ਵਿਚ ਕਾਰਗਰ ਸਿੱਧ ਹੁੰਦੇ ਹਨ।

ਡਾ. ਬਲਵਿੰਦਰ ਸਿੰਘ ਢਿੱਲੋਂ
9465240097
balwinderdhillon.pau@gmail.com


rajwinder kaur

Content Editor

Related News