ਮਾਨ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਨੇ ਸਿੱਖਿਆ ਖੇਤਰ ''ਚ ਹਾਸਲ ਕੀਤਾ ਮੋਹਰੀ ਰੁਤਬਾ
Tuesday, Nov 11, 2025 - 05:19 PM (IST)
ਚੰਡੀਗੜ੍ਹ: ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸਿੱਖਿਆ ਖੇਤਰ 'ਚ ਪੂਰੇ ਦੇਸ਼ 'ਚੋਂ ਪੰਜਾਬ ਨੇ ਮੋਹਰੀ ਹੋਣ ਦਾ ਰੁਤਬਾ ਹਾਸਲ ਕੀਤਾ ਹੈ। ਨੈਸ਼ਨਲ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਦੀ ਰਿਪੋਰਟ ਮੁਤਾਬਕ, ਨੈਸ਼ਨਲ ਅਚੀਵਮੈਂਟ ਸਰਵੇ (NAS) 2024 ਵਿਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਇਹ ਸੂਬਾ ਮੋਹਰੀ ਰਿਹਾ ਹੈ। ਮਾਨ ਸਰਕਾਰ ਦਾ ਮੰਨਣਾ ਹੈ ਕਿ ਸਾਡੇ ਬੱਚੇ ਸਾਡਾ ਮਾਣ ਹਨ ਅਤੇ ਇਸੇ ਤਹਿਤ ਚੁੱਕੇ ਗਏ ਕਦਮਾਂ ਸਦਕਾ ਸਿੱਖਿਆ ਖੇਤਰ 'ਚ ਪੰਜਾਬ ਨੰਬਰ ਵਨ ਬਣਿਆ ਹੈ।
ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ 'ਸਕੂਲ ਆਫ਼ ਐਮੀਨੈਂਸ' (School of Eminence - SoE) ਦੀ ਸ਼ੁਰੂਆਤ ਕੀਤੀ ਗਈ ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ। ਸੂਬੇ ਦੇ 118 ਸਕੂਲ ਆਫ ਐਮੀਨੈਂਸ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿੱਚ ਸ਼ਾਨਦਾਰ ਕਲਾਸਰੂਮ, ਆਧੁਨਿਕ ਤਕਨੀਕਾਂ ਨਾਲ ਲੈਬਸ (ਸਾਇੰਸ ਲੈਬ ਸਮੇਤ), ਲਾਇਬਰੇਰੀ ਅਤੇ ਮੁਫਤ ਵਾਈ-ਫਾਈ ਵਰਗੀਆਂ ਬਹੁਤ ਸਾਰੀਆਂ ਸੁਵਿਧਾਵਾਂ ਸਰਕਾਰੀ ਸਕੂਲਾਂ ਵਿਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਕੂਲਾਂ ਦਾ ਮੁੱਖ ਉਦੇਸ਼ ਇਹ ਹੈ ਕਿ ਜਿਹੜਾ ਬੱਚਾ ਖੇਡਾਂ, ਸਾਇੰਸ, ਜਾਂ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਹੈ, ਉਸ ਨੂੰ ਅੱਠਵੀਂ-ਨੌਵੀਂ ਤੋਂ ਹੀ ਉਸ ਖੇਤਰ ਵੱਲ ਲੈ ਕੇ ਜਾਇਆ ਜਾਵੇ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ, ਉਹ ਪੂਰੀ ਤਰ੍ਹਾਂ ਤਿਆਰ ਹੋਵੇ ਕਿ ਉਸ ਨੇ ਜ਼ਿੰਦਗੀ ਵਿਚ ਕੀ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਬੱਚੇ ਹੁਣ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਨਵੇਂ ਤਜਰਬੇ ਕਰਕੇ ਬੁਲੰਦੀਆਂ ਛੂਹ ਰਹੇ ਹਨ।
ਇਸ ਤੋਂ ਇਲਾਵਾ, ਪੰਜਾਬ ਦੇ ਵਿਦਿਆਰਥੀਆਂ ਦਾ ਸਿੱਖਿਆ ਦਾ ਪੱਧਰ ਅਤਿ-ਆਧੁਨਿਕ ਬਣਾਉਣ ਲਈ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਆਧੁਨਿਕ ਟ੍ਰੇਨਿੰਗ ਦੇਣ ਲਈ ਸਿੰਗਾਪੁਰ ਅਤੇ ਫਿਨਲੈਂਡ ਭੇਜਿਆ ਜਾ ਰਿਹਾ ਹੈ। ਮਾਨ ਸਰਕਾਰ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਮੁਫ਼ਤ ਸਕੂਲ ਬੱਸ ਸੇਵਾ ਵੀ ਸ਼ੁਰੂ ਕੀਤੀ ਹੈ। ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਆਪਣੀ ਵਚਨਬੱਧਤਾ ਮੁਤਾਬਕ ਨਿਰੰਤਰ ਕਾਰਜਸ਼ੀਲ ਹੈ।
